Headlines

ਯੰਗ ਰਾਇਲ ਕਬੱਡੀ ਕਲੱਬ ਦੇ ਟੂਰਨਾਮੈਂਟ ’ਚ ਹਰਜੀਤ ਬਾਜਾਖਾਨਾ ਕਲੱਬ ਦੀ ਟੀਮ ਜੇਤੂ ਰਹੀ

ਅੰਬਾ ਸੁਰਸਿੰਘ ਵਾਲੇ ਨੂੰ ਬੈਸਟ ਰੇਡਰ ਅਤੇ ਅੰਮ੍ਰਿਤ ਵਸਾਲਪੁਰ ਨੂੰ ਬੈਸਟ ਜਾਫ਼ੀ ਐਲਾਨਿਆ-

ਮੀਂਹ ਕਾਰਨ ਪੱਛੜ ਕੇ ਸ਼ੁਰੂ ਹੋਏ ਟੂਰਨਾਮੈਂਟ ’ਚ ਸ਼ਾਮ ਤੀਕ ਜੁੜੀ ਕਬੱਡੀ ਪ੍ਰੇਮੀਆਂ ਦੀ ਭੀੜ, ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ-

ਵੈਨਕੂਵਰ, 20 ਅਗਸਤ (ਮਲਕੀਤ ਸਿੰਘ)-‘ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੀ 10975-126 ਏ ਸਟਰੀਟ ’ਤੇ ਸਥਿਤ ਪਾਰਕ ’ਚ ‘ਯੰਗ ਰਾਇਲ ਕਿੰਗਜ਼ ਕਬੱਡੀ ਕੱਪ 2024’ ਤਹਿਤ ਇਕ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਪੁੱਜੇ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਜਿੱਥੇ ਕਬੱਡੀ ਖਿਡਾਰੀਆਂ ਦੇ ਸਰੀਰਿਕ ਜੌਹਰਾਂ ਨੂੰ ਨੇੜਿਓਂ ਤੱਕਿਆ, ਉਥੇ ਰੰਗਾਰੰਗ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ। ਸਵੇਰ ਵੇਲੇ ਅਚਾਨਕ ਪਏ ਮੀਂਹ ਕਾਰਨ ਜਿੱਥੇ ਸਮੇਂ ਤੋਂ ਕੁਝ ਘੰਟੇ ਪੱਛੜ ਕੇ ਆਰੰਭ ਹੋਏ ਇਸ ਕਬੱਡੀ ਟੂਰਨਾਮੈਂਟ ’ਚ ਸ਼ਾਮ ਵੇਲੇ ਤੀਕ ਕਬੱਡੀ ਪ੍ਰੇਮੀਆਂ ਦੀ ਬਹੁਤਾਤ ਕਾਰਨ ਕਬੱਡੀ ਵਾਲੇ ਪਾਰਕ ’ਚ ਪੂਰੀ ਰੌਣਕ ਵਾਲਾ ਮਾਹੌਲ ਸਿਰਜਿਆ ਨਜ਼ਰੀ ਆਇਆ।

