Headlines

ਸੰਪਾਦਕੀ- ਬ੍ਰਿਟਿਸ਼ ਕੋਲੰਬੀਆ ਚੋਣਾਂ- ਸੱਤਾਧਾਰੀ ਐਨ ਡੀ ਪੀ ਨੂੰ ਬੀ ਸੀ ਕੰਸਰਵੇਟਿਵ ਦੀ ਵੱਡੀ ਚੁਣੌਤੀ…

-ਸੁਖਵਿੰਦਰ ਸਿੰਘ ਚੋਹਲਾ-

ਬ੍ਰਿਟਿਸ਼ ਕੋਲੰਬੀਆ ਚੋਣ ਕਮਿਸ਼ਨ ਵਲੋਂ 21 ਸਤੰਬਰ ਨੂੰ ਸੂਬਾਈ ਚੋਣਾਂ ਦਾ ਬਾਕਾਇਦਾ ਐਲਾਨ ਕਰਨ ਉਪਰੰਤ 93 ਮੈਂਬਰੀ ਵਿਧਾਨ ਸਭਾ ਲਈ ਸੱਤਾਧਾਰੀ ਐਨ ਡੀ ਪੀ, ਮੁੱਖ ਵਿਰੋਧੀ ਬੀਸੀ ਕੰਸਰਵੇਟਿਵ ਪਾਰਟੀ ਤੇ ਗਰੀਨ ਪਾਰਟੀ ਵਲੋਂ ਆਪੋ-ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਮੀਦਵਾਰਾਂ ਦੇ ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 28 ਸਤੰਬਰ ਹੈ ਜਦੋਂਕਿ ਅਕਤੂਬਰ 10-13, 15-16 ਨੂੰ ਅਡਵਾਂਸ ਵੋਟਿੰਗ ਉਪਰੰਤ ਫਾਈਨਲ ਵੋਟਾਂ 19 ਅਕਤੂਬਰ ਨੂੰ ਪੈਣਗੀਆਂ ਜਿਹਨਾਂ ਦੀ ਗਿਣਤੀ 26 ਅਕਤੂਬਰ ਨੂੰ ਹੋਵੇਗੀ ਤੇ ਨਤੀਜਿਆਂ ਉਪਰੰਤ 5 ਨਵੰਬਰ ਤੱਕ ਨਵੀਂ ਸਰਕਾਰ ਦਾ ਗਠਨ ਹੋਵੇਗਾ।

ਪਿਛਲੇ 7 ਸਾਲ ਤੋਂ ਸੂਬੇ ਦੀ ਸੱਤਾ ਤੇ ਕਾਬਜ਼ ਐਨ ਡੀ ਪੀ ਪੂਰੀ ਮਜ਼ਬੂਤੀ ਤੇ ਉਤਸ਼ਾਹ ਨਾਲ ਚੋਣ ਮੁਹਿੰਮ ਵਿਚ ਕੁੱਦ ਗਈ ਹੈ ਜਦੋਂਕਿ ਬੀ ਸੀ ਯੂਨਾਈਟਡ ਦੇ ਚੋਣ ਮੁਹਿੰਮ ਤੋਂ ਲਾਂਭੇ ਹੋਣ ਉਪਰੰਤ ਬੀ ਸੀ ਕੰਸਰਵੇਟਿਵ ਜੌਹਨ ਰਸਟੈਡ ਦੀ ਅਗਵਾਈ ਹੇਠ ਮੁੱਖ ਦਾਅਵੇਦਾਰ ਵਜੋਂ ਮੈਦਾਨ ਵਿਚ ਹੈ। ਗਰੀਨ ਪਾਰਟੀ ਤੀਸਰੀ ਧਿਰ ਵਜੋਂ ਕਿਸਮਤ ਅਜਮਾਈ ਕਰੇਗੀ ਕਿ ਨਵੀਂ ਸਰਕਾਰ ਦੇ ਗਠਨ ਵਿਚ ਉਸਦੀ ਭੂਮਿਕਾ ਕੀ ਰਹੇਗੀ। ਸੱਤ ਸਾਲ ਪਹਿਲਾਂ ਉਸਨੇ ਘੱਟ ਗਿਣਤੀ ਐਨ ਡੀ ਪੀ ਸਰਕਾਰ ਦੇ ਗਠਨ ਵਿਚ ਮੁੱਖ ਭੂਮਿਕਾ ਨਿਭਾਈ ਸੀ।

