Headlines

ਸੰਪਾਦਕੀ- ਕੋਲਕਾਤਾ ਚ ਬਲਾਤਕਾਰ ਤੇ ਕਤਲ ਦੀ ਦੁਖਦਾਈ ਘਟਨਾ ….

ਸਖਤ ਸਜਾਵਾਂ ਦੇ ਨਾਲ ਔਰਤ ਪ੍ਰਤੀ ਨਜ਼ਰੀਆ ਬਦਲਣ ਲਈ ਸਮਾਜਿਕ ਕ੍ਰਾਂਤੀ ਦੀ ਲੋੜ-

-ਸੁਖਵਿੰਦਰ ਸਿੰਘ ਚੋਹਲਾ-

 ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ਵਿਚ ਇਕ ਟਰੇਨੀ ਡਾਕਟਰ ਨਾਲ ਵਾਪਰੀ ਬਲਾਤਕਾਰ ਤੇ ਕਤਲ ਦੀ ਘਟਨਾ ਨੇ ਹਰ ਸੋਚਵਾਨ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਖਿਲਾਫ ਮੁਲਕ ਭਰ ਵਿਚ ਪ੍ਰਦਰਸ਼ਨ ਤੇ ਰੋਸ ਮੁਜਾਹਰਿਆਂ ਨੇ ਦਸੰਬਰ 2012 ਵਿਚ  ਰਾਜਧਾਨੀ ਦਿੱਲੀ ਦੀ ਇਕ ਸੜਕ  ਤੇ ਵਾਪਰੀ ਘਟਨਾ ਨੂੰ ਯਾਦ ਕਰਵਾਉਂਦਿਆਂ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਸਮਾਜ ਵਿਚ ਔਰਤ ਪ੍ਰਤੀ ਘਟੀਆ ਸੋਚ ਰੱਖਣ ਵਾਲੇ ਦਰਿੰਦਿਆਂ ਦੇ ਨਾਲ ਭਾਰਤੀ ਪੁਲਿਸ ਤੰਤਰ ਅਤੇ ਨਿਆਂ ਪ੍ਰਣਾਲੀ ਕਿੱਥੇ ਖੜੀ ਹੈ।

ਕੋਲਕਾਤਾ ਬਲਾਤਕਾਰ ਤੇ ਹੱਤਿਆ ਮਾਮਲੇ ਉਪਰੰਤ ਦੇਸ਼ ਭਰ ਵਿਚ ਡਾਕਟਰਾਂ ਦੇ ਹੜਤਾਲ ਤੇ ਜਾਣ ਅਤੇ ਲੋਕਾਂ ਦੇ ਰੋਸ ਪ੍ਰਦਰਸ਼ਨਾਂ ਉਪਰੰਤ ਕਲਕੱਤਾ ਹਾਈਕੋਰਟ ਵਲੋਂ ਰਾਜ ਸਰਕਾਰ ਦੁਆਰਾ ਬਣਾਈ ਗਈ ਸਿਟ ਤੋਂ ਇਸ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਕੀਤੀ ਗਈ ਹੈ। ਕਤਲ ਤੇ ਬਲਾਤਕਾਰ ਦੇ ਮਾਮਲੇ ਦੇ ਨਾਲ ਸੀਬੀਆਈ ਵਲੋਂ ਮੈਡੀਕਲ ਕਾਲਜ ਦਾ ਅਹੁਦਾ ਛੱਡ ਚੁੱਕੇ ਪ੍ਰਿੰਸੀਪਲ ਸੰਦੀਪ ਘੋਸ਼ ਖਿਲਾਫ ਐਫ ਆਈ ਆਰ ਦਰਜ ਕਰਦਿਆਂ ਮੈਡੀਕਲ ਕਾਲਜ ਵਿਚ ਵਿੱਤੀ ਬੇਨਿਯਮੀਆਂ ਦੀ ਜਾਂਚ ਵੀ ਆਪਣੇ ਹੱਥ ਲਈ ਗਈ ਹੈ। ਅਦਾਲਤ ਵਲੋਂ ਸੀਬੀਆਈ ਨੂੰ ਜਾਂਚ ਰਿਪੋਰਟ ਤਿੰਨ ਹਫਤਿਆਂ ਵਿਚ 17 ਸਤੰਬਰ ਤੱਕ ਪੇਸ਼ ਕਰਨ ਦੇ ਵੀ ਹੁਕਮ ਸੁਣਾਏ ਗਏ ਹਨ।

