Headlines

ਸੰਪਾਦਕੀ- ਬੀ ਸੀ ਚੋਣਾਂ 2024 – ਵਾਅਦਿਆਂ ਤੇ ਐਲਾਨਾਂ ਦੀ ਭਰਮਾਰ…

-ਸੁਖਵਿੰਦਰ ਸਿੰਘ ਚੋਹਲਾ-

ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਲਈ 19 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਲਈ ਚੋਣ ਮੈਦਾਨ ਵਿਚ ਨਿਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ-ਬੀ ਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵ ਤੇ ਬੀ ਸੀ ਗਰੀਨ ਪਾਰਟੀ ਦੇ ਆਗੂਆਂ ਤੇ ਉਮੀਦਵਾਰਾਂ ਵਲੋਂ ਪੂਰੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਆਗੂਆਂ ਵਲੋਂ ਵੋਟਰਾਂ ਨਾਲ ਵਾਅਦਿਆਂ ਉਪਰ ਵਾਅਦੇ ਕਰਦਿਆਂ ਇਕ ਦੂਸਰੇ ਤੋਂ ਵਧਕੇ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ।

ਪਿਛਲੇ ਲਗਪਗ 7 ਸਾਲ ਤੋਂ ਸੱਤਾ ਤੇ ਕਾਬਜ਼ ਬੀ ਸੀ ਐਨ ਡੀ ਪੀ ਪਾਰਟੀ ਨੇ ਆਪਣਾ ਪਲੇਟਫਾਰਮ ਜਾਰੀ ਕਰਦਿਆਂ ਕਈ ਤਰਾਂ ਦੇ ਵਾਅਦੇ ਕੀਤੇ ਹਨ। ਬੀ ਸੀ ਕੰਸਰਵੇਟਿਵ ਪਾਰਟੀ ਨੇ ਭਾਵੇਂਕਿ ਅਜੇ ਕੋਈ ਪਲੇਟਫਾਰਮ ਜਾਰੀ ਨਹੀ ਕੀਤਾ ਪਰ ਉਸਦੇ ਆਗੂ ਵਲੋ ਹਰ ਰੋਜ਼ ਕੋਈ ਨਾ ਕੋਈ ਨਵਾਂ ਐਲਾਨ ਕੀਤਾ ਜਾ ਰਿਹਾ ਹੈ।

ਬੀ ਸੀ ਐਨ.ਡੀ.ਪੀ ਵਲੋ ਜਾਰੀ ਪਲੇਟਫਾਰਮ ਤੇ ਪਾਰਟੀ ਆਗੂ ਵਲੋਂ ਕੀਤੇ ਜਾ ਰਹੇ ਐਲਾਨਾਂ ਮੁਤਾਬਿਕ ਅਗਰ ਲੋਕ ਐਨਡੀਪੀ ਸਰਕਾਰ ਨੂੰ ਮੁੜ ਮੌਕਾ ਦਿੰਦੇ ਹਨ ਤਾਂ ਉਹ ਓਵਰਲੈਪਿੰਗ ਨਸ਼ੇ, ਮਾਨਸਿਕ ਬਿਮਾਰੀਆਂ ਅਤੇ ਦਿਮਾਗੀ ਸੱਟਾਂ ਵਾਲੇ ਲੋਕਾਂ ਦੀ  ਦੇਖਭਾਲ ਲਈ ਸਹੂਲੀਅਤ ਕੇਂਦਰ ਖੋਲ੍ਹੇਗੀ।

