Headlines

ਦੇਖਣਯੋਗ ਹੈ ਅਮਰੀਕਾ-ਕੈਨੇਡਾ ਸਰਹੱਦ ਤੇ ਬਣਿਆ ਇੰਟਰਨੈਸ਼ਨਲ ਪੀਸ ਗਾਰਡਨ, ਬਰੈਂਡਨ (ਮੈਨੀਟੋਬਾ)

ਗੁਰਪ੍ਰੀਤ ਸਿੰਘ ਤਲਵੰਡੀ-
7789809196
-ਵਿਸ਼ਵ ਦੇ ਦੋ ਵਿਕਸਤ ਦੇਸ਼ਾਂ ਕੈਨੇਡਾ ਤੇ ਅਮਰੀਕਾ ਵਲੋਂ ਆਪਣੀਆਂ ਵੱਖ-ਵੱਖ ਰਾਜਾਂ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ਤੇ ਸ਼ਾਤੀ ਦਾ ਸੁਨੇਹਾ ਦਿੰਦੀਆਂ ਗਈ ਵੱਡੀਆਂ ਪਾਰਕਾਂ ਜਾਂ ਬਾਗ-ਬਗੀਚੇ ਸਥਾਪਿਤ ਕੀਤੇ ਹੋਏ ਹਨ, ਜੋ ਅੱਧਾ-ਅੱਧਾ ਦੋਵੇਂ ਮੁਲਕਾਂ ਨੂੰ ਵੰਡਦੇ ਹਨ। ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਅਮਰੀਕਾ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਪੀਸ ਆਰਚ ਪਾਰਕ ਬਣਾਈ ਗਈ ਹੈ, ਜਿੱਥੇ ਦੋਵਾਂ ਹੀ ਮੁਲਕਾਂ ਦੇ ਵਸਿੰਦੇ ਬਿਨ੍ਹਾਂ ਕਿਸੇ ਰੋਕ ਟੋਕ ਦੇ ਆ-ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਕੈਨੇਡੀਅਨ ਰਾਜ ਮੈਨੀਟੋਬਾ ਦੀ ਰਾਜਧਾਨੀ ਵਿੰਨੀਪੈੱਗ ਦੇ ਸ਼ਹਿਰ ਬਰੈਂਡਨ ਦੇ ਨਾਲ ਲੱਗਦੀ ਅਮਰੀਕਾ ਦੀ ਕੌਮਾਂਤਰੀ ਸਰਹੱਦ ਤੇ ਬਣਿਆਂ ਇੰਟਰਨੈਸ਼ਨਲ ਪੀਸ ਗਾਰਡਨ ਵੀ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ।
ਇੰਟਰਨੈਸ਼ਨਲ ਪੀਸ ਗਾਰਡਨ ਕਰੀਬ 3.65 ਵਰਗ ਮੀਲ (9.5 ਵਰਗ ਕਿਲੋਮੀਟਰ) ਵਿੱਚ ਫੇਲਿਆ ਹੋਇਆ ਹੈ। ਇਹ ਮੈਨੀਟੋਬਾ ਰਾਜ ਦੇ ਹਾਈਵੇ 10 ਤੇ ਸਥਿੱਤ ਹੈ। ਕੈਨੇਡਾ ਦੇ ਕੇਂਦਰ ਵਿੰਨੀਪੈੱਗ ਦੇ ਨੇੜਲੇ ਸ਼ਹਿਰ ਬਰੈਂਡਨ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਇਸਦੇ ਦੂਸਰੇ ਪਾਸੇ ਅਮਰੀਕਾ ਦਾ ਰਾਜ ਉੱਤਰੀ ਡਕੋਟਾ ਹੈ। ਇਸ ਦੀ ਸਥਾਪਨਾਂ 14 ਜੁਲਾਈ 1932 ਨੂੰ ਦੋਵਾਂ ਹੀ ਦੇਸ਼ਾਂ ਵਿਚਕਾਰ ਸ਼ਾਤੀਪੂਰਨ ਸੰਬੰਧਾਂ ਦੇ ਪ੍ਰਤੀਕ ਵਜੋਂ ਕੀਤੀ ਗਈ ਸੀ, ਤਾਂ ਕਿ ਵਿਸ਼ਵ ਦੇ ਮੁਲਕਾਂ ਨੂੰ ਸ਼ਾਤੀ ਦੀ ਅਸਲ ਪਰਿਭਾਸ਼ਾ ਸਮਝਾਈ ਜਾ ਸਕੇ। ਇਸੇ ਪੀਸ ਗਾਰਡਨ ਕਰਕੇ ਹੀ ਅਮਰੀਕਾ ਦੇ ਰਾਜ ਉੱਤਰੀ ਡਕੋਟਾ ਦੇ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਉੱਪਰ ਵੀ ਸੰਨ੍ਹ 1956 ਤੋਂ ਪੀਸ ਗਾਰਡਨ ਸਟੇਟ ਲਿਖਣਾਂ ਸ਼ੁਰੂ ਕੀਤਾ ਗਿਆ।
