Headlines

ਐਬਸਫੋਰਡ ਦੀ ਗੁਰਸਿੱਖ ਮੁਟਿਆਰ ਸਾਹਿਬ ਕੌਰ ਧਾਲੀਵਾਲ ਨੇ  ਯੂ.ਐਨ.ਓ. ਦੀ ਵਿਸ਼ੇਸ਼ ਬੈਠਕ ਵਿਚ ਸ਼ਮੂਲੀਅਤ ਕੀਤੀ

ਸਰੀ, 18 ਸਤੰਬਰ (ਹਰਦਮ ਮਾਨ)-ਐਬਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜ ਕੱਲ੍ਹ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੌਂਟਰੀਆਲ ਵਿਖੇ ਵਕਾਲਤ ਕਰ ਰਹੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ, ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ, ਸਵਿਟਜ਼ਰਲੈਂਡ ਮੁੱਖ ਸਥਾਨ ਵਿਖੇ ਵਰਲਡ ਟਰੇਡ ਔਰਗਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਸ਼ਮੂਲੀਅਤ ਕੀਤੀ ਹੈ। ਸਾਹਿਬ ਕੌਰ ਨੇ ਯੂਨੀਵਰਸਿਟੀ ਆਫ ਓਟਵਾ ਵੱਲੋਂ ਕੈਨੇਡੀਅਨ ਨੌਜਵਾਨਾਂ ਦੀ ਪ੍ਰਤਨਿਧਿਤਾ ਕਰਦਿਆਂ, ਯੂ.ਐਨ.ਓ. ਦੇ ਪਬਲਿਕ ਫੋਰਮ ਵਿੱਚ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ। ਸਵਿਟਜ਼ਰਲੈਂਡ ਵਿਖੇ ਚਾਰ ਦਿਨ ਚੱਲੀ ਇਸ ਵਿਸ਼ਾਲ ਬੈਠਕ ਦੌਰਾਨ ਦੁਨੀਆਂ ਭਰ ਤੋਂ ਰਾਜਦੂਤਾਂ, ਡਿਪਲੋਮੈਟਾਂ, ਮਾਹਰਾਂ, ਅੰਤਰਰਾਸ਼ਟਰੀ ਵਪਾਰ ਵਿੱਚ ਪ੍ਰੈਕਟੀਸ਼ਨਰਾਂ ਅਤੇ ਪ੍ਰਸਿੱਧ ਅਕਾਦਮੀਆਂ ਨੇ ਸ਼ਮੂਲੀਅਤ ਕੀਤੀ।

ਸਾਹਿਬ ਕੌਰ ਅਨੁਸਾਰ ਵੱਡੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ
ਲੋਕਾਂ ਨੂੰ ਅਤਿਅੰਤ ਗਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ
ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ ਅਤੇ ਅਜਿਹੀਆਂ ਕੌਮਾਂਤਰੀ ਬੈਠਕਾਂ ਰਾਹੀਂ ਹੀ
ਲੋਕ ਪੱਖੀ ਰਣਨੀਤੀ ਦੁਆਰਾ ਆਰਥਿਕ, ਵਾਤਾਵਰਣ, ਰਾਜਨੀਤਿਕ ਅਤੇ ਵਿਆਪਕ ਵਿਸ਼ਵ ਸੰਕਟਾਂ
ਨਾਲ ਨਜਿੱਠਣ ਦਾ ਮੌਕਾ ਹਾਸਲ ਹੋ ਸਕਦਾ ਹੈ।

ਪੰਜਾਬ ਤੋਂ ਜ਼ਿਲਾ ਲੁਧਿਆਣਾ ਦੇ ਪਿੰਡ ਲੱਖਾ ਨਾਲ ਸਬੰਧਿਤ ਸਿੱਖ ਵਿਦਵਾਨ ਭਾਈ ਹਰਪਾਲ
ਸਿੰਘ ਲੱਖਾ ਦੀ ਪੋਤਰੀ ਅਤੇ ਮੀਡੀਆ ਸ਼ਖਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੀ
ਹੋਣਹਾਰ ਧੀ ਸਾਹਿਬ ਕੌਰ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਜ ਸੁਪਰਵਾਈਜ਼ਰ ਵੱਲੋਂ
ਸੇਵਾਵਾਂ ਨਿਭਾਈਆਂ ਹਨ। ਯੂ.ਐਨ.ਓ. ਦੇ ਦੌਰੇ ਦੌਰਾਨ ਸਾਹਿਬ ਕੌਰ ਨੇ ਜਿੱਥੇ ਯੂ.ਟੀ.ਓ.
ਬਾਰੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਯੂ.ਐਨ.ਓ. ਦੇ ਮੰਚ ਤੋਂ ਮਨੁੱਖੀ ਅਧਿਕਾਰਾਂ ਦੇ
ਖੇਤਰ ‘ਚ ਸੰਸਾਰ ਪੱਧਰ ‘ਤੇ ਆ ਰਹੀਆਂ ਚੁਣੌਤੀਆਂ ਅਤੇ ਦੱਬਿਆਂ-ਕੁਚਲਿਆਂ ਦੇ ਹੱਕ ਵਿੱਚ
ਦ੍ਰਿੜਤਾ ਨਾਲ ਆਵਾਜ਼ ਉਠਾਉਣ ਦਾ ਵੀ ਅਹਿਦ ਕੀਤਾ।

ਤਸਵੀਰ : ਸਾਹਿਬ ਕੌਰ ਧਾਲੀਵਾਲ ਯੂ.ਐਨ.ਓ. ਦੇ ਜਨੇਵਾ ਸਥਿਤ ਸਥਾਨ ‘ਤੇ ਬੈਠਕ ਵਿੱਚ
ਹਿੱਸਾ ਲੈਣ ਪਹੁੰਚੇ ਕੈਨੇਡੀਅਨ ਵਫਦ ਦੇ ਮੈਂਬਰਾਂ ਨਾਲ।