ਡੇਵਿਡ ਈਬੀ ਦਾ  ਇਹ ਵੀ ਵਾਅਦਾ ਕਿ ਐਨ ਡੀ ਪੀ  ਸੂਬੇ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਕਾਰਬਨ ਟੈਕਸ ਨੂੰ ਰੱਦ ਕਰ ਦੇਵੇਗੀ ਅਤੇ ਇਸ ਦਾ  ਬੋਝ ਭਾਰੀ ਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ ਤੇ ਪਾਇਆ ਜਾਵੇਗਾ। ਸਰੀ ਵਿਚ ਆਪਣੀ ਪਹਿਲੀ ਚੋਣ ਰੈਲੀ ਦੌਰਾਨ ਉਹਨਾਂ ਐਲਾਨ ਕੀਤਾ ਕਿ ਐਨ ਡੀ ਪੀ ਹਰ ਸਾਲ ਟੈਕਸਾਂ ਤੋਂ 10,000 ਡਾਲਰ ਵਿਅਕਤੀਗਤ ਆਮਦਨ ਤੇ  ਛੋਟ ਦੇਵੇਗੀ, ਜੋ ਪ੍ਰਤੀ ਪਰਿਵਾਰ 1000 ਡਾਲਰ ਅਤੇ ਪ੍ਰਤੀ ਵਿਅਕਤੀ ਨੂੰ 500 ਡਾਲਰ  ਦੀ ਸਾਲਾਨਾ ਟੈਕਸ ਕਟੌਤੀ ਦਾ ਲਾਭ ਮਿਲੇਗਾ।

ਐਨ ਡੀ ਪੀ ਜਿਸ ਲਈ ਹਾਊਸਿੰਗ ਇੱਕ ਕੇਂਦਰੀ ਮੁੱਦਾ ਹੈ, ਉਹ ਮੌਜੂਦਾ ਸਪੈਕੂਲੇਸ਼ਨ ਟੈਕਸ ਨੂੰ ਵਧਾਉਣ ਅਤੇ ਜਨਤਕ ਜ਼ਮੀਨਾਂ ‘ਤੇ ਘਰ ਬਣਾਉਣ ਨੂੰ ਤਰਜੀਹ ਦੇਣ ਦਾ ਵਾਅਦਾ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਪੈਕੂਲੇਸ਼ਨ ਟੈਕਸ ਦਾ ਉਦੇਸ਼ ਖਾਲੀ ਪਏ ਘਰਾਂ ਨੂੰ ਕਿਰਾਏ ਦੀਆਂ ਥਾਵਾਂ  ਵਿੱਚ ਬਦਲਣਾ ਹੈ। ਇਸ ਸਮੇਂ ਸਪੈਕੂਲੇਸ਼ਨ ਟੈਕਸ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਲਈ 0.5 ਪ੍ਰਤੀਸ਼ਤ ਹੈ ਅਤੇ ਵਿਦੇਸ਼ੀ ਮਾਲਕਾਂ ਅਤੇ ਸੈਟੇਲਾਈਟ ਪਰਿਵਾਰਾਂ ( ਪਰਿਵਾਰ ਦਾ ਇਕ ਜੀਅ ਕੈਨੇਡਾ ਤੇ ਇਕ ਵਿਦੇਸ਼ ਵਿਚ) ਲਈ ਇਹ ਦੋ ਪ੍ਰਤੀਸ਼ਤ ਹੈ। ਈਬੀ ਦੇ ਵਾਅਦੇ ਮੁਤਾਬਿਕ ਟੈਕਸ ਕੈਨੇਡਾ ਦੇ ਵਸਨੀਕਾਂ ਲਈ ਇੱਕ ਪ੍ਰਤੀਸ਼ਤ ਅਤੇ ਵਿਦੇਸ਼ੀ ਮਾਲਕਾਂ ਲਈ 2025 ਤੋਂ ਤਿੰਨ ਪ੍ਰਤੀਸ਼ਤ ਤੱਕ ਵਧਾਇਆ ਜਾਵੇਗਾ।