ਇਸ ਪਾਰਕ ਵਿੱਚ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ 150000 ਤੋਂ ਜਿਆਦਾ ਫੁੱਲ ਖਿੜਦੇ ਹਨ। ਬਾਗ ਵਿੱਚ ਸੁੰਦਰ ਫੁੱਲਾਂ ਦੇ ਬਗੀਚੇ, ਹਰੇ ਘਾਹ ਦੇ ਵਿਸ਼ਾਲ ਮੈਦਾਨ ਅਤੇ ਪਾਣੀ ਦੇ ਫੁਆਰੇ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੇ ਹਨ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ 18 ਫੁੱਟ ਫੁੱਲਾਂ ਦੀ ਘੜੀ ਡਿਸਪਲੇ ਅਤੇ 120 ਫੁੱਟ ਲੰਬੇ ਕੰਕਰੀਟ ਦੇ ਟਾਵਰਾਂ ਨਾਲ ਇੱਕ ਸ਼ਾਂਤੀ ਭਵਨ ਬਣਾਇਆ ਗਿਆ ਹੈ। ਇਸ ਭਵਨ ਦੀਆਂ ਅੰਦਰੂਨੀ ਦੀਵਾਰਾਂ ਤੇ ਵਿਸ਼ਵ ਭਰ ਦੀਆਂ ਮਹਾਨ ਸਖਸ਼ੀਅਤਾਂ ਦੇ ਸ਼ਾਤੀ ਕਾਇਮ ਰੱਖਣ ਦਾ ਸੰਦੇਸ਼ ਦਿੰਦੇ ਹਵਾਲੇ ਲਿਖੇ ਗਏ ਹਨ, ਜਿਨ੍ਹਾਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਵਸ਼ਿੰਗਟਨ, ਰੋਮ ਕੈਥੋਲਿਕ ਚਰਚ ਵੈਟੀਕਨ ਸਿਟੀ ਦੇ ਪੋਪ-2, ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਐੱਸ ਚਰਚਿਲ, ਦਾਰਸ਼ਨਿਕ ਕਨਫੂਸੀਅਸ, ਵਿਗਿਆਨੀ ਅਲਬਰਟ ਆਈਂਸਟਾਈਨ, ਬਰਤਾਨੀਆਂ ਦੇ ਕਿੰਗ ਜਾਰਜ-6, ਵਿਗਿਆਨੀ ਬੈਂਜਾਮਿਨ ਫਰੈਂਕਲਿਨ, ਲੁਈਸ ਪਾਸਚਰ, ਸਾਬਕਾ ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲੰਿਕਨ, ਮਹਾਤਮਾਂ ਬੁੱਧ, ਮਹਾਤਮਾਂ ਗਾਂਧੀ ਆਦਿ ਨੇ ਹਵਾਲੇ ਵੀ ਸ਼ਾਮਿਲ ਕੀਤੇ ਗਏ ਹਨ।
ਇਸ ਪਾਰਕ ਵਿੱਚ ਇੱਕ ਵਿਸ਼ਾਲ ਬੈੱਲ ਟਾਵਰ ਵੀ ਬਣਾਇਆ ਗਿਆ ਹੈ। ਜਿਸ ਵਿੱਚ ਵੱਡ ਅਕਾਰੀ ਸੀਮਿੰਟ ਦੇ ਥਮਲਿਆਂ ਤੇ ਵੱਡੀਆਂ ਘੜੀਆਂ ਲਗਾਈਆਂ ਗਈਆਂ ਹਨ। ਇਸ ਟਾਵਰ ਦਾ ਨਾਮ ਦਾ ਵੈਸਟਮਿਨਸਟਰ ਕੈਰੀਲੀਓਨ ਬੈੱਲ ਟਾਵਰ ਹੈ। ਗਰਮੀ ਦੇ ਦਿਨਾਂ ਵਿੱਚ ਹਰ 15 ਮਿੰਟਾਂ ਬਾਅਦ ਇਹਨਾਂ ਘੜੀਆਂ ਦੀ ਮਧੁਰ ਅਵਾਜ ਸੁਣਨ ਨੂੰ ਮਿਲਦੀ ਹੈ। ਇੱਥੇ ਸਥਾਪਿਤ ਕੀਤੀਆਂ ਗਈਆਂ ਘੜੀਆਂ ਦੇ ਪੂਰੇ ਵਿਸ਼ਵ ਵਿੱਚ ਸਿਰਫ ਚਾਰ ਸੈੱਟ ਹੀ ਹਨ। ਇਹ ਟਾਵਰ ਸੰਨ 1976 ਵਿੱਚ ਸਿਫਟਨ ਪਰਿਵਾਰ ਦੇ ਚਾਰ ਸਪੁੱਤਰਾਂ ਨੇ ਆਪਣੀ ਮਾਂ ਲੇਡੀ ਸਿਫਟਨ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ, ਪਹਿਲਾਂ ਇਹ ਘੜੀਆਂ ਸੰਨ 1932 