Headlines

ਮੌਡਰੇਟ ਸਿੱਖ ਸੁਸਾਇਟੀਆਂ ਵਲੋਂ ਕੱਟੜਪੰਥੀਆਂ ਖਿਲਾਫ ਲਾਮਬੰਦ ਹੋਣ ਦਾ ਸੱਦਾ

ਰੌਸ ਗੁਰੂ ਘਰ ਵਿਚ ਕੀਤੀ ਇਕੱਤਰਤਾਂ ਦੌਰਾਨ ਕੱਟੜਪੰਥੀਆਂ ਵਲੋਂ ਕੀਤੀ ਕਾਰਵਾਈ ਦੀ ਕਰੜੀ ਨਿੰਦਾ-

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਮੌਡਰੇਟ ਸਿੱਖ ਸੁਸਾਇਟੀਆਂ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਥਾਂਦੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜੋ ਥੋੜੇ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਉਹਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਆੜ ਵਿਚ ਕੁਝ ਕੱਟੜਪੰਥੀਆਂ ਵਲੋਂ ਸਿੱਖ ਸੰਗਤਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਮਾਰਚ 1998 ਵਿਚ ਅਕਾਲ ਤਖਤ ਵਲੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਹੋਟਲਾਂ ਤੇ ਹਾਲਾਂ ਵਿਚ ਨਹੀ ਹੋਣਗੇ। ਘਰਾਂ ਤੇ ਫਾਰਮ ਹਾਊਸਾਂ ਦੀਆਂ ਸਾਫ ਸੁਥਰੀਆਂ ਥਾਵਾਂ ਤੇ ਗੁਰੂ ਸਾਹਿਬ ਦੇ ਸਰੂਪ ਲਿਜਾਣ ਬਾਰੇ ਸਾਫ ਲਿਖਿਆ ਗਿਆ  ਹੈ। ਅਕਤੂਬਰ 2023 ਦੇ ਹੁਕਮਨਾਮੇ ਵਿਚ  ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਬੀਚਾਂ ਜਾਂ ਰਿਜੋਰਟਾਂ ਤੇ ਲਿਜਾਣ ਦੀ ਮਨਾਹੀ ਕੀਤੀ ਗਈ ਹੈ। ਪ੍ਰਤੂੰ ਪਿਛਲੇ ਦਿਨੀਂ ਇਕ ਫਾਰਮਹਾਊਸ ਵਿਖੇ ਆਨੰਦ ਕਾਰਜ ਦੀ ਰਸਮ  ਤੋਂ ਬਾਦ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਕੁਝ ਕੱਟੜਪੰਥੀ ਜਬਰੀ ਚੁੱਕ ਕੇ ਲੈ ਗਏ ਜਿਸਦਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਵੱਖ ਵੱਖ ਸੁਸਾਇਟੀਆਂ ਦੇ ਬੁਲਾਰਿਆਂ ਨੇ ਇਸਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਤੇ ਆਖਿਆ ਹੈ ਕਿ ਸਾਨੂੰ ਨਵੀਂ ਪੀੜੀ ਨੂੰ ਸਿੱਖੀ ਨਾਲ ਤੇ ਗੁਰੂ ਘਰਾਂ ਨਾਲ ਜੋੜਨ ਦੀ ਜ਼ਰੂਰਤ ਹੈ ਨਾਕਿ ਤੋੜਨ ਦੀ। ਕੱਟੜਪੰਥੀਆਂ ਦੀਆਂ ਅਜਿਹੀਆਂ ਹਰਕਤਾਂ ਕਾਰਣ ਬੱਚੇ ਗੁਰੂ ਘਰਾਂ ਤੋਂ ਦੂਰ ਹੋ ਰਹੇ ਹਨ ਤੇ ਚਰਚਾਂ ਵਿਚ ਵਿਆਹ ਕਰਵਾ ਰਹੇ ਹਨ। ਇਸ ਸਬੰਧ ਵਿਚ ਬੁਲਾਰਿਆਂ ਵਿਚ ਗੁਰਬਖਸ਼ ਸਿੰਘ ਸੰਘੇੜਾ ਬਾਗੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਐਬਸਫੋਰਡ ਤੋਂ ਗੁਰਦੇਵ ਸਿੰਘ ਬਰਾੜ, ਸੋਹਣ ਸਿੰਘ ਪੰਧੇਰ ਸਕੱਤਰ ਨੇ ਦੱਸਿਆ ਕਿ ਗੋਲਫ ਕੋਰਸ ਵਿਚ ਸਾਫ ਸੁਥਰੀ ਜਗਾ ਅਤੇ ਦੁੱਧ ਨਾਲ ਧੋਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਪਰ ਫਿਰ ਵੀ ਸ਼ਰਾਰਤੀ ਕੱਟੜਪੰਥੀਆਂ ਨੇ ਇਸ ਵਿਚ ਖਲਜਗਣ ਪਾਇਆ। ਪ੍ਰੀਤ ਸਿੰਘ ਸੰਧੂ ਨੇ 1998 ਦੇ ਕੁਰਸੀਆਂ ਵਾਲੇ ਹੁਕਮਨਾਮੇ ਬਾਰੇ ਬੋਲਦਿਆਂ ਕਿਹਾ ਕਿ ਸੰਗਤਾਂ ਨੂੰ ਇਸ ਨਾਲ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਉਹੀ ਲੋਕ ਵਿਆਹਾਂ ਵਿਚ ਕੁਰਸੀਆਂ ਲੰਗਰ ਵਿਚ ਰੱਖਣ ਦਾ ਪ੍ਰਬੰਧ ਕਰ ਰਹੇ ਹਨ। ਗੁਰੂ ਰਵਿਦਾਸ ਸਭਾ ਬਰਨਬੀ ਤੋ ਹਰਜੀਤ ਸਿੰਘ ਸੋਹਪਾਲ ਪ੍ਰਧਾਨ ਅਤੇ ਸਕੱਤਰ ਅਮਰਜੀਤ ਲੇਹਲ ਨੇ ਖਾਲਸਾ ਦੀਵਾਨ ਸੁਸਾਇਟੀ ਦਾ ਸਾਥ ਦੇਣ ਦਾ ਵਾਅਦਾ ਕੀਤਾ। ਹੋਰ ਬੁਲਾਰਿਆਂ ਵਿਚ ਗੋਪਾਲ ਲੋਹੀਆ, ਡਾ ਹਰਜਿੰਦਰ ਜੱਸਲ, ਸੁਰਿਦਰ ਰੰਗਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਹਿਮਤੀ ਪ੍ਰਗਟ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਦਾ ਸਾਥ ਦੇਣ ਦਾ ਵਾਅਦਾ ਕੀਤਾ। ਜਰਨੈਲ ਸਿੰਘ ਭੰਡਾਲ ਨੇ ਦੱਸਿਆ ਕਿ ਕੋਵਿਡ ਤੋਂ ਬਾਦ ਗੁਰੂ ਘਰਾਂ ਵਿਚ ਬੁੱਧਵਾਰ ਤੋਂ ਸ਼ਨੀਵਾਰ ਤੱਕ ਵਿਆਹ ਸਮਾਗਮ ਹੋ ਰਹੇ ਹਨ। ਇਸ ਤਰਾਂ ਹੋਰ ਕੁਰਸੀਆਂ ਮੇਜਾਂ ਵਾਲੇ ਗੁਰੂ ਘਰਾਂ ਵਿਚ ਵਿਆਹ ਦੀਆਂ ਤਰੀਕਾਂ ਨਹੀ ਮਿਲ ਰਹੀਆਂ। ਅਸੀਂ ਸੰਗਤਾਂ ਦਾ  ਪੂਰਾ ਸਾਥ ਦੇ ਰਹੇ ਹਾਂ। ਮਲਕੀਤ ਸਿੰਘ ਧਾਮੀ ਸਾਬਕਾ ਪ੍ਰਧਾਨ ਨੇ ਹੁਕਮਨਾਮਿਆਂ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਅਸੀਂ ਗੁਰ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ। ਅਸੀਂ ਹਮੇਸ਼ਾ ਹੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੇ ਪੱਖ ਵਿਚ ਹਾਂ। ਪਰ ਧੱਕੇਸ਼ਾਹੀ ਤੇ ਕੱਟੜਤਾ ਥੋਪੇ ਜਾਣ ਦੇ ਖਿਲਾਫ ਹਾਂ। ਕੁਲਵੰਤ ਸਿੰਘ ਢੇਸੀ ਨੇ ਬੋਲਦਿਆਂ ਕਿਹਾ ਕਿ 1998 ਤੋਂ ਬਾਦ ਫਿਰ ਹੰਭਲਾ ਮਾਰਕੇ ਕੱਟੜਪੰਥੀਆਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।  ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ ਹੈ। ਕਸ਼ਮੀਰ ਸਿੰਘ ਧਾਲੀਵਾਲ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ। ਉਹਨਾਂ ਦੱਸਿਆ ਕਿ ਮੌਡਰੇਟ ਗਰੁੱਪ ਦੀ ਇਕ ਵਿਸ਼ਾਲ ਮੀਟਿੰਗ ਸੱਦੀ ਜਾ ਰਹੀ ਹੈ। ਜਿਸ ਵਿਚ ਸੰਗਤਾਂ ਨੂੰ ਲਾਮਬੰਦ ਕਰਕੇ ਕੱਟੜਪੰਥੀਆਂ ਦੇ ਖਿਲਾਫ ਮੋਰਚਾ ਖੋਲਿਆ ਜਾਵੇਗਾ। ਕਸ਼ਮੀਰ ਸਿੰਘ ਧਾਲੀਵਾਲ ਨੇ ਸਮੂਹ ਸੁਸਾਇਟੀਆਂ ਤੋਂ ਆਏ ਨੁਮਾਇੰਦਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ।

