Headlines

ਟੋਰਾਂਟੋ ਵਿਚ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ

ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਸਮਾਗਮ ਦੌਰਾਨ ਰੂਬੀ ਕਰਤਾਰਪੁਰੀ ਦੀ ਪੁਸਤਕ ‘ਦੁਨੀਆਂ ਦੇ ਰੰਗ’ ਲੋਕ-ਅਰਪਿਤ ਕੀਤੀ ਗਈ-

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 25 ਅਗੱਸਤ ਨੂੰ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਦੋ ਵਿਦਵਾਨਾਂ ਡਾ. ਸੁਰਿੰਦਰ ਧੰਜਲ ਅਤੇ ਡਾ. ਰਾਜੇਸ਼ ਕੁਮਾਰ ਗੌਤਮ ਨਾਲ ਰੂ-ਬ-ਰੂ ਸਮਾਗ਼ਮ ਆਯੋਜਿਤ ਕੀਤਾ ਗਿਆ ਅਤੇ ਇਸ ਦੌਰਾਨ ਦੋਹਾਂ ਵਿਦਵਾਨਾਂ ਨੂੰ ਸ਼ਾਨਦਾਰ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਡਾ. ਸੁਰਿੰਦਰ ਧੰਜਲ ਤੇ ਡਾ. ਰਾਜੇਸ਼ ਕੁਮਾਰ ਗੌਤਮ ਦੇ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਰਪ੍ਰਸਤ ਬਲਰਾਜ ਚੀਮਾ, ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਤੇ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਸੁਸ਼ੋਭਿਤ ਸਨ।

ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੀ ਸਥਾਨਕ ਇਕਾਈ ਦੇ ਸਕੱਤਰ ਅਮਰਦੀਪ ਵੱਲੋਂ ਸਮਾਗ਼ਮ ਦੇ ਉਦੇਸ਼ ਤੇ ਇਸ ਦੀ ਰੂਪ-ਰੇਖਾ ਬਾਰੇ ਦੱਸਣ ਤੋਂ ਬਾਅਦ ਇਸ ਦਾ ਆਰੰਭ ਗਾਇਕ ਇਕਬਾਲ ਬਰਾੜ ਵੱਲੋਂ ਗਾਏ ਗੀਤ “ਸਾਡਾ ਪਿਆਰ ਕਰੇਂਦਾ ਏ ਸਿਜਦੇ ਕਿ ਸਾਡੇ ਵਿਹੜੇ ਆਉਣ ਵਾਲਿਓ“ ਨਾਲ ਕੀਤਾ ਗਿਆ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਮੈਂਬਰਾਂ ਲਈ ਕਹੇ ਗਏ ਸੁਆਗ਼ਤੀ ਸ਼ਬਦਾਂ ਉਪਰੰਤ ਮੰਚ-ਸੰਚਾਲਕ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਰਹਿਪਾ ਵੱਲੋਂ ਡਾ. ਬਲਜਿੰਦਰ ਸੇਖੋਂ ਨੂੰ ਡਾ. ਸੁਰਿੰਦਰ ਧੰਜਲ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਉਣ ਲਈ ਕਿਹਾ ਗਿਆ ਜਿਨ੍ਹਾਂ ਨੇ ਦੱਸਿਆ ਕਿ ਡਾ. ਧੰਜਲ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਬੀ.ਐੱਸ.