Headlines

ਪੰਜਾਬੀ ਸਿਨੇਮੇ ਦਾ ‘ਸੁੱਚਾ ਸੂਰਮਾ’- ਅਮਿਤੋਜ ਮਾਨ

ਪੰਜਾਬੀ ਸਿਨੇਮੇ ਨੂੰ ਅਸਲ ਪੰਜਾਬੀ ਮੁਹਾਂਦਰਾ ਦੇਣ ਵਾਲਾ ਨਿਰਦੇਸ਼ਕ-

-ਡਾ. ਸੁਖਦਰਸ਼ਨ ਸਿੰਘ ਚਹਿਲ

ਪਟਿਆਲਾ 9779590575-

ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਪੰਜਾਬੀ ਫਿਲਮਾਂ ਬਣ ਰਹੀਆਂ ਹਨ। ਗਿਣਤੀ ਪੱਖੋਂ ਪੰਜਾਬੀ ਫਿਲਮਾਂ ਆਪਣੇ ਦਰਸ਼ਕਾਂ ਦੀ ਗਿਣਤੀ ਅਨੁਸਾਰ ਸਹੀ ਅਨੁਪਾਤ ’ਚ ਬਣ ਰਹੀਆਂ ਹਨ ਪਰ ਗੁਣਵੱਤਾ ਪੱਖੋਂ ਜਿਆਦਾਤਰ ਫਿਲਮਾਂ  ਊਣੀਆਂ ਹੀ ਰਹਿ ਜਾਂਦੀਆਂ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਤੇ ਚਰਚਿਤ ਫਿਲਮ ‘ਸੁੱਚਾ ਸੂਰਮਾ’ ਦੇ ਲੇਖਕ ਤੇ ਨਿਰਦੇਸ਼ਕ ਅਮਿਤੋਜ ਮਾਨ ਨੇ ਇਸ ਫਿਲਮ ਰਾਹੀਂ ਪੰਜਾਬੀ ਸਿਨੇਮੇ ਨੂੰ ਹਰ ਪੱਖੋਂ ਗੁਣਵੱਤਾ ਪ੍ਰਦਾਨ ਕਰਨ ਦਾ ਨਿੱਗਰ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾ ‘ਹਵਾਏਂ’ ਕਾਫਿਲਾ ਤੇ ਹਾਣੀ ਵਰਗੀਆਂ ਚਰਚਿਤ ਫਿਲਮਾਂ ਬਣਾ ਚੁੱਕੇ ਅਮਿਤੋਜ ਮਾਨ ਨਾਲ ਪੰਜਾਬੀ ਫਿਲਮਸਾਜ਼ੀ ਬਾਰੇ ਵਿਚਾਰ ਚਰਚਾ ਕਰਨ ਦਾ ਸਬੱਬ ਬਣਿਆ।

