Headlines

ਡੇਵਿਡ ਈਬੀ ਇਕ ਕਮਜ਼ੋਰ ਆਗੂ, ਸੂਬੇ ਦੀ ਅਗਵਾਈ ਦੇ ਯੋਗ ਨਹੀ- ਜੌਹਨ ਰਸਟੈਡ

ਸਰੀ- ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਤੇ ਸਰੀ ਨੌਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੀ ਚੋਣ ਮੁਹਿੰਮ ਦਾ ਰਸਮੀ ਆਗਾਜ਼-

ਸਰੀ ( ਦੇ ਪ੍ਰ ਬਿ, ਹਰਦਮ ਮਾਨ)-ਬੀ ਸੀ ਪ੍ਰੀਮੀਅਰ ਤੇ ਐਨ ਡੀ ਪੀ ਆਗੂ ਡੇਵਿਡ ਈਬੀ ਨੂੰ ਇਕ ਕਮਜ਼ੋਰ ਆਗੂ ਦਸਦਿਆਂ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਦਾ ਕਹਿਣਾ ਹੈ ਕਿ ਐਨ ਡੀ ਪੀ ਦੀਆਂ ਗਲਤ ਨੀਤੀਆਂ ਕਾਰਣ ਸੂਬਾ ਵਾਸੀਆਂ ਨੂੰ ਉਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਥੇ ਸਰੀ-ਨਿਊਟਨ ਤੋਂ ਕੰਸਰਵੇਟਿਵ ਆਗੂ ਤੇਗਜੋਤ ਬੱਲ ਤੇ ਸਰੀ ਨਾਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਜੌਹਨ ਰਸਟੈਡ ਨੇ ਕਿਹਾ ਕਿ ਐਨ ਡੀ ਪੀ ਸਰਕਾਰ ਨੇ ਸਰੀ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕੀਤਾ ਹੈ। ਸਰਕਾਰ ਨੇ ਸਿਹਤ, ਸਿੱਖਿਆ, ਗੈਂਗਜ਼, ਡਰੱਗ ਅਤੇ ਹੋਰ ਮੁੱਦਿਆਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀ ਲਿਆ। ਐਨ ਡੀ ਪੀ ਨੂੰ ਸਰੀ ਚੋ ਕਰਾਰੀ ਹਾਰ ਦੇਣ ਲਈ ਮਨਦੀਪ ਤੇ ਤੇਗਜੋਤ ਵਰਗੇ ਨੌਜਵਾਨ ਉਮੀਦਵਾਰਾਂ ਨੂੰ ਮਜਬੂਤ ਨੁਮਾਇੰਦਿਆਂ ਦੇਣ ਦੀ ਲੋੜ ਹੈ। ਉਹਨਾਂ ਹੋਰ ਕਿਹਾ ਕਿ ਐਨ ਡੀ ਪੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੀ ਹੈ ਤੇ ਉਹਨਾਂ ਖਿਲਾਫ ਕਈ ਮਨਘੜਤ ਕਹਾਣੀਆਂ ਬਣਾ ਰਹੀ ਹੈ ਜਿਹਨਾਂ ਵਿਚ ਕੋਈ ਸੱਚਾਈ ਨਹੀ। ਅਗਰ ਬੀ ਸੀ ਕੰਸਰਵੇਟਿਵ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਹਨਾਂ ਮਹਿੰਗਾਈ ਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਬੀ ਸੀ ਵਾਸੀਆਂ ਲਈ ਹਰ ਮਹੀਨੇ 3000 ਹਜ਼ਾਰ ਤੱਕ ਰੀਬੇਟ ਦਿੱਤੇ ਜਾਣ ਦੇ ਆਪਣੇ ਐਲਾਨ ਨੂੰ ਦੁਹਰਾਇਆ ਤੇ ਕਿਹਾ ਕਿ ਕਾਰਬਨ ਟੈਕਸ ਤੋਂ ਰਾਹਤ ਤੋਂ ਇਲਾਵਾ ਸਿਹਤ ਸਹੂਲਤਾਂ, ਅਫੋਰਡੇਬਿਲਟੀ ਤੇ ਜਨਤਕ ਸੁਰੱਖਿਆ ਉਹਨਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।

