Headlines

ਹਰਿਆਣਾ ਵਿਚ ਭਾਜਪਾ ਦੀ ਹੈਟ੍ਰਿਕ-ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਜੇਤੂ

ਚੰਡੀਗੜ ( ਦੇ ਪ੍ਰ ਬਿ)- ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ 90 ਸੀਟਾਂ ਦੇ ਨਤੀਜੇ ਆ ਗਏ ਹਨ ਜਿਸ ਵਿਚ ਭਾਜਪਾ ਨੇ ਬਹੁਮਤ ਹਾਸਲ ਕਰਦਿਆਂ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ । ਭਾਜਪਾ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅੱਠ ਸੀਟਾਂ ਦਾ ਫਾਇਦਾ ਹੋਇਆ ਹੈ। ਇੰਡੀਅਨ ਨੈਸ਼ਨਲ ਲੋਕ ਦਲ ਨੂੰ 2 ਸੀਟਾਂ, 3 ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਨੂੰ ਹਰਿਆਣਾ ਵਿਚ ਕੋਈ ਸੀਟ ਨਹੀ ਮਿਲੀ। ਭਾਜਪਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਸੀਟਾਂ ਤੋਂ ਜਿੱਤ ਗਏ ਹਨ। ਕਾਂਗਰਸ ਨੇ ਇਨ੍ਹਾਂ ਨਤੀਜਿਆਂ ਨੂੰ ਹੈਰਾਨੀਜਨਕ ਦੱਸਦਿਆਂ ਕਿਹਾ ਕਿ ਇਹ ਨਤੀਜੇ ਲੋਕਾਂ ਦੀਆਂ ਆਸਾਂ ਮੁਤਾਬਕ ਨਹੀਂ ਆਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 12 ਅਕਤੂਬਰ ਨੂੰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਤੇ ਲਾਡਵਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਹਲਕੇ ਤੋਂ 16054 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਸੂਬੇ ਵਿਚ ਭਾਜਪਾ ਦੀ ਜਿੱਤ ’ਤੇ ਸ੍ਰੀ ਸੈਣੀ ਨੇ ਹਰਿਆਣਾ ਦੇ 2.80 ਕਰੋੜ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ।

ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਜੇਤੂ-

ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ  ਇੰਡੀਆ ਗੱਠਜੋੜ ਨੇ ਜਿੱਤ ਹਾਸਲ ਕੀਤੀ ਹੈ। ਇਸ ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ (ਐਨਸੀ) ਨੂੰ ਸਭ ਤੋਂ ਵੱਧ 42 ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਨੂੰ 6 ਤੇ ਸੀਪੀਆਈ ਐਮ ਨੂੰ ਇਕ ਸੀਟ ਮਿਲੀ ਹੈ। ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪਾਰਟੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਚਾਰ ਸੀਟਾਂ ਦਾ ਫਾਇਦਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੇ ਤਿੰਨ ਸੀਟਾਂ ਜਿੱਤੀਆਂ ਹਨ।  ਆਮ ਆਦਮੀ ਪਾਰਟੀ ਨੇ ਡੋਡਾ ਹਲਕੇ ਤੋਂ ਇਕ ਸੀਟ ਜਿੱਤ ਕੇ ਪਹਿਲੀ ਵਾਰ ਜਿੱਤ ਦਰਜ ਕਰਵਾਈ ਹੈ। ਗਠਜੋੜ ਨੂੰ ਕਸ਼ਮੀਰ ਖੇਤਰ ਅਤੇ ਭਾਜਪਾ ਨੂੰ ਜੰਮੂ ਖੇਤਰ ਵਿਚ ਵਧੇਰੇ ਸੀਟਾਂ ਮਿਲੀਆਂ ਹਨ। ਜੰਮੂ ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਉਮਰ ਅਬਦੁੱਲਾ ਹੋਣਗੇ। ਉਮਰ ਨੇ ਦੋ ਸੀਟਾਂ ਬਡਗਾਮ ਤੇ ਗੰਦਰਬਲ ਵਿਚ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਆਪਣੀ ਜਿੱਤ ਉਪਰੰਤ ਵੋਟਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਨੂੰ ਰਾਜ ਦਾ ਰੁਤਬਾ ਬਹਾਲ ਕਰਨ ਦੀ ਮੰਗ ਕੀਤੀ ਹੈ।