ਪਹਿਲਾਂ ਗੱਲ ਕਰਦੇ ਹਾਂ ਅਮਿਤੋਜ ਮਾਨ ਦੀ ਕਾਰਜਸ਼ੈਲੀ। ਉਹ ਹਰ ਪੱਖੋਂ ਸਮੇਂ ਦਾ ਹਾਣੀ ਲੇਖਕ ਤੇ ਨਿਰਦੇਸ਼ਕ ਹੈ। ਉਸ ਦੀ ਖਾਸੀਅਤ ਇਹ ਹੈ ਕਿ ਉਹ ਸਥਾਪਤ ਜਾਂ ਨਵੇਂ ਅਦਾਕਾਰ ਤੋਂ ਉਨਾਂ ਦੀ ਸਮਰੱਥਾ ਮੁਤਾਬਕ ਕੰਮ ਲੈਣ ਦਾ ਵੱਡਾ ਗੁਣ ਰੱਖਦਾ ਹੈ। ਉਹ ਕਿਰਦਾਰ ਰਾਹੀਂ ਕਿਸੇ ਵੀ ਅਦਾਕਾਰ ਨੂੰ ਵੱਡਾ ਬਣਾ ਸਕਦਾ ਹੈ ਜੋ ‘ਸੁੱਚਾ ਸੂਰਮਾ’ ਫਿਲਮ ’ਚ ਦੇਖਣ ਨੂੰ ਮਿਲਿਆ ਹੈ। ਇਸ ਫਿਲਮ ’ਚ ਸਿਵਾਏ ਬੱਬੂ ਮਾਨ ਦੇ ਕੋਈ ਵੀ ਪੰਜਾਬੀ ਸਿਨੇਮੇ ਦਾ ਵੱਡਾ ਚਿਹਰਾ ਸ਼ਾਮਲ ਨਹੀਂ ਸੀ ਪਰ ਇਸ ਫਿਲਮ ਤੋਂ ਬਾਅਦ ਸਭ ਦੀ ਪਹਿਚਾਣ ਦਾ ਘੇਰਾ ਵੱਡਾ ਹੋ ਚੁੱਕਿਆ ਹੈ। ‘ਸੁੱਚਾ ਸੂਰਮਾ’ ਪੰਜਾਬੀਆਂ ਦੇ ਅਣਖੀ ਸੁਭਾਅ ਨਾਲ ਜੁੜੀ ਇੱਕ ਦੀ ਗਾਥਾ ’ਤੇ ਅਧਾਰਤ ਫਿਲਮ ਹੈ। ਬਹੁਤ ਸਾਰੇ ਲੋਕ ਇਸ ਗਾਥਾ ਬਾਰੇ ਜਾਣੂ ਹਨ ਪਰ ਅਮਿਤੋਜ ਮਾਨ ਨੇ ਇਸ ਕਹਾਣੀ ਨੂੰ ਬਹੁਤ ਸੁਚੱਜੇ ਢੰਗ ਨਾਲ ਪੰਜਾਬੀ ਰਹਿਤਲ ਦੇ ਪੁਰਾਣੇ ਰੰਗਾਂ ਨਾਲ ਸ਼ਿੰਗਾਰ ਕੇ ਪੇਸ਼ ਕੀਤਾ ਹੈ। ਜਿਸ ਕਰਕੇ ਇਹ ਫਿਲਮ ਆਪਣੀ ਕਹਾਣੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦਾ ਇੱਕ ਦਸਤਾਵੇਜ ਵੀ ਹੈ। ਮਲਵਈ ਰੰਗਤ ਵਾਲੀ ਇਸ ਫਿਲਮ ਦੇ ਹਰ ਕਿਰਦਾਰ ਨੂੰ ਅਮਿਤੋਜ ਮਾਨ ਨੇ ਆਪਣੀ ਸੂਝ ਨਾਲ ਤਰਾਸ਼ਿਆ ਹੈ। ਸੁੱਚਾ, ਨਰਾਇਣਾ, ਘੁੱਕਰ, ਬੀਰੋ ਤੇ ਭਾਗ ਵਰਗੇ ਕਿਰਦਾਰ ਦਿੱਖ ਤੇ ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡਦੇ ਹਨ। ਬੱਬੂ ਮਾਨ ਤੋਂ ਬਤੌਰ ਅਦਾਕਾਰ ਅਮਿਤੋਜ ਮਾਨ ਤੋਂ ਵਧੀਆ ਕੋਈ ਕੰਮ ਨਹੀਂ ਕਰਵਾ ਸਕਦਾ। ਸਮੁੱਚੇ ਰੂਪ ’ਚ ਇਹ ਇੱਕ ਮਨੋਰੰਜਕ ਤੇ ਪੰਜਾਬੀਆਂ ਦੇ ਸੁਭਾਅ ਦੀ ਤਰਜ਼ਮਾਨੀ ਕਰਨ ਵਾਲੀ ਫਿਲਮ ਹੈ। ਫਿਲਮਸਾਜ਼ੀ ਦੇ ਪੱਖ ਤੋਂ ਇੱਕ ਸਫ਼ਲ ਤੇ ਮਿਆਰੀ ਫਿਲਮ ਹੈ।