 -ਗੁਰੂ ਗਰੰਥ ਸਾਹਿਬ ਦਾ ਸਰੂਪ ਜਬਰੀ ਲਿਜਾਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ-

ਪਿਛਲੇ ਦਿਨੀਂ  ਇਕ ਫਾਰਮ ਹਾਊਸ ਉਪਰ ਵਿਆਹ ਸਮਾਗਮ ਦੌਰਾਨ ਸਤਿਕਾਰ ਕਮੇਟੀ ਦੇ ਕੁਝ ਨੁਮਾਇੰਦਿਆਂ ਵਲੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਜਬਰੀ ਲਿਜਾਣ ਦੀ ਘਟਨਾ ਦਾ ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਵਲੋਂ ਸਖਤ ਨੋਟਿਸ ਲਿਆ ਗਿਆ ਹੈ। ਖਾਲਸਾ ਦੀਵਾਨ ਸੁਸਾਇਟੀ ਵਲੋਂ ਇਸ ਘਟਨਾ ਘਟਨਾ ਦੀ ਨਿੰਦਾ ਕਰਦਿਆਂ ਗੁਰੂ ਗਰੰਥ ਸਾਹਿਬ ਦੇ ਸਰੂਪ ਜਬਰੀ ਲਿਜਾਣ ਬਾਰੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਨੌਰਥ ਅਮਰੀਕਾ ਦੇ ਸਭ ਤੋਂ ਪੁਰਾਣੇ ਗੁਰੂ ਘਰਨ ਨਾਲ ਸਬੰਧਿਤ ਹੈ। ਇਸ ਸੰਸਥਾ ਨੇ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਵਾਸਤੇ ਹਮੇਸ਼ਾਂ ਕੁਰਬਾਨੀਆਂ ਕੀਤੀਆਂ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਸ਼ੋਸਲ ਮੀਡੀਆ ਉਪਰ ਖਾਲਸਾ ਦੀਵਾਨ ਸੁਸਾਇਟੀ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਪੀੜੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਾਂ ਤੋਂ ਖੁਸ਼ ਹੋਕੇ ਆਨੰਦ ਕਾਰਜਾਂ ਦੀ ਰਸਮ ਲਈ ਇਸ ਸੰਸਥਾ ਤੋਂ ਸੇਵਾਵਾਂ ਲੈਂਦੀ ਹੈ। ਪਰ ਪਿਛਲੇ ਦਿਨੀਂ ਕੁਝ ਗਿਣਤੀ ਦੇ ਵਿਅਕਤੀਆਂ ਵਲੋਂ ਆਨੰਦ ਕਾਰਜ ਦੀਆਂ ਰਸਮਾਂ ਵਿਚ ਘਟੀਆ ਹਰਕਤਾਂ ਕਰਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਆਨੰਦ ਕਾਰਜ ਦੀਆਂ ਰਸਮਾਂ ਨੂੰ ਬੁਰੀ ਤਰਾਂ ਰੋਕਣ ਦਾ ਯਤਨ ਕੀਤਾ ਗਿਆ। ਖਾਲਸਾ ਦੀਵਾਨ ਸੁਸਾਇਟੀ ਵਲੋ ਕੀਤੀ ਜਾ ਰਹੀ ਸੇਵਾ ਦੌਰਾਨ ਗੁਰੂ ਗਰੰਥ ਸਾਹਿਬ ਦੇ ਸਰੂਪ ਜਬਰਦਸਤੀ ਚੁੱਕ ਕੇ ਲੈ ਗਏ ਜੋ ਕਿ ਅਤਿ ਨਿੰਦਣਯੋਗ ਘਟਨਾ ਹੈ। ਆਨੰਦ ਕਾਰਜ ਦੀ ਰਸਮ ਦੌਰਾਨ ਵਿਘਨ ਪਾਏ ਜਾਣ ਕਾਰਣ  ਨੌਜਵਾਨ ਪੀੜੀ ਦੀਆਂ ਭਾਵਨਾਵਾਂ  ਨੂੰ ਜਿਵੇਂ ਆਹਤ ਕੀਤਾ ਗਿਆ, ਇਹਨਾਂ ਲੋਕਾਂ ਨੂੰ ਕੋਈ ਅਹਿਸਾਸ ਨਹੀਂ। ਖਾਲਸਾ ਦੀਵਾਨ ਸੁਸਾਇਟੀ ਵਲੋਂ ਇਸ ਘਟਨਾ ਲਈ ਜਿੰਮੇਵਾਰ ਲੋਕਾਂ ਖਿਲਾਫ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਹੈ।

ਇਸੇ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਦੇ ਇਕ ਨੁਮਾਇੰਦੇ ਨੇ ਜਾਣਕਾਰੀ ਦਿੱਤੀ ਹੈ ਕਿ ਵਿਆਹ ਸਮਾਗਮ ਤੋਂ ਜਬਰੀ ਉਠਾਏ ਗਏ ਸਰੂਪ ਸਰੀ ਦੇ ਇਕ ਗੁਰੂ ਘਰ ਵਿਚ ਪਹੁੰਚਾਏ ਗਏ ਹਨ ਜਿਸ ਸਬੰਧੀ ਉਕਤ ਗੁਰੂ ਘਰ ਦੀ ਕਮੇਟੀ ਨੇ ਉਹਨਾਂ ਨਾਲ ਸੰਪਰਕ ਕਰਦਿਆਂ ਗੁਰੂ ਸਾਹਿਬ ਦੇ ਸਰੂਪ ਸਤਿਕਾਰ ਸਹਿਤ ਵਾਪਿਸ ਰੌਸ ਗੁਰੂ ਘਰ ਭੇਜੇ ਜਾਣ ਬਾਰੇ ਕਿਹਾ ਹੈ।

Leave a Reply

Your email address will not be published. Required fields are marked *