ਸੀ. (ਇਲੈੱਕਟਰੀਕਲ ਇੰਜੀਨੀਅਰਿੰਗ) ਕਰਨ ਤੋਂ ਬਾਅਦ ਕੈਨੇਡਾ ਆ ਕੇ ਏਸੇ ਵਿਸ਼ੇ ਵਿਚ ਵਿੰਡਸਰ ਯੂਨੀਵਰਸਿਟੀ ਤੋਂ 1980 ਵਿਚ ਮਾਸਟਰ ਦੀ ਡਿਗਰੀ ਲਈ ਅਤੇ ਫਿਰ 1988 ਵਿਚ ਮੈਕਮਾਸਟਰ ਯੂਨੀਵਰਸਿਟੀ ਤੋਂ ਕੰਪਿਊਟੇਸ਼ਨ ਇੰਜੀਨੀਅਰਿੰਗ ਵਿਚ ਮਾਸਟਰ ਦੀ ਦੂਸਰੀ ਡਿਗਰੀ ਪ੍ਰਾਪਤ ਕੀਤੀ ਤੇ ਇੱਥੋਂ ਦੀਆਂ ਤਿੰਨ ਯੂਨੀਵਰਸਿਟੀਆਂ ਵਿਚ ਤਿੰਨ ਦਹਾਕੇ ਕੰਪਿਊਟੇਸ਼ਨ ਇੰਜੀਨੀਅਰਿੰਗ ਦਾ ਵਿਸ਼ਾ ਪੜ੍ਹਾਇਆ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ, ਸੁਰਿੰਦਰ ਧੰਜਲ ਨੇ 2005 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬੀ ਸਾਹਿਤ ਵਿਚ ਅਤੇ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ 2010 ਵਿਚ ਕੰਪਿਊਟਰ ਸਾਇੰਸ ਵਿਚ ਪੀਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਦੇ ਨਾਲ ਹੀ ਡਾ. ਧੰਜਲ ਸੇਵਾ-ਮੁਕਤ ਹੋਣ ਤੋਂ ਬਾਅਦ ਹੁਣ ‘ਪ੍ਰੋਫ਼ੈੱਸਰ ਅਮੈਰੇਟਸ’ ਹਨ ਅਤੇ ‘ਪਾਸ਼ ਯਾਦਗਾਰੀ ਕਮੇਟੀ’ ਦੇ ਚੇਅਰਪਰਸਨ ਵੀ ਹਨ।

ਉਪਰੰਤ, ਡਾ. ਸੁਖਦੇਵ ਸਿੰਘ ਝੰਡ ਨੇ ਡਾ. ਧੰਜਲ ਦੀ ਸਾਹਿਤਕ ਦੇਣ ਦੀ ਗੱਲ ਕਰਦਿਆਂ ਦੱਸਿਆ ਕਿ ਡਾ. ਧੰਜਲ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਉਨ੍ਹਾਂ ਕੈਨੇਡਾ ਵਿਚ ਕੰਪਿਊਟਰ ਸਾਇੰਸ ਨਾਲ ਸਬੰਧਿਤ ਉਚੇਰੀ ਪੜ੍ਹਾਈ ਕਰਨ ਅਤੇ ਤਿੰਨ ਯੂਨੀਵਰਸਿਟੀਆਂ ਵਿਚ ਇਸ ਦੇ ਅਧਿਆਪਨ ਦੇ ਨਾਲ ਨਾਲ ਪੰਜਾਬੀ ਸਾਹਿਤ ਵਿਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਵਿਤਾਵਾਂ ਦੀਆਂ ਸੱਤ ਮੌਲਿਕ ਪੁਸਤਕਾਂ ‘ਸੂਰਜਾਂ ਦੇ ਹਮਸਫ਼ਰ’(1972), ‘ਤਿੰਨ ਕੋਨ’ (ਇਕਬਾਲ ਰਾਮੂਵਾਲੀਆ ਤੇ ਸੁਖਿੰਦਰ ਨਾਲ ਸਾਂਝੀ, 1979), ‘ਜ਼ਖ਼ਮਾਂ ਦੀ ਫ਼ਸਲ’(1985), ‘ਪਾਸ਼ ਦੀ ਯਾਦ ‘ਚ 10 ਕਵਿਤਾਵਾਂ’ (1991), ‘ਪਾਸ਼ ਤਾਂ ਸੂਰਜ ਸੀ’(2007), ‘ਕਵਿਤਾ ਦੀ ਲਾਟ’(2011) ਅਤੇ ‘ਦੀਵੇ ਜਗਦੇ ਰਹਿਣਗੇ’(2023) ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਆਲੋਚਨਾ ਦੀ ਪੁਸਤਕ ‘ਨਾਟਕ, ਰੰਗਮੰਚ, ਆਤਮਜੀਤ ਤੇ ਕੈਮਲੂਪਸ ਦੀਆਂ ਮੱਛੀਆਂ ਵੀ 1998 ਵਿਚ ਛਪਵਾਈ ਅਤੇ ‘ਤੀਜੀ ਪਾਸ’ ਤੇ ‘ਇਨਕਲਾਬ ਜ਼ਿੰਦਾਬਾਦ’ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਇਸਦੇ ਨਾਲ ਹੀ ਉਨ੍ਹਾਂ 2020-21 ਵਿਚ ਦਿੱਲੀ ਦੀਆਂ ਬਰੂਹਾਂ ‘ਤੇ ਹੋਏ ਕਿਸਾਨ ਅੰਦੋਲਨ ਬਾਰੇ ਡਾ. ਧੰਜਲ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਦੀਵੇ ਜਗਦੇ ਰਹਿਣਗੇ’ ਵਿੱਚੋਂ ਕੁਝ ਕਵਿਤਾਵਾਂ ਦੀਆਂ ਟੂਕਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਡਾ. ਸੁਰਿੰਦਰ ਧੰਜਲ ਨੇ ਆਪਣੀ ਗੱਲ ਆਪਣੇ ਪਿੰਡ ‘ਚੱਕ ਭਾਈ ਕਾ’ ਤੋਂ ਸ਼ੁਰੂ ਕਰਦਿਆਂ ਦੱਸਿਆ ਕਿ ਇਸ ਪਿੰਡ ਅਤੇ ਇਸ ਦੇ ਆਲ਼ੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਵੱਖ-ਵੱਖ ਸਮੇਂ ਉੱਠੀਆਂ ਇਨਕਲਾਬੀ ਲਹਿਰਾਂ ਵਿਚ ਭਰਵਾਂ ਯੋਗਦਾਨ ਪਾਇਆ।  ਪੰਜਾਬੀ ਕ੍ਰਾਂਤੀਕਾਰੀ ਕਵਿਤਾ ਤੇ ਨਵ−ਪ੍ਰਯੋਗਵਾਦ ਦੀ ਗੱਲ ਕਰਦਿਆਂ ਉਨ੍ਹਾਂ ਅਮਰਜੀਤ ਚੰਦਨ, ਪਾਸ਼, ਲਾਲ ਸਿੰਘ ਦਿਲ, ਸੰਤ ਸੰਧੂ ਤੇ ਵਰਿਆਮ ਸੰਧੂ ਸਮੇਤ ਨੌਂ ਕਵੀਆਂ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਿਨ੍ਹਾਂ ਨਕਸਲਬਾੜੀ ਲਹਿਰ ਦੌਰਾਨ ਇਨਕਲਾਬੀ ਕਵਿਤਾਵਾਂ ਰਚੀਆਂ। ਉਨ੍ਹਾਂ ਕਿਹਾ ਕਿ 2020-21 ਵਿਚ ਤਿੰਨ ਕਾਲ਼ੇ ਕਾਨੂੰਨਾਂ ਵਿਰੱਧ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਕੌਮੀ ਅੰਦੋਲਨ ਕਾਮਯਾਬ ਹੋਇਆ ਅਤੇ ਮੋਦੀ ਸਰਕਾਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਪਏ। ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਹਰਮਨ-ਪਿਆਰੀ ਗ਼ਜ਼ਲ “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਭਰਾ ਕਾਰਪੋਰੇਟ ਸੈੱਕਟਰ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਬਣਾਏ ਗਏ ਇਹ ਕਾਲ਼ੇ ਕਾਨੂੰਨ ਭਲਾ ਕਿਵੇਂ ਜਰ ਸਕਦੇ ਸਨ? ਉਨ੍ਹਾਂ ਦਾ ਕਹਿਣਾ ਸੀ ਕਿ ਇਸ ਅੰਦੋਲਨ ਵਿਚ ਲੋਕਾਂ ਨੂੰ ਹਰ ਤਰ੍ਹਾਂ ਦੀ ਏਕਤਾ ਅਤੇ ਖੱਬੀ ਲਹਿਰ ਦਾ ਕ੍ਰਿਸ਼ਮਾ ਵੇਖਣ ਨੂੰ ਮਿਲਿਆ।