ਆਪਣੀ ਫਿਲਮਸਾਜ਼ੀ ਸਬੰਧੀ ਅਮਿਤੋਜ ਮਾਨ ਦਾ ਕਹਿਣਾ ਹੈ, “ਕੋਈ ਵੀ ਫਿਲਮ ਬਣਾਉਣ ਤੋਂ ਪਹਿਲਾ ਉਸ ਦੀ ਪਟਕਥਾ ’ਤੇ ਜਿੰਨਾਂ ਜਿਆਦਾ ਸਮਾਂ ਲਗਾਇਆ ਜਾਂਦਾ ਹੈ, ਉਨ੍ਹੀ ਹੀ ਫਿਲਮ ਵਧੀਆ ਨਿੱਕਲਕੇ ਸਾਹਮਣੇ ਆਉਂਦੀ ਹੈ। ਬਾਲੀਵੁੱਡ ਦੇ ਚੰਗੇ ਫਿਲਮਸਾਜਾਂ ਦੀ ਤਰਜ ’ਤੇ ਮੈਂ ਵੀ ਇਸ ਫਿਲਮ ਦੀ ਸਕਰਿਪਟ ਇਸ ਦੇ ਮੋਹਰੀ ਅਦਾਕਾਰਾਂ ਨੂੰ ਸ਼ੂਟਿੰਗ ਤੋਂ ਕਾਫੀ ਦਿਨ ਪਹਿਲਾ ਸੌਂਪ ਦਿੱਤੀ ਸੀ ਅਤੇ ਵਾਰ-ਵਾਰ ਪੜ੍ਹਕੇ, ਆਪਣੇ ਕਿਰਦਾਰ ’ਚ ਉਤਰਨ ਲਈ ਪ੍ਰੇਰਿਆ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਲੱਗਭੱਗ ਸਾਰੇ ਹੀ ਲੰਬੇ ਕਿਰਦਾਰਾਂ ਵਾਲੇ ਅਦਾਕਾਰ ਸ਼ੂਟਿੰਗ ਤੋਂ ਪਹਿਲਾ ਸੁੱਚਾ, ਘੁੱਕਰ, ਬੀਰੋ, ਭਾਗ ਤੇ ਨਰਾਇਣਾ ਆਦਿ ਬਣਕੇ ਸੈੱਟ ’ਤੇ ਪੁੱਜੇ। ਫਿਲਮ ’ਚ ਦਿਖਾਏ ਗਏ ਲੜਾਈ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਤੋਂ ਪਹਿਲਾ ਵਿਸ਼ੇਸ਼ ਤੌਰ ’ਤੇ ਰਿਹਸਲ ਕੀਤੀ ਗਈ। ਅਜਿਹਾ ਕਰਨ ਨਾਲ ਮੈਨੂੰ ਬਤੌਰ ਨਿਰਦੇਸ਼ਕ ਬਹੁਤ ਸੌਖ ਹੋਈ ਤੇ ਫਿਲਮ ਦੇ ਸੀਨ ਵੀ ਧੜਾ-ਧੜ ਨਿੱਕਲਦੇ ਗਏ।” ‘ਸੁੱਚਾ ਸੂਰਮਾ’ ਇੱਕ ਪੀਰੀਅਡ ਫਿਲਮ ਹੈ। ਅਜਿਹੀਆਂ ਫਿਲਮਾਂ ਦਾ ਨਿਰਮਾਣ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਇਸ ਸਬੰਧੀ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਅਮਿਤੋਜ ਮਾਨ ਦਾ ਕਹਿਣਾ ਹੈ, “ਇਤਿਹਾਸਿਕ ਜਾਂ ਪੀਰੀਅਡ ਫਿਲਮਾਂ ਬਣਾਉਣ ਲਈ ਹਮੇਸ਼ਾ ਵੱਡੇ ਬੱਜਟ ਤੇ ਲੰਬੇ ਸਮੇਂ ਦੀ ਲੋੜ ਹੁੰਦੀ ਹੈ। ਪਰ ਅਸੀਂ ਬੜੀ ਵਿਊਂਤਬੰਦੀ ਨਾਲ ਸ਼ੂਟਿੰਗ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਕੀਤਾ। ਇਹ ਫਿਲਮ ਸਿਰਫ਼ 45 ਦਿਨ ਵਿੱਚ ਸ਼ੂਟ (ਫਿਲਮਾਈ) ਕੀਤੀ ਗਈ। ਮਿਸਾਲ ਵਜੋਂ ਅਸੀਂ ਜੇਕਰ ਭੀੜ ਵਾਲੇ ਦ੍ਰਿਸ਼ ਫਿਲਮਾਉਣੇ ਸਨ ਤਾਂ ਇੱਕ ਦਿਨ ਹੀ ਅੱਠ ਸੌ ਬੰਦਾ ਬੁਲਾਇਆ ਅਤੇ ਵੱਡੀ ਭੀੜ ਦਾ ਕੰਮ ਨਿਬੇੜ ਲਿਆ। ਅਗਲੇ ਦਿਨ ਸਿਰਫ਼ ਡੇਢ ਸੌ ਬੰਦਾ ਬੁਲਾਕੇ ਹੀ ਕਲੋਜ਼ ਸ਼ਾਟ ਲੈ ਲਏ। ਇਸ ਤਰ੍ਹਾਂ ਨਿਰਮਾਤਾ ਦੀ ਜੇਬ ਦਾ ਖਿਆਲ ਵੀ ਬਰਾਬਰ ਰੱਖਿਆ ਗਿਆ।”

