Headlines

ਸਤਿਕਾਰ ਕਮੇਟੀ ਵਲੋਂ ਜਬਰੀ ਲਿਜਾਏ ਗਏ ਗੁਰੂ ਗਰੰਥ ਸਾਹਿਬ ਦੇ ਸਰੂਪ ਵਾਪਿਸ ਵੈਨਕੂਵਰ ਗੁਰੂ ਘਰ ਪੁੱਜੇ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਪਿਛਲੇ ਦਿਨੀਂ  ਡੈਲਟਾ ਫਾਰਮ ਵਿਖੇ ਇਕ ਵਿਆਹ ਸਮਾਗਮ ਦੌਰਾਨ ਸਤਿਕਾਰ ਕਮੇਟੀ ਦੇ ਕੁਝ ਮੈਂਬਰਾਂ ਵਲੋਂ ਦਖਲ ਅੰਦਾਜ਼ੀ ਕਰਦਿਆਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਬਰੀ ਉਠਾ ਲਏ ਗਏ ਸਨ। ਇਸ ਘਟਨਾ ਸਬੰਧੀ ਖਾਲਸਾ ਦੀਵਾਨ ਸੁਸਾਇਟੀ ਅਤੇ ਮੌਡਰੇਟ ਸਿੱਖ ਸੁਸਾਇਟੀਆਂ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਉਪਰੰਤ ਰੌਸ ਗੁਰੂ ਘਰ ਵਿਖੇ ਇਕ ਵੱਡਾ ਇਕੱਠ ਕਰਦਿਆਂ ਸਤਿਕਾਰ ਕਮੇਟੀ ਦੇ ਮੈਂਬਰਾਂ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਗਿਆ ਸੀ। ਖਾਲਸਾ ਦੀਵਾਨ ਸੁਸਾਇਟੀ ਵਲੋਂ ਗੁਰੂ ਗਰੰਥ ਸਾਹਿਬ ਦਾ ਸਰੂਪ ਜਬਰੀ ਲਿਜਾਣ ਖਿਲਾਫ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਗਈ ਸੀ।

ਇਸੇ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ ਉਹ ਸੰਗਤਾਂ ਨੂੰ ਸੂਚਿਤ ਕਰਨਾ ਚਾਹੰਦੇ ਹਨ ਕਿ ਇਸ ਘਟਨਾ ਸਬੰਧੀ ਗੁਰੂ ਘਰ ਵਿਖੇ ਮੌਡਰੇਟ ਸੁਸਾਇਟੀਆਂ ਦੀ ਭਾਰੀ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਫਾਰਮ ਹਾਊਸ ਤੇ ਆਨੰਦ ਕਾਰਜ ਦੀ ਰਸਮ ਕਰਨਾ ਕਿਸੇ ਹੁਕਮਨਾਮੇ ਦੀ ਉਲੰਘਣਾ ਨਹੀ ਹੈ। ਹੁਕਮਨਾਮੇ ਵਿਚ ਬੀਚਾਂ ਤੇ ਹੋਟਲਾਂ ਤੇ ਪਾਬੰਦੀ ਲਗਾਈ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਤੇ ਮੌਡਰੇਟ ਸੁਸਾਇਟੀਆਂ ਬੀਚਾਂ ਤੇ ਹੋਟਲਾਂ ਵਿਚ ਗੁਰੂ ਗਰੰਥ ਸਾਹਿਬ ਦੇ ਸਰੂਪ ਆਨੰਦ ਕਾਰਜ ਲਈ ਨਹੀ ਲਿਜਾਣ ਦੇਣਗੇ ਪਰ ਫਾਰਮ ਹਾਊਸ ਤੇ ਘਰਾਂ ਵਿਚ ਕੋਈ ਪਾਬੰਦੀ ਨਹੀ ਹੈ। ਸਾਫ ਜਗਾਹ ਤੇ ਪੰਜ ਸਿੰਘਾਂ ਦੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਆਨੰਦ ਕਾਰਜ ਕੀਤੇ ਜਾਂਦੇ ਹਨ ਤੇ ਉਸੇ ਤਰਾਂ ਹੀ ਕੀਤੇ ਜਾਇਆ ਕਰਨਗੇ। ਮੌਡਰੇਟ ਸਿੱਖ ਸੁਸਾਇਟੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਅਸੀਂ ਹੁਕਮਨਾਮੇ ਦਾ ਪੂਰਾ ਸਤਿਕਾਰ ਕਰਦੇ ਹਾਂ ਤੇ ਨਵੀਂ ਪੀੜੀ ਨੂੰ ਗੁਰੂ ਗਰੰਥ ਸਾਹਿਬ ਨਾਲ ਜੋੜਨ ਦੇ ਉਪਰਾਲੇ ਕਰ ਰਹੇ ਹਾਂ।

ਇਸੇ ਦੌਰਾਨ ਦੱਸਿਆ ਗਿਆ ਹੈ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਜੋ ਗੁਰੂ ਗਰੰਥ ਸਾਹਿਬ ਦੇ ਸਰੂਪ ਜਬਰੀ ਲਿਜਾਕੇ ਸਰੀ ਡੈਲਟਾ ਗੁਰਦੁਆਰੇ ਵਿਚ ਰੱਖ ਦਿੱਤੇ ਸਨ, ਉਹ ਸਰੂਪ ਸਰੀ-ਡੈਲਟਾ ਕਮੇਟੀ ਵਲੋਂ ਪੂਰੇ ਸਤਿਕਾਰ ਸਹਿਤ ਵਾਪਿਸ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੂੰ ਸੌਂਪ ਦਿੱਤੇ ਗਏ ਹਨ।

Leave a Reply

Your email address will not be published. Required fields are marked *