ਐਨ ਡੀ ਪੀ ਨੇ ਸਰੀ ਦੇ ਲੋਕਾਂ ਦੀਆਂ ਮੰਗਾਂ ਨੂੰ ਤਰਜੀਹ ਦਿੰਦਿਆਂ ਲੈਂਗਲੀ ਤੱਕ ਸਕਾਈ ਟਰੇਨ ਲਾਈਨ ਨੂੰ ਪੂਰਾ ਕਰਨ ਦੇ ਨਾਲ-ਨਾਲ ਮੈਟਰੋ ਵੈਨਕੂਵਰ ਦੇ ਨਾਰਥ ਤੱਕ ਸਕਾਈ ਟਰੇਨ ਜਾਂ ਲਾਈਟ ਰੇਲ ਸੇਵਾ ਦੇਣ ਦਾ ਵਾਅਦਾ ਕੀਤਾ ਹੈ। ਔਫ-ਪੀਕ ਸਮੇਂ ਦੌਰਾਨ ਬਜ਼ੁਰਗਾਂ ਲਈ ਮੁਫਤ ਆਵਾਜਾਈ ਸਹੂਲਤ ਦੇਣ ਦਾ  ਵੀ ਵਾਅਦਾ ਕੀਤਾ ਗਿਆ ਹੈ। ਪਾਰਟੀ ਵਲੋਂ ਆਟੋ ਚਾਲਕਾਂ ਦੇ ਬੀਮਾ ਪ੍ਰੀਮੀਅਮਾਂ ਵਿਚ ਸਹੂਲਤਾਂ ਦੇ ਵਾਅਦੇ ਨਾਲ ਕਾਰ ਬੀਮਾ ਪ੍ਰੀਮੀਅਮਾਂ ਨੂੰ ਫ੍ਰੀਜ਼ ਕਰਨ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਦੇ ਸਰੀ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪਾਸਾਰ ਲਈ ਵਿਸ਼ੇਸ਼ ਯਤਨਾਂ ਨੂੰ ਵੀ ਇਹਨਾਂ ਵਾਅਦਿਆਂ ਵਿਚ ਸ਼ਾਮਿਲ ਕਰ ਲਿਆ ਹੈ।

ਐਨ ਡੀ ਪੀ ਵਲੋਂ ਆਪਣੇ ਚੋਣ ਵਾਅਦਿਆਂ ਤੇ ਐਲਾਨਾਂ ਦੇ ਨਾਲ ਮੁੱਖ ਵਿਰੋਧੀ ਬੀ ਸੀ ਕੰਸਰਵੇਟਿਵ ਦੇ ਆਗੂ ਨੂੰ ਇਹਨਾਂ ਸਭ ਸਹੂਲਤਾਂ ਦਾ ਵਿਰੋਧੀ ਗਰਦਾਨਿਆ ਜਾ ਰਿਹਾ ਹੈ ਜਦੋਂਕਿ ਕੰਸਰਵੇਟਿਵ ਆਗੂ ਨੇ ਆਪਣੇ ਨਾਮ ਉਪਰ ਰਸਟੈਡ ਰੀਬੇਟ ਦਾ ਐਲਾਨ ਕਰਦਿਆਂ 2026 ਦੇ ਬਜਟ ਵਿੱਚ 1,500 ਡਾਲਰ ਮਹੀਨਾਵਾਰ ਨਾਲ ਸ਼ੁਰੂ ਹੋਣ ਵਾਲੇ ਆਮਦਨ ਕਰਾਂ ਤੋਂ $3,000 ਪ੍ਰਤੀ ਮਹੀਨਾ ਕਿਰਾਏ ਜਾਂ ਮੌਰਗੇਜ ਵਿਆਜ ਦੀ ਲਾਗਤ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।