ਸੂਬੇ ਵਿਚ ਮੁੜ ਸਰਕਾਰ ਬਣਾਉਣ ਦੇ ਦਾਅਵੇ  ਨਾਲ ਐਨ ਡੀ ਪੀ ਸਾਹਮਣੇ ਸਿਹਤ ਸਹੂਲਤਾਂ, ਘਰਾਂ ਦੀਆਂ ਉਚ ਕੀਮਤਾਂ, ਕਿਰਾਏਦਾਰਾਂ ਦੀ ਸਮੱਸਿਆ ਤੇ ਡਰੱਗ ਸੰਕਟ ਨਾਲ ਨਿਪਟਣ ਦੇ ਮੁੱਦਿਆਂ ਸਮੇਤ ਕਈ ਹੋਰ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਤੇ ਵੋਟਰਾਂ ਨੂੰ ਭਰਮਾਉਣ ਦੇ ਯਤਨ ਹਨ ਜਦੋਂਕਿ ਮੁੱਖ ਵਿਰੋਧੀ ਧਿਰ ਵਜੋਂ ਸਾਹਮਣੇ ਆਈ ਬੀ ਸੀ ਕੰਸਰਵੇਟਿਵ ਕੋਲ ਇਕ ਚੰਗਾ ਮੌਕਾ ਹੈ ਕਿ ਉਹ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕੀ ਨੀਤੀ ਅਪਣਾਉਂਦੀ ਹੈ। ਉਸਦੇ ਕੋਲ ਸਭ ਤੋਂ ਵੱਡਾ ਫਾਇਦਾ ਫੈਡਰਲ ਕੰਸਰਵੇਟਿਵ ਦੇ ਲਿਬਰਲ ਸਰਕਾਰ ਦੇ ਮੁਕਾਬਲੇ ਦਿਨ ਬ ਦਿਨ ਵੱਧ ਰਹੀ ਲੋਕਪ੍ਰਿਯਤਾ ਨੂੰ ਕੈਸ਼ ਕਰਨ ਦਾ ਹੈ।

ਐਨ ਡੀਪੀ ਆਗੂ ਮਿਸਟਰ ਈਬੀ ਕੋਲ 2022 ਦੇ ਅਖੀਰ ਵਿੱਚ ਉਸ ਦੀ ਪਾਰਟੀ ਦੁਆਰਾ ਪ੍ਰੀਮੀਅਰ ਚੁਣੇ ਜਾਣ ‘ਤੇ ਇੱਕ ਸਨੈਪ ਚੋਣ ਕਰਵਾਉਣ ਦਾ ਮੌਕਾ ਸੀ, ਪਰ ਉਸਨੇ ਸੂਬੇ ਦੀ ਨਿਸ਼ਚਤ ਚੋਣ ਮਿਤੀ ‘ਤੇ ਹੀ ਵੋਟਾਂ ਤੱਕ ਇੰਤਜਾਰ ਕਰਨ ਨੂੰ ਪਹਿਲੀ ਦਿੱਤੀ।

ਭਾਵੇਂਕਿ ਉਹ ਸੂਬੇ ਸਾਹਮਣੇ ਸਿਹਤ, ਸਿਖਿਆ, ਘਰਾਂ ਦਾ ਸੰਕਟ, ਡਰੱਗ ਤੇ ਗੈਂਗਜ ਸਰਗਰਮੀਆਂ ਸਮੇਤ ਕਈ ਹੋਰ ਸਮੱਸਿਆਵਾਂ ਦੇ ਰੂਬਰੂ ਹਨ ਪਰ ਉਹ ਇਸਦੇ ਬਾਵਜੂਦ ਉਤਸ਼ਾਹ ਵਿਚ ਹਨ ਤੇ ਬੀ ਸੀ ਕੰਸਰਵੇਟਿਵ ਨੂੰ ਕੋਈ ਵੱਡੀ ਚੁਣੌਤੀ ਨਹੀ ਮੰਨਦੇ।

ਉਧਰ ਬੀਸੀ ਕੰਸਰਵੇਟਿਵ ਆਗੂ ਮਿਸਟਰ ਜੌਹਨ ਰਸਟੈਡ ਲਈ ਇਹ ਸ਼ੁਭ ਸਮਾਂ ਹੈ। ਫੈਡਰਲ ਕੰਸਰਵੇਟਿਵ ਦਾ ਕਾਮਨ ਸੈਨਸ (ਆਮ ਸਮਝ ਵਿੱਚ ਤਬਦੀਲੀ) ਦਾ ਨਾਅਰਾ ਉਹਨਾਂ ਦੇ ਖੂਬ ਕੰਮ ਆ ਰਿਹਾ ਹੈ। ਫੈਡਰਲ ਕੰਸਰਵੇਟਿਵ ਦੇ ਹੱਕ ਵਿਚ ਲਗਾਤਾਰ ਆ ਰਹੇ ਚੋਣ ਸਰਵੇਖਣਾ ਉਪਰੰਤ ਸੂਬੇ ਵਿਚ ਬੀ ਸੀ ਕੰਸਰਵੇਟਿਵ ਦੀ ਮਜ਼ਬੂਤੀ ਨੇ ਬੀ ਸੀ ਯੁਨਾਈਟਡ ਨੂੰ ਇਸ ਕਦਰ ਨਿਰਾਸ਼ ਕਰ ਦਿੱਤਾ ਕਿ ਪਾਰਟੀ ਆਗੂ ਕੇਵਿਨ ਫਾਲਕਨ ਨੇ 28 ਅਗਸਤ ਨੂੰ ਆਪਣੀ ਪਾਰਟੀ ਦੀ ਚੋਣ ਮੁਹਿੰਮ ਨੂੰ ਹੀ  ਮੁਅੱਤਲ ਕਰ ਦਿੱਤਾ। ਉਸਦਾ ਇਹ ਕਹਿਣਾ ਕਿ ਉਹ ਸੂਬੇ ਅਤੇ ਸੂਬੇ ਦੇ ਹਿੱਤ ਵਿਚ ਐਨ ਡੀ ਪੀ ਦੀ ਸਰਕਾਰ ਨੂੰ ਹੋਰ ਸਹਿਣ ਨਹੀ ਕਰ ਸਕਦੇ। ਵੋਟ ਵੰਡ ਨੂੰ ਰੋਕਣ ਲਈ ਉਹ ਬੀ ਸੀ ਕੰਸਰਵੇਟਿਵ ਦੀ ਹਮਾਇਤ ਨੂੰ ਬੇਹਤਰ ਵਿਕਲਪ ਸਮਝਦੇ ਹਨ। ਬੀ ਸੀ ਯੁਨਾਈਟਡ ਦੇ ਚੋਣ ਮੁਹਿੰਮ ਚੋ ਹਟਣ ਤੇ ਨਾਮਜ਼ਦ ਉਮੀਦਵਾਰਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈਕੇ ਰੋਲ ਘਚੋਲੇ ਦੇ ਬਾਵਜੂਦ ਬੀ ਸੀ ਕੰਸਰਵੇਟਿਵ ਹਮਲਾਵਰ ਢੰਗ ਨਾਲ ਅੱਗੇ ਵਧ ਰਹੀ ਹੈ।

