Headlines

ਫਾਲਕਨ ਵਲੋਂ ਬੀਸੀ ਯੁਨਾਈਟਡ ਦੀ ਚੋਣ ਮੁਹਿੰਮ ਮੁਲਤਵੀ- ਬੀ ਸੀ ਕੰਸਰਵੇਟਿਵ ਦੀ ਹਮਾਇਤ ਦਾ ਐਲਾਨ

ਦੋਵਾਂ ਆਗੂਆਂ ਵਲੋਂ ਸਾਂਝੀ ਪ੍ਰੈਸ ਵਾਰਤਾ ਦੌਰਾਨ ਮਿਲਕੇ ਚੋਣਾਂ ਲੜਨ ਦਾ ਅਹਿਦ-

ਵੈਨਕੂਵਰ ( ਦੇ ਪ੍ਰ ਬਿ) ਬੀ.ਸੀ. ਸਿਆਸਤ ਵਿਚ ਵੱਡੇ ਧਮਾਕੇ ਦੀ ਖਬਰ ਹੈ ਕਿ ਬੀ ਸੀ ਯੁਨਾਈਟਡ ਪਾਰਟੀ ਨੇ ਬੀ ਸੀ ਕੰਸਰਵੇਟਿਵ ਨਾਲ ਇਕ ਸਮਝੌਤਾ ਕਰਦਿਆਂ ਅਕਤੂਬਰ ਵਿਧਾਨ ਸਭਾ ਚੋਣਾਂ ਮਿਲਕੇ ਲੜਨ ਦਾ  ਫੈਸਲਾ ਕਰ ਲਿਆ ਹੈ। ਪਹਿਲਾਂ ਇਹ ਖਬਰ ਆਈ ਸੀ  ਕਿ ਬੀਸੀ ਯੂਨਾਈਟਿਡ ਨੇ ਕੰਸਰਵੇਟਿਵ ਨਾਲ ਦੌੜ ਤੋਂ ਬਾਹਰ ਹੋਣ ਲਈ ਇੱਕ ਸੌਦਾ ਕੀਤਾ ਹੈ ਅਤੇ ਉਨ੍ਹਾਂ ਦੇ ਕੁਝ ਉਮੀਦਵਾਰ ਅਕਤੂਬਰ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਵਲੋਂ ਚੋਣ ਲੜਨਗੇ।
ਇਹ ਵੀ ਚਰਚਾ ਹੈ ਕਿ  ਬੀ ਸੀ  ਯੂਨਾਈਟਿਡ ਲੀਡਰ ਕੇਵਿਨ ਫਾਲਕਨ ਪਾਰਟੀ ਆਗੂ ਵਜੋਂ ਅਸਤੀਫਾ ਦੇ ਦੇਣਗੇ ਕਿਉਂਕਿ ਪਾਰਟੀ ਵਿਧਾਇਕ ਇਆਨ ਪੈਟਨ, ਪੀਟਰ ਮਿਲੋਬਾਰ ਅਤੇ ਟੌਮ ਸ਼ਿਪਿਟਕਾ ਨੇ ਬੀ ਸੀ ਕੰਸਰਵੇਟਿਵ ਦੀ ਤਰਫੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ।
ਇਸੇ ਦੌਰਾਨ ਬੀ.ਸੀ. ਯੂਨਾਈਟਡ ਦੇ ਆਗੂ ਕੇਵਿਨ ਫਾਲਕਨ ਅਤੇ ਬੀ ਸੀ ਕੰਸਰਵੇਟਿਵ ਦੇ ਆਗੂ ਜੌਹਨ ਰਸਟਡ  ਨੇ ਵੈਨਕੂਵਰ ਵਿੱਚ ਇਕ ਸਾਂਝੀ ਕਾਨਫਰੰਸ ਦੌਰਾਨ ਆਗਾਮੀ ਚੋਣਾਂ ਵਿਚ ਮਿਲਕੇ ਕੰਮ ਕਰਨ ਦਾ ਐਲਾਨ ਕੀਤਾ ਹੈ । ਬੀ ਸੀ ਯੂਨਾਈਟਡ ਆਗੂ ਫਾਲਕਨ ਨੇ ਆਪਣੀ ਪਾਰਟੀ ਦੀ ਚੋਣ ਮੁਹਿੰਮ ਨੂੰ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅਸੀ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਵਿਧਾਇਕਾਂ ਅਤੇ ਉਮੀਦਵਾਰਾਂ ਦੀ ਸਭ ਤੋਂ ਵਧੀਆ ਸੰਭਾਵਿਤ ਟੀਮ ਬਣਾਉਣ ਦਾ ਕੰਮ ਕਰਾਂਗੇ।
ਜੌਹਨ ਰਸਟੈਡ ਨੇ ਉਹਨਾਂ ਦੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਬੀ ਸੀ ਯੂਨਾਈਟਿਡ ਪਾਰਟੀ ਨਾਲ ਕੰਮ ਕਰਨ ਲਈ ਵਚਨਬੱਧ ਹਾਂ ਕਿ ਅਸੀਂ (ਪ੍ਰੀਮੀਅਰ) ਡੇਵਿਡ ਏਬੀ ਅਤੇ ਐਨ ਡੀ ਪੀ  ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਨੂੰ ਖਤਮ ਕਰਨ ਲਈ ਮਿਲਕੇ ਅੱਗੇ ਵਧੀਏ।
ਜਿ਼ਕਰਯੋਗ ਹੈ ਕਿ ਅੱਜ ਤੋਂ ਲਗਭਗ ਦੋ ਸਾਲ ਪਹਿਲਾਂ, ਫਾਲਕਨ ਨੇ ਰਸਟੈਡ ਨੂੰ ਜਲਵਾਯੂ ਤਬਦੀਲੀ ਟਿਪਣੀਆਂ ਦੇ ਮੁੱਦੇ ਤੇ ਬੀ.ਸੀ ਯੁਨਾਈਟਡ਼ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਪਰ ਰਸਟੈਡ ਨੇ ਬੀਸੀ ਕੰਸਰਵੇਟਿਵ ਪਾਰਟੀ ਵਿਚ ਜਾਕੇ ਵਿਧਾਨ ਸਭਾ ਵਿਚ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰ ਲਈ।
ਚੋਣ ਮੁਹਿੰਮ ਦੌਰਾਨ ਬੀ ਸੀ ਕੰਸਰਵੇਟਿਵ ਦੀ ਲਗਾਤਾਰ ਲੋਕਪ੍ਰਿਯਤਾ ਵਧਣ ਅਤੇ ਬੀ ਸੀ ਯੁਨਾਈਟਡ ਦਾ ਗ੍ਰਾਫ ਲਗਾਤਾਰ ਥੱਲੇ ਜਾਣ ਕਾਰਣ ਤੇ ਦੋਵਾਂ ਦੀ ਵੋਟ ਵੰਡੇ ਜਾਣ ਕਾਰਣ ਐਨ ਡੀ ਪੀ ਨੂੰ ਵੱਡਾ ਲਾਭ ਮਿਲਣ ਦੇ ਆਸਾਰ ਬਣ ਗਏ ਸਨ। ਦੋਵਾਂ ਪਾਰਟੀਆਂ ਵਲੋਂ ਐਨ ਡੀ ਪੀ ਖਿਲਾਫ ਸਾਂਝਾ ਮੁਹਾਜ਼ ਖੜਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਪਰ ਦੋਵਾਂ ਆਗੂਆਂ ਵਿਚਾਲੇ ਸਹਿਮਤੀ ਬਣਦੀ ਨਜ਼ਰ ਨਹੀਂ ਆਈ। ਇਸੇ ਦੌਰਾਨ ਖਬਰ ਆਈ ਕਿ ਕੇਵਿਨ ਫਾਲਕਨ ਨੇ ਆਪਣੀ ਪਾਰਟੀ ਦੀ ਚੋਣ ਮੁਹਿੰਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜਿਸਨੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ। ਪਰ ਅੱਜ ਬਾਦ ਦੁਪਹਿਰ ਦੋਵਾਂ ਆਗੂਆਂ ਦੀ ਸਾਂਝੀ ਕਾਨਫਰੰਸ ਦੌਰਾਨ ਪ੍ਰਗਟਾਵਾ ਹੋਇਆ ਕਿ ਬੀ ਸੀ ਯੁਨਾਈਟਡ , ਐਨ ਡੀ ਪੀ ਨੂੰ ਰੋਕਣ ਲਈ ਬੀਸੀ ਕੰਸਰਵੇਟਿਵ ਦੀ ਮਦਦ ਕਰੇਗੀ।
ਕੰਸਰਵੇਟਿਵ, ਇਸ ਦੌਰਾਨ, ਇੱਕ ਸੁਧਰੀ ਜਾਂਚ ਪ੍ਰਕਿਰਿਆ ਦੇ ਅਧਾਰ ‘ਤੇ ਉਮੀਦਵਾਰਾਂ ਦੀ ਸਮੀਖਿਆ ਕਰਨ ਲਈ ਸਹਿਮਤ ਹੋਏ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਗਾਮੀ ਚੋਣਾਂ ਦੌਰਾਨ ਇਕ ਸਾਂਝੀ ਤੇ ਮਜ਼ਬੂਤ ​​ਟੀਮ ਬਣ ਸਕੇ। ਹੈ।
ਰਸਟੈਡ  ਨੇ ਕਿਹਾ ਕਿ ਭਾਵੇਂਕਿ ਇਹ ਕੰਮ ਸੌਖਾ ਨਹੀ ਪਰ ਦੋਵੇਂ ਪਾਰਟੀਆਂ ਮਿਲਕੇ ਇਹ ਕੰਮ ਜਲਦੀ ਸ਼ੁਰੂ ਕਰ ਦੇਣਗੀਆਂ।

ਸਮਝੌਤੇ ਅਨੁਸਾਰ ਬੀ.ਸੀ. ਯੁਨਾਈਟਡ ਦੇ ਨਾਮਜ਼ਦ ਉਮੀਦਵਾਰ ਆਪਣੀ ਉਮੀਦਵਾਰੀ ਵਾਪਿਸ ਲੈਣਗੇ ਤਾਂਕਿ ਬੀਸੀ  ਕੰਸਰਵੇਟਿਵ ਬੀ.ਸੀ ਯੁਨਾਈਟਡ ਦੇ ਮੌਜੂਦਾ ਵਿਧਾਇਕਾਂ ਖਿਲਾਫ ਆਪਣੇ ਉਮੀਦਵਾਰ ਵਾਪਿਸ ਲੈਕੇ ਨਵਾਂ ਪੂਲ ਬਣਾ ਸਕੇ।

Leave a Reply

Your email address will not be published. Required fields are marked *