ਆਪਣੀ ਪੁਸਤਕ ‘ਕਵਿਤਾ ਦੀ ਲਾਟ’ ਵਿਚਲੀ ਕਵਿਤਾ ‘ਜੋਸ਼ ਤੇ ਹੋਸ਼’ ਦੇ ਹਵਾਲੇ ਨਾਲ ਡਾ. ਧੰਜਲ ਨੇ ਲੋਕਾਂ ਨੂੰ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈਣ ਦੀ ਗੱਲ ਬਾਖ਼ੂਬੀ ਕੀਤੀ। ਉਨ੍ਹਾਂ ਆਪਣੀ ਪੁਸਤਕ ‘ਦੀਵੇ ਜਗਦੇ ਰਹਿਣਗੇ’ ਵਿੱਚੋਂ ਵੀ ਇਕ ਕਵਿਤਾ “ਸਾਰਾ ਇਤਿਹਾਸ ਲੜੂਗਾ” ਵੀ ਪੜ੍ਹ ਕੇ ਸੁਣਾਈ। ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਖ਼ੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਕੈਨੇਡਾ ਦੀਆਂ ਛੇ ਵੱਕਾਰੀ ਯੂਨੀਵਰਸਿਟੀਆਂ ਵਿਚ ਪੜ੍ਹਨ ਤੇ ਪੜਾਉਣ ਦਾ ਮੌਕਾ ਮਿਲਿਆ ਹੈ। ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੱਲੋਂ ‘ਪ੍ਰੋਫ਼ੈੱਸਰ ਅਮੈਰੇਟਸ’ ਦੀ ਉਪਾਧੀ ਪ੍ਰਦਾਨ ਕੀਤੀ ਗਈ ਹੈ ਜੋ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਦੌਰਾਨ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਨਿਊਜ਼ ਐਡੀਟਰ ਸ਼ਾਮ ਸਿੰਘ ‘ਅੰਗਸੰਗ’ ਵੱਲੋਂ ਕੀਤੇ ਗਏ ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸੰਤ ਰਾਮ ਉਦਾਸੀ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਪਾਸ਼ ਅਤੇ ਉਹ ਉਦਾਸੀ ਦਾ ਵੀ ਓਨਾ ਹੀ ਸਤਿਕਾਰ ਕਰਦੇ ਹਨ ਜਿੰਨਾ ਪਾਸ਼ ਦਾ। ਉਂਕਾਰਪ੍ਰੀਤ ਦੇ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਹੀ ਤੇ ਕਈ ਹੋਰਨਾਂ ਵੱਲੋਂ ਪਾਸ਼ ਦੀ ਕਾਫ਼ੀ ਆਲੋਚਨਾ ਕੀਤੀ ਗਈ ਹੈ ਪਰ ਇਸ ਦੇ ਨਾਲ ਪਾਸ਼ ਦੇ ਵਿਅੱਕਤਿਤਵ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਸਮਾਗ਼ਮ ਦੀ ਦੂਸਰੀ ਅਹਿਮ ਸ਼ਖ਼ਸੀਅਤ ਡਾ. ਰਾਜੇਸ਼ ਕੁਮਾਰ ਗੌਤਮ ਦੀ ਜਾਣ-ਪਛਾਣ ਭਾਰਤ ਦੀ ਤਰਕਸ਼ੀਲ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ ਨੇ ਕਰਵਾਈ। ਉਨ੍ਹਾਂ ਦੱਸਿਆ ਕਿ ਡਾ. ਗੌਤਮ ਮੱਧ ਪ੍ਰਦੇਸ਼ ਦੀ ਹਰੀ ਸਿੰਘ ਗੌੜ ਸੈਂਟਰਲ ਯੂਨੀਵਰਸਿਟੀ ਸਾਗਰ ਦੇ ਐਂਥਰੋਪੌਲੌਜੀ ਵਿਭਾਗ ਦੇ ਵਿਚ ਪਿਛਲੇ 20 ਸਾਲ ਤੋਂ ਪੜ੍ਹਾ ਰਹੇ ਹਨ। ਉਹ ਅਮਰੀਕਾ ਦੀ ਮੌਂਟਕਲੇਅਰ ਸਟੇਟ ਯੂਨੀਵਰਸਿਟੀ ਨਿਊ ਜਰਸੀ ਦੇ ਵਿਜ਼ਿਟਿੰਗ ਪ੍ਰੋਫ਼ੈਸਰ ਵੀ ਰਹੇ ਹਨ। ਉਹ ਭਾਰਤ ਵਿਚ ਉਹ ਤਰਕਸ਼ੀਲ ਲਹਿਰ ਨਾਲ ਪਿਛਲੇ ਲੰਮੇਂ ਸਮੇਂ ਤੋਂ ਜੁੜੇ ਰਹੇ ਹਨ ਅਤੇ ਸੈਮੀਨਾਰਾਂ, ਵੈਬੀਨਾਰਾਂ ਤੇ ਕਾਨਫ਼ਰੰਸਾਂ ਰਾਹੀਂ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਕਰਨ ਲਈ ਜਾਗਰੂਕ ਕਰ ਰਹੇ ਹਨ। ਡਾ. ਗੌਤਮ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਖੋਜ ਦੌਰਾਨ ਮਨੁੱਖਾਂ ਵਿਚ ਮੋਟਾਪੇ ਨੂੰ ਘੱਟ ਕਰਨ ਉੱਪਰ ਕੰਮ ਕੀਤਾ ਹੈ। ਲੋਕਾਂ ਵਿਚ ਫੈਲੇ ਵਹਿਮਾਂ-ਭਰਮਾਂ ਤੇ ਮਾੜੇ ਰੀਤੀ-ਰਿਵਾਜਾਂ ਨੂੰ ਛੱਡਣ ਲਈ ਉਨ੍ਹਾਂ ਨੇ ਆਪਣੇ ਤੌਰ ‘ਤੇ ਕਈ ਸੈਮੀਨਾਰ ਕਰਵਾਏ ਹਨ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਪਰ ਫਿਰ ਵੀ ਉਹ ਆਪਣੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਵਿਗਿਆਨਕ ਪੱਖ ਤੋਂ ਜਾਣਕਾਰੀ ਦੇਣ ਦੀ ਕੋਸਿਸ਼ ਕਰਦੇ ਰਹਿੰਦੇ ਹਨ। ਮੰਚ ਦਾ ਸੰਚਾਲਨ ਕਰਦਿਆਂ ਆਪਣੀਆਂ ਟਿਪਣੀਆਂ ਵਿਚ ਬਲਦੇਵ ਰਹਿਪਾ ਨੇ ਲੋਕਾਂ ਨੂੰ ਜੀਵਨ ਵਿਚ ਤਰਕਸ਼ੀਲ ਸੋਚ ਤੇ ਪਹੁੰਚ ਅਪਨਾਉਣ ਲਈ ਕਿਹਾ।

ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਸਾਰੇ ਇੱਕੋ ਜ਼ਮੀਨ ਤੋਂ ਹੀ ਪੈਦਾ ਹੋਏ ਹਾਂ ਪਰ ਇਨਕਲਾਬੀ ਯੋਧਿਆਂ ਦੇ ਰਸਤੇ ਸਾਡੇ ਨਾਲੋਂ ਅਲੱਗ ਸਨ। ਉਨ੍ਹਾਂ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ ਅਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਯੋਧਿਆ ਨੇ ਵੱਡਮੁੱਲੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਅੱਜ ਦੀ ਨਵੀਂ ਪੀੜ੍ਹੀ ਨੂੰ ਇਸ ਪਾਰਟੀ ਦੇ ਨਾਂ ਬਾਰੇ ਵੀ ਕੁਝ ਪਤਾ ਨਹੀਂ ਹੈ। ਇਸ ਸਬੰਧੀ ਉਨ੍ਹਾਂ 2014 ਵਿਚ ਗ਼ਦਰ ਸ਼ਤਾਬਦੀ ਮਨਾਉਣ ਲਈ ਪੰਜਾਬ ਦੇ ਖਡੂਰ ਸਾਹਿਬ ਕਾਲਜ ਵਿਚ ਹੋਏ ਸੈਮੀਨਾਰ ਦੀ ਉਦਾਹਰਣ ਵੀ ਸਰੋਤਿਆਂ ਨਾਲ ਸਾਂਝੀ ਕੀਤੀ ਜਿੱਥੇ ਵਿਦਿਆਰਥੀਆਂ ਵਿੱਚੋਂ ਕੋਈ ਵੀ ਇਸ ਦੇ ਬਾਰੇ ਕੁਝ ਨਾ ਦੱਸ ਸਕਿਆ ਸੀ । ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਦਿਲ ਤੇ ਦਿਮਾਗ਼ ਆਪੋ ਆਪਣੀ ਥਾਂ ਕੰਮ ਕਰਦੇ ਹਨ ਅਤੇ ਤਰਕ ਦੀ ਆਪਣੀ ਹੀ ਭਾਸ਼ਾ ਹੈ। ਉਲਿੰਪਕ ਖੇਡਾਂ ਦੇ ਨਾਲ ਜੋੜ ਕੇ ਗੱਲ ਕਰਦਿਆਂ ਕਰਦਿਆਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਆਪਣੇ ਦੇਸ਼ ਦੇ ਉਲਿੰਪੀਅਨ ਖਿਡਾਰੀਆਂ ਬਾਰੇ ਵੀ ਕੁਝ ਪਤਾ ਨਹੀਂ ਹੈ ਅਤੇ ਬੜੇ ਘੱਟ ਲੋਕ ਜਾਣਦੇ ਹੋਣਗੇ ਕਿ ਬਲਬੀਰ ਸਿੰਘ ਸੀਨੀਅਰ ਨੇ ਉਲਿੰਪਿਕ ਖੇਡਾਂ ਵਿਚ ਹਾਕੀ ਵਿਚ ਗੋਲ਼ਾਂ ਦੀ ‘ਹੈਟ-ਟਰਿੱਕ’ ਲਗਾਈ ਸੀ। ‘ਕੈਨੇਡੀਅਨ ਪੰਜਾਬੀ ਕਲਚਰਲ ਆਰਗੇਨਾਈਜ਼ੇਸ਼ਨ’ ਦੀ ਸਰਗ਼ਰਮ ਮੈਂਬਰ ਸਮਰੀਤ ਅਟਵਾਲ ਵੱਲੋਂ ਵੀ ਡਾ. ਧੰਜਲ ਵੱਲੋਂ ਵੱਖ-ਵੱਖ ਖ਼ੇਤਰਾਂ ਵਿਚ ਪਾਏ ਗਏ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਚੱਲ ਰਹੇ ਸਮਾਗ਼ਮ ਵਿਚ ਉਂਕਾਰਪ੍ਰੀਤ, ਅਕਰਮ ਖ਼ਾਨ ਤੇ ਹਰਮੇਸ਼ ਜੀਂਦੋਵਾਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵੱਲੋਂ ਰੂਬੀ ਕਰਤਾਰਪੁਰੀ ਦੀ ਤੀਸਰੀ ਪੁਸਤਕ ‘ਦੁਨੀਆਂ ਦੇ ਰੰਗ’ ਲੋਕ-ਅਰਪਿਤ ਕੀਤੀ ਗਈ।

ਇਸ ਮੌਕੇ ਖਚਾ-ਖਚ ਭਰੇ ਹੋਏ ਸੈਮੀਨਾਰ ਹਾਲ ਵਿਚ 100 ਤੋਂ ਵਧੇਰੇ ਸਰੋਤੇ ਹਾਜ਼ਰ ਸਨ। ਹਾਲ ਵਿਚ ਕੁਰਸੀਆਂ ਸੀਮਤ ਹੋਣ ਕਾਰਨ ਬਹੁਤ ਸਾਰੇ ਸਰੋਤਿਆਂ ਇਹ ਪ੍ਰੋਗਰਾਮ ਖਲੋ ਕੇ ਹੀ ਮਾਨਣਾ ਪਿਆ। ਸਰੋਤਿਆਂ ਉੱਘੇ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਪੰਜਾਬੀ ਮੀਡੀਆ ਤੋਂ ਇਕਬਾਲ ਮਾਹਲ, ਹਰਜੀਤ ਸਿੰਘ ਗਿੱਲ (‘ਪੰਜਾਬੀ ਦੁਨੀਆਂ’ ਟੀ.ਵੀ.), ਹਰਬੰਸ ਸਿੰਘ (ਸਰੋਕਾਰਾਂ ਦੀ ਆਵਾਜ਼), ਡਾ. ਹਰਦੀਪ ਸਿੰਘ ਅਟਵਾਲ, ਪ੍ਰੋ. ਜਗੀਰ ਸਿੰਘ ਕਾਹਲੋਂ, ਗੁਰਦੇਵ ਸਿੰਘ ਮਾਨ, ਜੱਸੀ ਭੁੱਲਰ ਢਪਾਲੀ, ਪਰਸ਼ੋਤਮ ਸਿੰਘ, ਡਾ. ਸੁਰਿੰਦਰਜੀਤ ਕੌਰ, ਡਾ. ਕੰਵਲਜੀਤ ਢਿੱਲੋਂ, ਰਮਿੰਦਰ ਵਾਲੀਆ, ਪਰਮਜੀਤ ਦਿਓਲ, ਸਤਿੰਦਰ ਕੌਰ ਕਾਹਲੋਂ ਤੇ ਕਈ ਹੋਰ ਅਹਿਮ ਸ਼਼ਖ਼ਸੀਅਤਾਂ ਸ਼ਾਮਲ ਸਨ।

Leave a Reply

Your email address will not be published. Required fields are marked *