ਜਦੋਂ ਐਨ ਡੀ ਪੀ ਨੇ 2017 ਵਿੱਚ ਸੱਤਾ ਸੰਭਾਲੀ ਸੀ ਤਾਂ ਉਸਦੇ ਸਾਹਮਣੇ ਘਰਾਂ ਦੇ ਸੰਕਟ ਸਮੇਤ ਡਰੱਗ ਅਤੇ ਸਿਹਤ ਸਹੂਲਤਾਂ ਦੀ ਘਾਟ ਵੱਡੀਆਂ ਚੁਣੌਤੀਆਂ ਸਨ। ਐਨ ਡੀਪੀ ਸਰਕਾਰ ਨੇ ਲਗਾਤਾਰ ਕੰਮ ਕਰਦਿਆਂ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਗੱਲ ਕੀਤੀ। ਘਰਾਂ ਦੇ ਸੰਕਟ ਦੇ ਹੱਲ ਲਈ ਨਵਾਂ ਕਨੂੰਨ ਲਿਆਂਦਾ। ਨਵੇਂ ਕਨੂੰਨ ਨੇ ਘਰ ਬਣਾਉਣ ਲਈ ਪਰਮਿਟ ਪ੍ਰ੍ਕਿਰਿਆ ਨੂੰ ਤੇਜ਼ ਕੀਤਾ ਪਰ ਘਰਾਂ ਦਾ ਸੰਕਟ ਅੱਜ ਵੀ ਬਰਕਰਾਰ ਹੈ। ਡਰੱਗ ਸੰਕਟ ਦੇ ਹੱਲ ਲਈ ਥੋੜੀ ਮਾਤਰਾ ਵਿਚ ਡਰੱਗ ਰੱਖਣ ਨੂੰ ਅਣਅਪਰਾਧਿਕ ਐਲਾਨੇ ਜਾਣ ਦੀ ਨੀਤੀ ਨੇ ਵੀ ਉਲਟਾ ਅਸਰ ਪਾਇਆ। ਐਨ ਡੀ ਪੀ ਸਰਕਾਰ ਦਾ ਇਹ ਪ੍ਰਯੋਗ ਵਿਆਪਕ ਸਮਰਥਨ ਨਾਲ ਸ਼ੁਰੂ ਹੋਇਆ ਸੀ ਪਰ ਇਸ ਨੇ ਹਸਪਤਾਲਾਂ ਦੇ ਅੰਦਰ ਸਮੇਤ ਜਨਤਕ ਥਾਵਾਂ ‘ਤੇ ਗੈਰ-ਕਾਨੂੰਨੀ ਡਰੱਗ ਦੀ ਦੁਰਵਰਤੋਂ ਦਾ ਸੰਕਟ ਵਧਾ ਦਿੱਤਾ । ਐਨਡੀਪੀ ਸਰਕਾਰ ਨੂੰ ਆਪਣਾ ਪਾਇਲਟ ਪ੍ਰਾਜੈਕਟ ਪੂਰੀ ਤਰਾਂ ਲਾਗੂ ਕਰਨ ਤੋਂ ਪਹਿਲਾਂ ਹੀ ਰੱਦ ਕਰਨਾ ਪਿਆ। ਸਰਕਾਰ ਨੂੰ ਆਖਰ ਇਸ ਪ੍ਰਾਜੈਕਟ ਨੂੰ ਵਾਪਿਸ ਲੈਣਾ ਪਿਆ। ਓਪੀਔਡਜ ਸੰਕਟ ਦਾ ਪ੍ਰਬੰਧਨ ਕਰਨ ਲਈ ਐਨਡੀਪੀ ਸਰਕਾਰ ਜਨਤਾ ਦਾ ਵਿਸ਼ਵਾਸ ਜਿਤਣ ਵਿਚ ਅਸਫਲ ਰਹੀ।