ਫਿਲਮ ‘ਸੁੱਚਾ ਸੂਰਮਾ’ ਬਣਾਉਣ ਤੋਂ ਪਹਿਲਾ ਮਿੱਥੇ ਟੀਚੇ ਬਾਰੇ ਅਮਿਤੋਜ ਮਾਨ ਦਾ ਕਹਿਣਾ ਹੈ, “ਮੇਰਾ ਪਹਿਲਾ ਮਕਸਦ ਪੰਜਾਬ ਤੇ ਪੰਜਾਬੀਅਤ ਦੀ ਸਹੀ ਅਰਥਾਂ ’ਚ ਤਰਜ਼ਮਾਨੀ ਕਰਨ ਵਾਲੀ ਫਿਲਮ ਬਣਾਉਣਾ ਹੈ। ਦੂਸਰਾ ਟੀਚਾ ਫਿਲਮ ਨਿੱਠ ਕੇ ਬਣਾਈ ਜਾਵੇ ਜੋ ਅਸਲੀਅਤ ਦੇ ਨੇੜੇ ਹੋਵੇ। ਜਿਵੇਂ ਇਹ ਫਿਲਮ ਬਣਾਉਣ ਤੋਂ ਪਹਿਲਾ ਸਾਨੂੰ ਵੱਖ-ਵੱਖ ਪਹਿਲੂਆਂ ’ਤੇ ਖੋਜ ਕਰਨੀ ਪਈ। ਅੱਜ ਤੋਂ ਸੌ ਸਾਲ ਪਹਿਲਾ ਪੰਜਾਬ ਕਿਹੋ ਜਿਹਾ ਸੀ। ਲੋਕ ਕਿਵੇਂ ਰਹਿੰਦੇ ਸਨ, ਕੀ ਪਹਿਨਦੇ ਸਨ, ਕਿਵੇਂ ਖੁਸ਼ੀਆਂ ਮਨਾਉਂਦੇ ਸਨ, ਕਿਵੇਂ ਅਣਖ ਨਾਲ ਜਿਉਂਦੇ ਸਨ, ਇਸ ਤਰ੍ਹਾਂ ਦੇ ਹੋਰ ਵੀ ਕਈ ਪਹਿਲੂਆਂ ਬਾਰੇ ਬੜੀ ਡੂੰਘਾਈ ਨਾਲ ਜਾਣਕਾਰੀ ਇਕੱਤਰ ਕੀਤੀ। ਫਿਰ ਜਾ ਕੇ ਫਿਲਮ ਲਈ ਅਦਾਕਾਰਾਂ ਦੀ ਚੋਣ ਕੀਤੀ, ਲੋਕੇਸ਼ਨ ਲੱਭੀ ਜੋ ਕਿ ਸੂਰਤਗੜ੍ਹ ਨੇੜੇ ਦੀ ਹੈ। ਇਸ ਤੋਂ ਬਾਅਦ ਸੌ ਸਾਲ ਪੁਰਾਣੇ ਘਰਾਂ ਦਾ ਸੇੱਟ ਤਿਆਰ ਕੀਤਾ ਅਤੇ ਸਭ ਤੋਂ ਵੱਡਾ ਕੰਮ ਵੱਖ-ਵੱਖ ਕਿਰਦਾਰਾਂ ਲਈ ਪੁਸ਼ਾਕਾਂ ਤੇ ਗਹਿਣੇ ਤਿਆਰ ਕਰਵਾਏ ਗਏ। ਇੱਥੋਂ ਤੱਕ ਕਿ ਫਿਲਮ ’ਚ ਵਰਤੇ ਗਏ ਹਥਿਆਰ (ਗੰਢਾਸੇ) ਵੀ ਤਿਆਰ ਕਰਵਾਏ। ਉਸ ਵੇਲੇ ਨਾਲ ਸਬੰਧਤ ਗੀਤ-ਸੰਗੀਤ ਤਿਆਰ ਕੀਤਾ ਗਿਆ। ਸਕਰਿਪਟ ’ਚ ਵਰਤੀ ਗਈ ਠੇਠ ਮਲਵਈ ਭਾਸ਼ਾ ’ਤੇ ਵਿਸ਼ੇਸ਼ ਕੰਮ ਕੀਤਾ। ਇਸ ਤਰ੍ਹਾਂ ਬਹੁਤ ਸਾਰੇ ਪਹਿਲੂਆਂ ’ਤੇ ਬੜੀ ਮਿਹਨਤ ਨਾਲ ਸਾਡੀ ਟੀਮ ਨੇ ਕੰਮ ਕੀਤਾ ਤਾਂ ਜਾ ਕੇ ਇੱਕ ਵਧੀਆ ਫਿਲਮ ਤਿਆਰ ਹੋਈ।”