ਇਸਤੋਂ ਪਹਿਲਾਂ ਸਰੀ ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਨੇ ਬੀ ਸੀ ਕੰਸਰਵੇਟਿਵ ਆਗੂ ਦੇ ਆਉਣ ਦਾ ਸਵਾਗਤ ਕੀਤਾ ਤੇ ਐਲਾਨ ਕੀਤਾ ਕਿ ਜੌਹਨ ਰਸਟੈਡ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਬੀ ਸੀ ਦੇ ਲੋਕਾਂ ਨੂੰ ਹਰ ਖੇਤਰ ਵਿਚ ਰਾਹਤ ਦਿਵਾਉਣ ਦੇ ਨਾਲ ਲੋਕ ਇਛਾਵਾਂ ਮੁਤਾਬਿਕ ਕੰਮ ਕਰੇਗੀ। ਉਹਨਾਂ ਵਿੰਸਟਲ ਚਰਚਿਲ ਦੇ ਹਵਾਲੇ ਨਾਲ ਇਕ ਚੰਗੇ ਆਗੂ ਦੇ ਗੁਣਾਂ ਦੀ ਗੱਲ ਕਰਦਿਆਂ ਕਿਹਾ ਕਿ ਜੌਹਨ ਰਸਟੈਡ ਹੀ ਉਹ ਆਗੂ ਹਨ ਜੋ ਬੀਸੀ ਦੇ ਲੋਕਾਂ ਦੀ ਸਹੀ ਅਗਵਾਈ ਕਰਨ ਦੇ ਯੋਗ ਹਨ। ਇਸ ਦੌਰਾਨ ਸਰੀ-ਨੌਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਨੇ ਪਾਰਟੀ ਆਗੂ ਦਾ ਸਵਾਗਤ ਕਰਦਿਆਂ ਹਾਜਰੀਨ ਨੂੰ ਬੀ ਸੀ ਕੰਸਰਵੇਟਿਵ ਨੂੰ ਮਜ਼ਬੂਤ ਹੁੰਗਾਰਾ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿ ਸਾਡੇ ਸਕੂਲਾਂ ਵਿਚ ਸੋਗੀ ਵਰਗੀਆਂ ਨੀਤੀਆਂ ਲੈਕੇ ਆਉਣ ਵਾਲੀ ਸਰਕਾਰ ਤੋਂ ਹਰ ਹਾਲ ਛੁਟਕਾਰਾ ਪਾਉਣ ਦੀ ਲੋੜ ਹੈ। ਉਹਨਾਂ ਵਿਸ਼ੇਸ਼ ਜ਼ਿਕਰ ਕੀਤਾ ਕਿ ਸਕੂਲਾਂ ਵਿਚ ਆਪਣੇ ਬੱਚਿਆਂ ਪ੍ਰਤੀ ਚਿੰਤਤ ਲੋਕ ਸੋਗੀ ਖਿਲਾਫ ਲੰਬੇ ਸਮੇਂ ਤੋਂ ਲਹਿਰ ਚਲਾ ਰਹੇ ਹਨ ਪਰ ਸਿੱਖਿਆ ਮੰਤਰੀ ਸਮੇਤ ਸਰਕਾਰ ਦਾ ਕੋਈ ਵੀ ਨੁੁਮਾਇੰਦਾ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ। ਉਹਨਾਂ ਯਾਦ ਕਰਾਇਆ ਕਿ ਸਿੱਖਿਆ ਮੰਤਰੀ ਮੁਜ਼ਹਰਾਕਾਰੀ ਲੋਕਾਂ ਨੂੰ ਮਿਲਣ ਤੋਂ ਲਗਾਤਾਰ ਕਤਰਾਉਂਦੀ ਆ ਰਹੀ ਹੈ। ਅਜਿਹੇ ਮੰਤਰੀ ਜਾਂ ਆਗੂ ਲੋਕਾਂ ਦੇ ਆਗੂ ਕਹਾਉਣ ਦੇ ਬਿਲਕੁਲ ਅਧਿਕਾਰੀ ਨਹੀਂ।