ਸੁਪਰੀਮ ਕੋਰਟ ਦੇ ਦਖਲ ਉਪਰੰਤ ਭਾਵੇਂਕਿ ਹੜਤਾਲ ਤੇ ਗਏ ਦੇਸ਼ ਭਰ ਦੇ ਡਾਕਟਰ ਆਪਣੀ ਡਿਊਟੀਆਂ ਤੇ ਪਰਤ ਰਹੇ ਹਨ ਪਰ ਇਕ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਕ ਟਰੇਨੀ ਡਾਕਟਰ ਨਾਲ ਵਾਪਰੀ ਇਸ ਅਤਿ ਘਿਣਾਉਣੀ ਤੇ ਹਿਰਦੇਵੇਧਕ ਘਟਨਾ ਨੂੰ ਲੈਕੇ ਮੈਡੀਕਲ ਪੇਸ਼ੇਵਰਾਂ ਤੇ ਲੋਕਾਂ ਦਾ ਗੁੱਸਾ ਥੰਮਣ ਦਾ ਨਾਮ ਨਹੀ ਲੈ ਰਿਹਾ। ਇਸਦਾ ਵੱਡਾ ਕਾਰਣ ਹੈ ਕਿ 9 ਅਗਸਤ ਨੂੰ ਜਦੋਂ ਟਰੇਨੀ ਡਾਕਟਰ ਦੀ ਲਾਸ਼ ਬਰਾਮਦ ਹੋਈ ਸੀ ਤਾਂ ਉਸਤੋਂ ਬਾਦ ਹਸਪਤਾਲ ਪ੍ਰਸਾਸ਼ਨ ਤੇ ਪੁਲਿਸ ਵਲੋਂ ਜੋ ਵਿਹਾਰ ਕੀਤਾ ਗਿਆ, ਉਸਨੇ ਲੋਕ ਮਨਾਂ ਨੂੰ ਹੋਰ ਠੇਸ ਪਹੁੰਚਾਈ ਹੈ। ਦੱਸਿਆ ਗਿਆ ਹੈ ਕਿ ਜਦੋਂ ਟਰੇਨੀ ਡਾਕਟਰ ਦੀ ਲਾਸ਼ ਮਿਲਣ ਉਪਰੰਤ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੂੰ ਇਹ ਕਹਿਕੇ ਬੁਲਾਇਆ ਗਿਆ ਕਿ ਤੁਹਾਡੀ ਬੇਟੀ ਦੀ ਸਿਹਤ ਠੀਕ ਨਹੀ ਹੈ। ਜਦੋਂ ਪਰਿਵਾਰ ਵਾਲੇ ਹਸਪਤਾਲ ਪੁੱਜੇ ਤਾਂ ਉਹ ਇਹ ਸੁਣਕੇ ਆਵਾਕ ਰਹਿ ਗਏ ਇਕ ਉਹਨਾਂ ਦੀ ਬੇਟੀ ਨੇ ਆਤਮਹੱਤਿਆ ਕਰ ਲਈ ਹੈ। ਉਪਰੰਤ ਕਾਹਲੀ ਵਿਚ ਪੋਸਟ ਮਾਰਟਮ ਕਰਦਿਆਂ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਸੀਬੀਆਈ ਦੇ ਸਾਹਮਣੇ ਇਹ ਵੱਡਾ ਸਵਾਲ ਹੈ ਕਿ 7 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਰੂਮ ਵਿਚੋਂ ਲਾਸ਼ ਬਰਾਮਦ ਹੋਣ ਤੋਂ 14 ਘੰਟੇ ਬਾਦ ਦਰਜ ਹੋਈ ਐਫ ਆਈ ਆਰ ਦਰਮਿਆਨ ਕੀ ਕੁਝ ਵਾਪਰਿਆ। ਉਹ ਕਿਹੜੇ ਹਾਲਾਤ ਸਨ ਜਦੋਂ ਇਕ ਟਰੇਨੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨੂੰ ਆਤਮ ਹੱਤਿਆ ਦਾ ਨਾਮ ਦੇਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵਲੋਂ ਭਾਵੇਂਕਿ ਬਲਾਤਕਾਰ ਤੇ ਕਤਲ ਦੇ ਮੁੱਖ ਦੋਸ਼ੀ ਪੁਲਿਸ ਵਲੰਟੀਅਰ ਸੰਜੇ ਰੋਏ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਇਹ ਸ਼ੰਕੇ ਖੜੇ ਕਰਦੀ ਹੈ ਕਿ ਇਸ ਅਪਰਾਧ ਵਿਚ ਹੋਰ ਲੋਕ ਵੀ ਸ਼ਾਮਿਲ ਹਨ। ਸੀਬੀਆਈ ਦੀ ਜਾਂਚ ਟੀਮ ਵਲੋਂ ਹੁਣ ਸੰਜੇ ਰੋਏ ਦੇ ਨਾਲ 6 ਹੋਰ ਸ਼ੱਕੀਆਂ ਜਿਹਨਾਂ ਵਿਚ ਚਾਰ ਡਾਕਟਰ, ਇਕ ਵਲੰਟੀਅਰ ਤੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਦਾ ਪੋਲੀਗਰਾਫ ਟੈਸਟ ਲੈਣ ਦੀ  ਪ੍ਰਕਿਰਿਆ ਆਰੰਭੀ ਗਈ ਹੈ। ਸਵਾਲ ਇਹ ਹੈ ਕਿ ਇਸ ਦਿਲਕੰਬਾਊ ਘਟਨਾ ਉਪਰੰਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਨਾਲ ਲੱਗਦੇ ਹੀ ਉਸਦੀ ਇਕ ਹੋਰ ਕਾਲਜ ਦੇ ਪ੍ਰਿੰਸੀਪਲ ਵਜੋਂ ਨਿਯੁਕਤੀ ਵੀ ਕਰ ਦਿੱਤੀ ਗਈ। ਇਸ ਮਾਮਲੇ ਵਿਚ ਰਾਜਸੀ ਤੇ ਪ੍ਰਸਾਸ਼ਕੀ ਦਬਾਅ ਅਤੇ ਪ੍ਰਭਾਵ ਦੀਆਂ ਵੀ ਖਬਰਾਂ ਹਨ। ਇਸੇ ਲਈ ਸਿਆਸੀ ਵਿਰੋਧੀਆਂ ਵਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵਲੋਂ ਮਾਮਲੇ ਦੀ ਜਾਂਚ ਲਈ ਤੁਰੰਤ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਪਰ ਆਵਾਮ ਦੇ ਵਧਦੇ ਰੋਸ ਤੇ ਰੋਹ ਨੂੰ ਵੇਖਦਿਆਂ ਹਾਈਕੋਰਟ ਵਲੋਂ ਜਾਂਚ ਸੀਬੀ ਆਈ ਨੂੰ ਸੌਂਪਣ ਦੇ ਹੁਕਮਾਂ ਉਪਰੰਤ ਹੁਣ ਪੂਰੇ ਮਾਮਲੇ ਦੀ ਨਿਗਰਾਨੀ ਸੁਪਰੀਮ ਕੋਰਟ ਵਲੋਂ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਸੁਰੱਖਿਆ ਇੰਤਜਾਮਾਂ ਵਿਸ਼ੇਸ਼ ਕਰਕੇ ਮਹਿਲਾ ਸਟੂਡੈਂਟ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈਕੇ ਅਵੇਸਲੇਪਣ ਅਤੇ ਬੇਨਿਯਮੀਆਂ ਉਪਰ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੀ ਖਿਚਾਈ ਕੀਤੀ ਹੈ। ਇਹ ਸਚਮੁੱਚ ਵੱਡਾ ਸਵਾਲ ਹੈ ਕਿ ਅਗਰ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ ਮਹਿਲਾ ਡਾਕਟਰੀ ਸਟਾਫ ਹੀ ਮਹਿਫੂਜ਼ ਨਹੀ ਤਾਂ ਸਮਾਜ ਵਿਚ ਵਿਚਰਨ ਵਾਲੀਆਂ ਆਮ ਮਹਿਲਾਵਾਂ ਦੀ ਕੀ ਹਾਲਤ ਹੋ ਸਕਦੀ ਹੈ। ਦਸਬੰਰ 2012 ਵਿਚ ਰਾਜਧਾਨੀ ਦਿੱਲੀ ਵਿਚ ਆਪਣੇ ਦੋਸਤ ਲੜਕੇ ਨਾਲ ਰਾਤ ਨੂੰ ਬੱਸ ਵਿਚ ਸਫਰ ਕਰ ਰਹੀ ਫਿਜਓਥੈਰਪੀ ਦੀ ਵਿਦਿਆਰਥਣ ਨਾਲ ਜੋ ਕੁਝ ਵਾਪਰਿਆ ਸੀ, ਉਸ ਘਟਨਾ ਦੀ ਦਰਦਨਾਕ ਯਾਦ ਅੱਜ ਵੀ ਲੋਕ ਮਨਾਂ ਵਿਚ ਤਾਜਾ ਹੈ। ਉਸ ਘਟਨਾ ਉਪਰੰਤ ਦੇਸ਼ ਭਰ ਵਿਚ ਰੋਸ ਵਿਖਾਵੇ ਤੇ ਪ੍ਰਦਰਸ਼ਨਾਂ ਉਪਰੰਤ ਸਰਕਾਰ ਵਲੋਂ ਬਲਾਤਕਾਰੀ ਕਾਤਲਾਂ ਖਿਲਾਫ ਸਖਤ ਕਨੂੰਨ ਲਿਆਉਂਦਿਆਂ ਅਜਿਹੇ ਦੋਸ਼ੀਆਂ ਲਈ ਮੌਤ ਦੀ ਸਜਾ ਨਿਸ਼ਚਿਤ ਕੀਤੀ ਗਈ ਸੀ। ਇਸੇ ਸਖਤ ਕਨੂੰਨ ਤਹਿਤ ਹੀ ਨਿਰਭੈਯਾ ਬਲਾਤਕਾਰ  ਕਤਲ ਮਾਮਲੇ ਦੇ ਚਾਰ ਦੋਸ਼ੀਆਂ ਨੂੰ 20 ਮਾਰਚ 2020 ਵਿਚ ਫਾਹੇ ਲਗਾ ਦਿੱਤਾ ਗਿਆ ਸੀ। ਬਲਾਤਕਾਰ ਅਤੇ ਕਤਲ ਦੇ ਅਜਿਹੇ ਜੁਰਮ ਖਿਲਾਫ ਦੋਸ਼ੀਆਂ ਨੂੰ ਮੌਤ ਦੀ ਸਜਾ ਦਾ ਕਨੂੰਨ ਬਣ ਜਾਣ ਉਪਰੰਤ ਦੇਸ਼ ਦੇ ਲੋਕਾਂ ਨੂੰ ਇਹ ਤਸੱਲੀ ਸੀ ਕਿ ਅਜਿਹੀਆਂ ਘਟਨਾਵਾਂ ਮੁੜ ਨਹੀ ਵਾਪਰਨਗੀਆਂ। ਪਰ ਵੇਖਣ ਵਿਚ ਆਇਆ ਹੈ ਕਿ ਦੋਸ਼ੀਆਂ ਲਈ ਮੌਤ ਦੀ ਸਜਾ ਦੇ ਇਸ ਸਖਤ ਕਨੂੰਨ ਦੇ ਹੋਂਦ ਵਿਚ ਆਉਣ ਦੇ ਬਾਵਜੂਦ ਅਜਿਹੇ ਘਿਣਾਉਣੇ ਜੁਰਮ ਜਾਰੀ ਹੀ ਨਹੀ ਬਲਿਕ ਇਹਨਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਅਪਰਾਧੀ ਬਲਾਤਕਾਰ ਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਅਪਰਾਧ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਤਹਿਤ ਕਤਲ ਵਰਗਾ ਇਕ ਹੋਰ ਘਿਣਾਉਣਾ ਜੁਰਮ ਕਰਨ ਲੱਗੇ ਹਨ। ਬਲਾਤਕਾਰ ਤੇ ਕਤਲ ਦੇ ਅਪਰਾਧੀ ਨੂੰ ਮੌਤ ਦੀ ਸਜਾ ਦੇ ਖੌਫ ਨੇ ਹੋਰ ਵੀ ਖੌਫਨਾਕ ਬਣਾਉਣ ਵਿਚ ਨਾਕਾਰਤਮ ਪ੍ਰਭਾਵ ਪਾਇਆ ਹੈ। ਪੱਛੜੇ ਤੇ ਗਰੀਬ ਮੁਲਕਾਂ ਵਿਚ ਜਿਥੇ ਔਰਤ ਨੂੰ ਪਹਿਲਾਂ ਹੀ ਇਕ ਭੋਗ ਵਿਲਾਸ ਵਾਲੀ ਵਸਤੂ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ, ਉਸ ਸਮਾਜ ਵਿਚ ਇੰਟਰਨੈਟ ਦੇ ਇਸ ਯੁਗ ਵਿਚ ਅਸ਼ਲੀਲ ਵੀਡੀਓ ਤੇ ਹੋਰ ਕਾਮ ਉਤੇਜਕ ਮੈਟਰ ਦਾ ਸਹਿਜੇ ਹੀ ਉਪਲਬਧ ਹੋਣਾ ਮਾਨਸਿਕ ਵਿਗਾੜਾਂ ਨੂੰ ਬੜਾਵਾ ਦੇਣ ਦੇ ਨਾਲ ਸੈਕਸ ਅਪਰਾਧਾਂ ਦਾ ਵੀ ਕਾਰਣ ਬਣ ਰਿਹਾ ਹੈ। ਸਮਾਜ ਵਿਚ ਅਜਿਹੇ ਘਿਣਾਉਣੇ ਅਪਰਾਧਾਂ ਖਿਲਾਫ ਸਖਤ ਸਜਾਵਾਂ ਦੇ ਨਾਲ ਔਰਤ ਪ੍ਰਤੀ ਨਜ਼ਰੀਏ ਨੂੰ ਬਦਲਣ ਲਈ ਸਮਾਜਿਕ ਕ੍ਰਾਂਤੀ ਦੀ ਲੋੜ ਹੈ।