ਰਸਟੈਡ ਨੇ ਆਈ ਸੀ ਬੀ ਸੀ ਦੇ ਕੰਮਕਾਜ਼ ਦੇ ਢੰਗ ਦੀ ਆਲੋਚਨਾ ਕਰਦਿਆਂ ਕਾਰ ਬੀਮੇ ‘ਤੇ ਆਈ ਸੀ ਬੀ ਸੀ ਦੇ  ਏਕਾਧਿਕਾਰ ਨੂੰ ਖਤਮ ਕਰਨ ਤੇ ਮੁਕਾਬਲੇ ਦੀ ਇੰਸੋਰੈਂਸ ਲੈਣ ਦੀ ਖੁੱਲ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ  ਇਲੈਕਟ੍ਰਿਕ ਵਾਹਨਾਂ ਅਤੇ ਹੀਟ ਪੰਪਾਂ ‘ਤੇ ਮੌਜੂਦਾ ਸੂਬਾਈ ਆਦੇਸ਼ਾਂ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਹੈ।  ਕੰਸਰਵੇਟਿਵਾਂ ਨੇ ਜਨਤਕ ਸੁਰੱਖਿਆ ਨੂੰ ਇੱਕ ਪ੍ਰਮੁੱਖ ਲੜਾਈ ਦੇ ਮੈਦਾਨ ਦਾ ਮੁੱਦਾ ਬਣਾਇਆ ਹੈ ਅਤੇ ਇਸਨੂੰ ਬੀ.ਸੀ. ਦੀ ਡਰੱਗ-ਅਪਰਾਧੀਕਰਨ ਨੀਤੀ ਨਾਲ ਜੋੜਿਆ ਹੈ। ਪੁਲਿਸ ਨਫਰੀ ਨੂੰ ਵਧਾਉਣ ਦੇ ਨਾਲ ਜਨਤਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ “ਜ਼ੀਰੋ-ਟੌਲਰੈਂਸ” ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਕੰਸਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਵਾਤਾਵਰਣ ਸੰਭਾਲ ਦੇ ਨਾਮ ਹੇਠ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਨੀਤੀਆਂ ਨੂੰ ਰੱਦ  ਕਰੇਗੀ। ਲੋਕਾਂ ਦੀ ਵਰਤੋਂ ਲਈ ਪਲਾਸਟਿਕ ਦੀਆਂ ਸਟਰਾਅ ਅਤੇ ਪਲਾਸਟਿਕ ਦੇ ਡੂਨਿਆਂ ਦੀ ਵਰਤੋਂ ਤੇ ਪਾਬੰਦੀ ਖਤਮ ਕੀਤੀ ਜਾਵੇਗੀ।

ਉਹਨਾਂ ਸਰੀ ਦੇ ਵੋਟਰਾਂ ਵਲ ਵਿਸ਼ੇਸ਼ ਧਿਆਨ ਦਿੰਦਿਆਂ ਕਿਹਾ ਹੈ ਕਿ ਐਨ ਡੀ ਪੀ ਨੇ ਹੁਣ ਤੱਕ ਸਰੀ ਨਾਲ ਦੂਸਰੇ ਦਰਜੇ ਦਾ ਵਿਵਹਾਰ ਕੀਤਾ ਹੈ। ਕੰਸਰਵੇਟਿਵ ਸਰੀ ਨੂੰ ਬੀ ਸੀ ਦਾ ਫਸਟ ਕਲਾਸ ਸ਼ਹਿਰ ਬਣਾਉਣ ਲਈ ਭਾਰੀ ਨਿਵੇਸ਼ ਕਰਨ ਦਾ ਵਾਅਦਾ ਕਰਦੇ ਹਨ। ਇਸ ਤਹਿਤ ਸਰੀ ਵਿਚ ਸਕਾਈਟਰੇਨ ਦਾ ਨਿਊਟਨ ਤੱਕ ਵਿਸਥਾਰ, ਪਟੂਲੋ ਬ੍ਰਿਜ ਨੂੰ ਛੇ ਲੇਨਾਂ ਕਰਨ ਅਤੇ ਮੈਸੀ ਟਨਲ ਨੂੰ ਆਵਾਜਾਈ ਲਈ ਨਵਾਂ ਬਦਲ ਦੇਣਾ ਸ਼ਾਮਿਲ ਕੀਤਾ ਗਿਆ ਹੈ।