ਇਕ ਰੋਜ਼ਾ ਟੂਰਨਾਮੈਂਟ ’ਚ ਵੱਖ-ਵੱਖ ਕਬੱਡੀ ਟੀਮਾਂ ਦੇ ਕੁਲ 6 ਮੈਚ ਕਰਵਾਏ ਗਏ। ਇਸ ਦੌਰਾਨ ਫ਼ਾਈਨਲ ਮੁਕਾਬਲੇ ’ਚ ਹਰਜੀਤ ਬਾਜਾਖਾਨਾ ਕਲੱਬ ਦੀ ਟੀਮ ਪਹਿਲੇ ਅਤੇ ਪੰਜਾਬ ਸਪੋਰਟਸ ਕਲੱਬ ਦੀ ਟੀਮ ਦੂਸਰੇ ਨੰਬਰ ’ਤੇ ਰਹੀ। ਇਸ ਟੂਰਨਾਮੈਂਟ ਦੌਰਾਨ ਅੰਬਾ ਸੁਰਸਿੰਘ ਵਾਲੇ ਨੂੰ ਬੈਸਟ ਰੇਡਰ ਅਤੇ ਅੰਮ੍ਰਿਤ ਵਸਾਲਪੁਰ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ। ਸਭ ਤੋਂ ਦਿਲਚਸਪ ਮੈਚ ਭਾਰਤ ਦੇ ਚੜ੍ਹਦੇ ਪੰਜਾਬ ਅਤੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਦਰਮਿਆਨ ਵੇਖਣਯੋਗ ਸੀ। ਪੰਜਾਬੀ ਮੂਲ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਇਸ ਟੂਰਨਾਮੈਂਟ ’ਚ ਉਚੇਚੇ ਤੌਰ ’ਤੇ ਹਾਜ਼ਰੀ ਭਰੀ ਗਈ। ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕ ਆਤਮਾ ਸਿੰਘ ਅਤੇ ਬਲਜਿੰਦਰ ਰਿੰਪੀ ਵੱਲੋਂ ਗਾਏ ਗਏ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਹੋਰ ਵੀ ਦਿਲਚਸਪ ਅਤੇ ਰੰਗੀਨ ਬਣ ਗਿਆ ਮਹਿਸੂਸ ਹੋਇਆ।
ਟੂਰਨਾਮੈਂਟ ਵਾਲੇ ਪਾਰਕ ਦੇ ਇਕ ਕੋਨੇ ’ਚ ਸਰੀ ਦੇ ਪ੍ਰਸਿੱਧ  ਮੁਗਲ ਗਾਰਡਨ ਰੈਸਟੋਰੈਂਟ ਦੀ ਟੀਮ ਵੱਲੋਂ ਬਹੁਤ ਹੀ ਵਾਜਿਬ ਰੇਟਾਂ ’ਤੇ ਮੁਹੱਈਆ ਕਰਵਾਏ ਗਏ ਤਾਜ਼ਾ ਪੰਜਾਬੀ ਖਾਣਿਆਂ ਦਾ ਚਾਹਵਾਨਾਂ ਵੱਲੋਂ ਪੂਰਾ ਆਨੰਦ ਮਾਣਿਆ ਗਿਆ। ਇਸ ਮੌਕੇ ’ਤੇ ਪੁੱਜੀ ਕੰਸਰਵੇਟਿਵ ਪਾਰਟੀ ਵਲੋਂ ਨੌਮੀਨੇਸ਼ਨ ਉਮੀਦਵਾਰ ਤ੍ਰਿਪਤ ਅਟਵਾਲ ਵੱਲੋਂ ਪੰਜਾਬੀ ਭਾਈਚਾਰੇ ਵੱਲੋਂ ਅਜਿਹੇ ਟੂਰਨਾਮੈਂਟ ਕਰਵਾਏ ਜਾਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਰੂਮੀ , ਨੀਟੂ ਕੰਗ, ਬਲਬੀਰ ਬੈਂਸ, ਨਿੱਕਾ ਨਕੋਦਰ, ਰਾਜ ਪੁਰੇਵਾਲ, ਮੇਜਰ ਨੱਤ, ਸੋਨੂੰ ਜੰਪ, ਪਾਲੀ ਬੁਰਜ, ਦੁੱਲਾ ਸੁਰਖਪੁਰ, ਦੇਵ ਮਾਨ, ਬਲਜੀਤ ਔਜਲਾ, ਜੱਸ ਖਹਿਰਾ, ਉਂਕਾਰ ਮਾਨ, ਸੁਖਬੀਰ ਅਟਵਾਲ, ਸ਼ਿੰਦਾ ਅਚਰਵਾਲ, ਸਰਬਜੀਤ ਭੱਟੀ, ਨਿਰਭੈ ਸਿੰਘ ਕੈਂਥ (ਨਿਉ ਵੇਅ ਰੇਲਿੰਗ), ਸੁੱਖੀ (ਐਕੋਰੇਟ ਰੇਲਿੰਗ), ਬਰਜਿੰਦਰ ਢਿੱਲੋਂ, ਗੁਰਮੀਤ ਸਿੰਘ (ਮੁਗਲ ਗਾਰਡਨ) ਆਦਿ ਹਾਜ਼ਰ ਸਨ। ਅੱਜ ਦੇ ਇਸ ਟੂਰਨਾਮੈਂਟ ਦੌਰਾਨ ਕੁਮੈਂਟਰੀ ਕਰਨ ਦੀ ਜ਼ਿੰਮੇਵਾਰੀ ਮੋਮੀ ਢਿੱਲੋਂ (ਸਮਾਧ ਭਾਈ), ਸੁੱਖ ਗੋਲੇਵਾਲੀਆ, ਦਿਲਸ਼ਾਦ  ਅਤੇ ਬਿੱਲਾ ਭੱਟੀ ਵੱਲੋਂ ਬੜੇ ਹੀ ਦਿਲਕਸ਼ ਅੰਦਾਜ਼ ਨਾਲ ਨਿਭਾਈ ਗਈ।