ਵਿੱਚ ਬਰੈਂਡਨ ਦੇ ਚਰਚ ਨੂੰ ਦਾਨ ਦਿੱਤੀਆਂ ਗਈਆਂ ਸਨ। ਜਦ ਚਰਚ ਦੀ ਮੁੜ ਉਸਾਰੀ ਕੀਤੀ ਗਈ ਤਾਂ ਇਹਨਾਂ ਘੜੀਆਂ ਨੂੰ ਪੀਸ ਗਾਰਡਨ ਵਿੱਚ ਸਥਾਪਿਤ ਕਰ ਦਿੱਤਾ ਗਿਆ। ਘੜੀਆਂ ਨੂੰ ਦਾਨ ਕਰਨ ਵਾਲੇ ਸਿਫਨ ਵਾਰ ਦਾ ਨਾਂ ਕਿਸੇ ਵੇਲੇ ਮੈਨੀਟੋਬਾ ਦੇ ਵੱਡੇ ਵਪਾਰੀਆਂ ਵਿੱਚ ਸ਼ਾਮਿਲ ਸੀ।
11 ਸਤੰਬਰ, 2001 ਵਿੱਚ ਅਮਰੀਕਾ ਦੇ ਨਿਊਯਾਰਕ ਵਿੱਚ ਸਥਿੱਤ ਵਰਲਡ ਟਰੇਡ ਸੈਂਟਰ ਤੇ ਹੋਏ ਹਵਾਈ ਹਮਲੇ ਦੌਰਾਨ ਨਸ਼ਟ ਹੋਈ ਕਈ ਬਿਲਡਿੰਗਾਂ ਦੇ ਅੰਸ਼ ਵੀ ਇਸ ਪਾਰਕ ਵਿੱਚ ਯਾਦਗਾਰ ਵਜੋਂ ਸੰਭਾਲੇ ਗਏ ਹਨ। ਇਹਨਾਂ ਵਿੱਚ ਲੋਹੇ ਦੇ ਬਹੁਤ ਹੀ ਭਾਰੀ ਗਾਰਡਰ ਅਤੇ ਕੰਕਰੀਟ ਦੀਆਂ ਕੰਧਾਂ ਦੇ ਕੁੱਝ ਭਾਗ ਹਨ। ਇਸ ਯਾਦਗਾਰ ਕੋਲ ਇਸ ਹਵਾਈ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਨੇ ਨਾਮ ਲਿਖ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕੈਕਟਸ (ਛਿੱਤਰ ਥੋਹਰ) ਬਗੀਚਾ ਵੀ ਦੇਖਣਯੋਗ ਹੈ। ਏੱਥੇ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਕੈਕਟਸ ਲਿਆ ਕੇ ਲਗਾਏ ਗਏ ਹਨ।
ਇਸ ਗਾਰਡਨ ਨੂੰ ਕੈਨੇਡਾ ਵਲੋਂ ਜਾਣ ਵੇਲੇ ਸੈਲਾਨੀਆ ਕੋਲ ਇੰਮੀਗਰੇਸ਼ਨ ਕਾਗਜ ਪੱਤਰਾਂ ਦਾ ਹੋਣਾਂ ਬਹੁਤ ਜਰੂਰੀ ਹੈ, ਕਿਉਂਕਿ ਗਾਰਡਨ ਤੋਂ ਬਾਹਰ ਨਿਕਲਣ ਵੇਲੇ ਕੈਨੇਡੀਅਨ ਬਾਰਡਰ ਏਜੰਸੀ ਦੇ ਬੂਥ ਕੋਲੋਂ ਹੋ ਕੇ ਗੁਜਰਨਾਂ ਪੈਂਦਾ ਹੈ। ਗਾਰਡਨ ਸੱਚਮੁੱਚ ਹੀ ਸਾਂਤੀ ਦਾ ਪ੍ਰਤੀਕ ਹੈ। ਏੱਥੇ ਜਾਣ ਵਾਲੇ ਸੈਲਾਨੀ ਏੱਥੋਂ ਦੇ ਕੁਦਰਤੀ ਸੁਹੱਪਣ ਨੂੰ ਚੰਗੀ ਤਰ੍ਹਾਂ ਮਾਣਦੇ ਤੇ ਮਹਿਸੂਸ ਕਰਦੇ ਹਨ। ਲੈਖਕ ਨੂੰ ਗਾਰਡਨ ਦੀ ਸੈਰ ਮੇਰੇ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਤੇ ਮੈਨੀਟੋਬਾ ਸਰਕਾਰ ਵਿਚਲੇ ਸਿਹਤ ਅਪਸਰ ਗੁਰਮਿੰਦਰ ਸਿੰਘ ਚਹਿਲ ਵਲੋਂ ਕਰਵਾਈ ਗਈ। ਜੋ ਖੁਦ ਕੁਦਰਤ ਨੂੰ ਪਿਆਰ ਕਰਦੇ ਹਨ। ਸੋ, ਕੈਨੇਡਾ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਇਹ ਗਾਰਡਨ ਕਿਸੇ ਅਜੂਬੇ ਤੋਂ ਘੱਟ ਨਹੀਂ।

Leave a Reply

Your email address will not be published. Required fields are marked *