ਦੋਵਾਂ ਮੁੱਖ ਪਾਰਟੀਆਂ ਵਿਚਾਲੇ ਬੀਸੀ ਗਰੀਨ ਪਾਰਟੀ ਜਿਸਦਾ ਮੰਨਣਾ ਹੈ ਕਿ ਘੱਟ ਗਿਣਤੀ ਸਰਕਾਰ ਬਣਨ ਦੀ ਸੰਭਾਵਨਾ ਦੌਰਾਨ ਉਹ ਕਿੰਗ ਮੇਕਰ ਵਾਲੀ ਭੂਮਿਕਾ ਨਿਭਾਉਣ ਦੇ ਯੋਗ ਹੋ ਸਕਦੇ ਹਨ। ਗਰੀਨ ਪਾਰਟੀ ਲੀਡਰ ਸੋਨੀਆ ਫਰਸਟੀਨੋ ਦਾ ਕਹਿਣਾ ਹੈ ਕਿ ਉਸਦੀ ਪਾਰਟੀ ਦੇ ਪਲੇਟਫਾਰਮ ਮੁੱਖ ਉਦੇਸ਼ ਲੋਕਾਂ ਦੀ ਭਲਾਈ  ਹੈ । ਗਰੀਨ ਪਾਰਟੀ ਆਮ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਅਮੀਰਾਂ ‘ਤੇ ਵਾਧੂ ਟੈਕਸ ਲਗਾਉਣ ਦਾ ਵਾਅਦਾ ਕਰਦੀ ਹੈ , ਜਿਸ ਵਿੱਚ 3 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਕੀਮਤ ਵਾਲੇ ਘਰਾਂ ਲਈ ਜਾਇਦਾਦ ਟੈਕਸ ਦੀਆਂ ਦਰਾਂ ਨੂੰ ਦੁੱਗਣਾ ਕਰਨ ਅਤੇ 1 ਬਿਲੀਅਨ ਡਾਲਰ ਤੋਂ ਵੱਧ ਕਾਰਪੋਰੇਟ ਮੁਨਾਫ਼ੇ ਦਾ 18 ਪ੍ਰਤੀਸ਼ਤ ਟੈਕਸ ਲਾਗੂ ਕਰਨ ਦੇ ਪ੍ਰਸਤਾਵ ਹਨ।

ਇਹਨਾਂ ਚੋਣਾਂ ਦੌਰਾਨ ਮੈਦਾਨ ਵਿਚ ਕੁੱਦੀਆਂ ਤਿੰਨ ਪਾਰਟੀਆਂ ਕੋਲ ਵਾਅਦਿਆਂ ਦੀ ਭਰਮਾਰ ਹੈ। ਬੀ ਸੀ ਐਨ ਡੀ ਪੀ ਤੇ ਬੀ ਸੀ ਕੰਸਰਵੇਟਿਵ ਆਗੂ ਇਕ ਦੂਸਰੇ ਤੋਂ ਵਧ ਚੜਕੇ ਵਾਅਦੇ ਅਤੇ ਐਲਾਨ ਕਰ ਰਹੇ ਹਨ। ਇਹਨਾਂ ਵਾਅਦਿਆਂ ਤੇ ਐਲਾਨਾਂ ਦਾ ਚੋਣਾਂ ਤੋ ਬਾਦ ਕੀ ਬਣੇਗਾ,ਕਹਿਣਾ ਮੁਸ਼ਕਲ ਹੈ ਪਰ ਵਾਅਦਿਆਂ ਤੇ ਐਲਾਨਾਂ ਦੇ ਨਾਲ ਇਕ ਦੂਸਰੇ ਉਪਰ ਦੂਸ਼ਣਬਾਜੀ ਤੇ ਚੜੋਖਤੀ ਵਾਲਾ ਵਿਵਹਾਰ ਨਿਰਾਸ਼ ਕਰਨ ਵਾਲਾ  ਹੈ। ਵੋਟਰ ਇਹਨਾਂ ਵਾਅਦਿਆਂ ਤੇ ਐਲਾਨਾਂ ਨੂੰ ਧਿਆਨ ਨਾਲ ਵਾਚ ਰਹੇ ਹਨ।