ਬੀ ਸੀ ਕੰਸਰਵੇਟਿਵ ਆਗੂ ਰਸਟੈਡ ਨੇ ਜਨਤਕ ਸੁਰੱਖਿਆ ਅਤੇ ਡਰੱਗ ਨੀਤੀ ਨੂੰ ਲੈ ਕੇ ਐਨਡੀਪੀ ‘ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।

ਸਰੀ ਵਿਚ ਦੂਸਰੇ ਹਸਪਤਾਲ ਦੀ ਮੰਗ ਨੂੰ ਪੂਰਾ ਕਰਨ ਦੇ ਵਾਅਦੇ ਸਮੇਤ ਸਿਹਤ ਸਹੂਲਤਾਂ ਵਿਚ ਵਾਧੇ ਲਈ ਐਨ ਡੀ ਪੀ ਨੇ  ਡਾਕਟਰਾਂ ਨੂੰ 54-ਪ੍ਰਤੀਸ਼ਤ ਵਾਧੇ ਦੀ ਪੇਸ਼ਕਸ਼ ਕੀਤੀ ਹੈ ਅਤੇ ਨਰਸਾਂ ਦੀ ਭਰਤੀ ਅਤੇ ਵਿੱਤੀ ਲਾਭਾਂ ਲਈ $237-ਮਿਲੀਅਨ ਰੱਖੇ ਪਰ ਇਸਦੇ ਬਾਵਜੂਦ ਸਿਹਤ ਸਹੂਲਤਾਂ ਦਾ ਮੰਦਾ ਹਾਲ ਉਵੇਂ ਹੀ ਹੈ। ਸੂਬੇ ਦੇ ਲੋਕ ਐਮਰਜੈਂਸੀ ਸਹੂਲਤਾਂ, ਡਾਇਗਨੌਸਟਿਕਸ ਅਤੇ ਇਲਾਜ ਲਈ ਲੰਬੇ ਇੰਤਜ਼ਾਰ, ਐਂਬੂਲੈਂਸ ਦੇਰੀ ਅਤੇ ਪਰਿਵਾਰਕ ਡਾਕਟਰਾਂ ਦੀ ਲਗਾਤਾਰ ਘਾਟ ਦਾ ਸਾਹਮਣਾ ਕਰ ਰਹੇ ਹਨ।

ਚੋਣ ਸਰਵੇਖਣ ਲਗਾਤਾਰ ਕੰਸਰਵੇਟਿਵ ਦੇ ਪੱਖ ਵਿਚ ਆ ਰਹੇ ਹਨ। ਭਾਵੇਂਕਿ ਐਨ ਡੀ ਪੀ ਆਗੂ ਡੇਵਿਡ ਈਬੀ ਦੇ ਮੁਕਾਬਲੇ ਕੰਸਰਵੇਟਿਵ ਆਗੂ ਜੌਹਨ ਰਸਟੈਡ ਦੀ ਲੋਕ ਪਛਾਣ ਬਹੁਤੀ ਨਹੀ ਪਰ ਇਸਦੇ ਬਾਵਜੂਦ ਮੁਲਕ ਵਿਚ ਕੰਸਰਵੇਟਿਵ ਦੇ ਹੱਕ ਵਿਚ ਲਹਿਰ, ਉਸਨੂੰ ਮਜਬੂਤ ਆਗੂ ਵਜੋਂ ਪੇਸ਼ ਕਰ ਰਹੀ ਹੈ। ਚੋਣ ਮੁਹਿੰਮ ਦੌਰਾਨ ਪਾਰਟੀ ਆਗੂਆਂ ਵਿਚਾਲੇ ਬਹਿਸ ਜਾਂ ਚੋਣ ਮੁਹਿੰਮ ਸਰਗਰਮੀਆਂ ਦਾ ਲੋਕਾਂ ਉਪਰ ਕੀ ਅਸਰ ਪੈਂਦਾ ਹੈ, ਆਉਣ ਵਾਲੇ ਦਿਨਾਂ ਵਿਚ ਸਪੱਸ਼ਟ ਹੋ ਜਾਵੇਗਾ।