ਪੰਜਾਬੀ ਸਿਨੇਮੇ ਦੇ ਮਿਆਰ ਬਾਰੇ ਗੱਲ ਕੀਤੀ ਤਾਂ ਅਮਿਤੋਜ ਮਾਨ ਨੇ ਗੁਣਵੱਤਾ ’ਤੇ ਜੋਰ ਦਿੰਦਿਆਂ ਕਿਹਾ, “ਕਿਸੇ ਵੀ ਖੇਤਰ ’ਚ ਇੱਜ਼ਤ ਡੀਮਾਂਡ (ਮੰਗਕੇ) ਨਾਲ ਨਹੀਂ ਕਰਵਾਈ ਜਾਂਦੀ ਸਗੋਂ ਕਮਾਂਡ (ਮੁਹਾਰਤ) ਨਾਲ ਕਮਾਈ ਜਾਂਦੀ ਹੈ। ਅਸੀਂ ਫਿਲਮਾਂ ਈ ਏਨੀਆਂ ਮਿਆਰੀ ਬਣਾਈਏ ਕਿ ਬਾਲੀਵੁੱਡ ਜਾਂ ਹੋਰਨਾਂ ਖਿੱਤਿਆਂ ’ਚ ਸਾਡੀਆਂ ਗੱਲਾਂ ਤੁਰਨ ਅਤੇ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਤੇ ਹੋਰ ਲੋਕ ਪੰਜਾਬੀ ਫਿਲਮਾਂ ਵੱਲ ਆਕਰਸ਼ਤ ਹੋਣ। ਸੋ ਅਸੀਂ ਇਸੇ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਕਿ ਫਿਲਮ ਤਕਨੀਕੀ, ਅਦਾਕਾਰੀ, ਮਨੋਰੰਜਨ ਤੇ ਰਹਿਤਲ ਪੱਖੋਂ ਸਚਾਈ ਦੇ ਨੇੜੇ ਹੋਵੇ। ਜਿਸ ਨੂੰ ਹਰ ਵਰਗ ਦੇ ਦਰਸ਼ਕ ਪਸੰਦ ਕਰਨ।”

ਫਿਲਮ ਸੁੱਚਾ ਸੂਰਮਾ ਦਾ ਪੋਸਟਰ।

 

Leave a Reply

Your email address will not be published. Required fields are marked *