ਇਸ ਮੌਕੇ ਲੈਂਗਲੀ ਵਿਲੋਬਰੁੱਕ ਤੋਂ ਉਮੀਦਵਾਰ ਜੋਡੀ ਤੂਰ, ਸਰੀ ਫਲੀਟਵੁੱਡ ਤੋਂ ਉਮੀਦਵਾਰ ਅਵਤਾਰ ਗਿੱਲ, ਲੈਂਗਲੀ ਐਬਸਫੋਰਡ ਤੋਂ ਉਮੀਦਵਾਰ ਹਰਮਨ ਭੰਗੂ, ਸਾਊਥ ਸਰੀ ਤੋਂ ਬਰੈਂਟ ਚੈਪਮੈਨ, ਸਰੀ ਵਾਈਟਰੌਕ ਤੋਂ ਬਰਾਇਨ ਟੈਪਰ, ਵੈਨਕੂਵਰ-ਸਾਊਥ ਗਰੈਨਵਿਲ ਤੋਂ ਉਮੀਦਵਾਰ ਅਰੁਣਜੋਤ ਲਗੇਰੀ ਤੇ ਬਰਨਬੀ ਸੈਂਟਰ ਤੋਂ ਉਮੀਦਵਾਰ ਧਰਮਪਾਲ ਕਾਜਲ ਵੀ ਹਾਜ਼ਰ ਸਨ ਜਿਹਨਾਂ ਨੇ ਆਪਣੀ ਜਾਣ ਪਛਾਣ ਕਰਵਾਉਂਦਿਆਂ ਬੀ ਸੀ ਕੰਸਰਵੇਟਿਵ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਘੀ ਟੀਵੀ ਹੋਸਟ ਬਲਜਿੰਦਰ ਕੌਰ ਤੇ ਹੋਣਹਾਰ ਵਿਦਿਆਰਥਣ ਪਵਨਦੀਪ ਮਾਨ ਨੇ ਵੀ ਆਪਣੇ ਵਿਚਾਰ ਰੱਖੇ ਤੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਬਿਜਨਸਮੈਨ ਬੌਬ ਚੀਮਾ, ਜਸਪਾਲ ਸਿੰਘ ਚੀਮਾ, ਪ੍ਰੋ ਗੁਰਦੇਵ ਸਿੰਘ ਜੰਮੂ, ਜੋਗਰਾਜ ਸਿੰਘ ਕਾਹਲੋਂ, ਜਸ਼ਨ ਸਿੱਧੂ, ਰਾਜਬੀਰ ਸਿੰਘ ਢਿੱਲੋਂ, ਨਵ ਖੇਲਾ, ਸਕੱਤਰ ਸਿੰਘ ਬੱਲ, ਆਤਮਜੀਤ ਸਿੰਘ ਬੱਲ, ਜਗਜੀਤਪਾਲ ਸਿੰਘ ਸੰਧੂ, ਸੁਖਪਾਲ ਸਿੰਘ ਸੰਧੂ, ਜਗਦੀਪ ਸਿੰਘ ਸੰਧੂ, ਰਿੱਕੀ ਬਾਜਵਾ, ਨਵਰੂਪ ਸਿੰਘ, ਨਵਰੋਜ ਗੋਲਡੀ, ਮਾਝਾ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਕਈ ਹੋਰ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿੰਮੇਵਾਰ ਮਿਸਟਰ ਮਾਨ ਨੇ ਨਿਭਾਈ।

Leave a Reply

Your email address will not be published. Required fields are marked *