Headlines

ਡਰੱਗ ਤੇ ਸੋਜੀ ਜਿਹੇ ਲੋਕ ਵਿਰੋਧੀ ਫੈਸਲੇ ਲਾਗੂ ਕਰਨ ਵਾਲੀ ਐਨ ਡੀ ਪੀ ਨੂੰ ਸਬਕ ਸਿਖਾਉਣ ਦਾ ਵੇਲਾ

ਮਨਿੰਦਰ ਸਿੰਘ ਗਿੱਲ-

ਸਰੀ (ਕੈਨੇਡਾ)- ਬ੍ਰਿਟਿਸ਼ ਕੋਲੰਬੀਆ ਸੂਬਾ ਸੂਬਾਈ ਚੋਣਾਂ ਦੀਆਂ ਬਰੂਹਾਂ ‘ਤੇ ਖੜ੍ਹਾ ਹੈ ਜਿੱਥੇ ਚੋਣਾਂ ਕੁਝ ਹੀ ਹਫਤੇ ਦੂਰ ਰਹਿ ਗਈਆਂ ਹਨ। ਥੋੜਾ ਅਰਸਾ ਪਹਿਲਾਂ ਲੀਡਰਸ਼ਿਪ ਦੌੜ ਵਿੱਚ ਜੇਤੂ ਹੋਕੇ ਤਾਕਤ ਵਿੱਚ ਆਏ ਪ੍ਰੀਮੀਅਰ ਡੇਵਿਡ ਈਬੀ ਆਪਣੇ ਜੇਤੂ ਰੱਥ ‘ਤੇ ਸਵਾਰ ਇੰਝ ਮਹਿਸੂਸ ਕਰ ਰਹੇ ਸੀ ਜਿਵੇਂ ਚੋਣ ਜਿੱਤਣੀ ਉਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੋਵੇ, ਐਨ ਉਸ ਤਰ੍ਹਾਂ ਜਿਵੇਂ ਸੌਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਾ-ਹਰਾ ਵਿਖਾਈ ਦਿੰਦਾ ਹੈ। ਆਪਣੀ ਜਿੱਤ ਲਈ ਪੂਰੀ ਤਰ੍ਹਾਂ ਆਸਵੰਦ ਡੇਵਿਡ ਈਬੀ ਨੂੰ ਵਿਰਾਸਤ ਵਿੱਚ ਉਹ ਸਭ ਕੁਝ ਮਿਲਿਆ ਜੋ ਕਿ ਇੱਕ ਕਾਮਯਾਬ ਲੀਡਰ ਬਣਨ ਦੇ ਲਈ ਲੋੜੀਂਦਾ  ਹੈ। ਉਸਨੂੰ ਬੈਲੰਸ ਬਜਟ ਮਿਲਿਆ,  ਚੰਗੀ ਰੇਟਿੰਗ ਮਿਲੀ ਤੇ ਜਦੋਂ ਵਿਰੋਧੀ ਧਿਰ ਦੋ ਧੜਿਆਂ ਵਿੱਚ ਜਾਂ ਇੰਝ ਕਹੀਏ ਕਿ ਦੋ ਪਾਰਟੀਆਂ ਵਿੱਚ ਦੋਫਾੜ ਹੋ ਗਈ ਤਾਂ ਡੇਵਿਡ ਈਬੀ ਨੂੰ ਆਪਣੇ ਲੰਬੇ ਕਾਰਜਕਾਰਲ ਉੱਤੇ ਕੋਈ ਸ਼ੱਕ ਨਹੀਂ ਸੀ ਰਿਹਾ। ਡੇਵਿਡ ਈਬੀ ਅਤੇ ਉਸਦੀ ਬੀਸੀ ਐਨਡੀਪੀ ਨੇ ਝੂਠੀ ਹਾਂ ‘ਚ ਹਾਂ ਮਿਲਾਉਣ ਵਾਲੇ ਐਮਐਲਏ ਅਤੇ ਦਰਬਾਰੀ ਮੰਤਰੀਆਂ ਆਸਰੇ ਆਪਣਾ ਇੱਕ ਸੁਪਨ ਸੰਸਾਰ ਸਿਰਜ ਲਿਆ ਹੈ। ਅਫਸੋਸ ਇਹ ਹੈ ਕਿ ਈਬੀ ਨੇ ਕਦੇ ਵੀ ਆਪਣੇ ਸੁਪਨ ਸੰਸਾਰ ‘ਚੋਂ ਬਾਹਰ ਨਿਕਲ ਕੇ ਧਰਾਤਲ ਦਾ ਅਸਲ ਸੱਚ ਨਹੀਂ ਜਾਣਿਆ ਕਿ ਕਿਸ ਤਰਾਂ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਦਿਨ ਕਟੀ ਕਰ ਰਹੇ ਹਨ, ਕਿਸ ਤਰ੍ਹਾਂ ਮਾਂ ਬਾਪ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਚਿੰਤਤ ਹਨ, ਕਿਸ ਤਰ੍ਹਾਂ ਮਰੀਜ਼ ਹਸਪਤਾਲਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਤੇ ਕਿਸ ਤਰ੍ਹਾਂ ਸੂਬੇ ਦੀ ਆਰਥਿਕਤਾ ਡਾਵਾਂ ਡੋਲ ਹੋ ਰਹੀ ਹੈ, ਕਿਸ ਤਰ੍ਹਾਂ ਸੂਬੇ ਵਿੱਚ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਰਿਹਾ ਹੈ ਪਰ ਡੇਵੀਡ ਈਬੀ ਨੂੰ ਤਾਂ ਸਭ ਕੁਝ ਹਰਾ ਹੀ ਵਿਖਾਈ ਦੇ ਰਿਹਾ ਸੀ।
ਜੇ ਗੱਲ ਸਕੂਲੀ ਸਿੱਖਿਆ ਦੀ ਕਰੀਏ ਤਾਂ ਸਕੂਲਾਂ ਵਿੱਚ ਸਿੱਖਿਆ ਦੀ ਜਗ੍ਹਾ ਬੱਚਿਆਂ ਨੂੰ ਸਫਾਈ ਨਾਲ ਨਸ਼ੇ ਕਰਨ ਦੀ ਸੌਖੀ ਵਿਧੀ ਅਤੇ ਲਿੰਗ ਪਰਿਵਰਤਨ ਦੀਆਂ ਨਵੀਆਂ-ਨਵੀਆਂ ਇਬਾਰਤਾਂ ਪੜ੍ਹਾਈਆਂ ਜਾ ਰਹੀਆਂ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਸਕੂਲਾਂ ਦੀਆਂ ਲਾਈਬ੍ਰੇਰੀਆਂ ਵਿੱਚ ਅਸ਼ਲੀਲ ਪੁਸਤਕਾਂ ਖੁਦ ਸਰਕਾਰ ਵੱਲੋਂ ਰੱਖੀਆਂ ਗਈਆਂ, ਜਿਸ ਵਿੱਚ ਨੌਜਵਾਨਾਂ ਨੂੰ ਇੱਕ ਦੂਸਰੇ ਦੇ ਨਾਲ ਸਰੀਰਕ ਸਬੰਧ ਬਣਾਉਂਦਿਆਂ ਤੇ ਹੋਰ ਇਤਰਾਜ਼ਯੋਗ ਗਤੀਵਿਧੀਆਂ ਵਿੱਚ ਦਿਖਾਇਆ ਗਿਆ ਸੀ, ਜਦੋਂ ਇਨ੍ਹਾਂ ਪੁਸਤਕਾਂ ਬਾਰੇ ਵਿਰੋਧੀ ਧਿਰ ਨੇ ਸਵਾਲ ਚੁੱਕੇ ਤਾਂ ਸੂਬੇ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਇਨ੍ਹਾਂ ਪੁਸਤਕਾਂ ਦੀ ਹਮਾਇਤ ਵਿੱਚ ਸਿਰਫ ਡਟਕੇ ਸਟੈਂਡ ਹੀ ਨਹੀਂ ਲਿਆ ਸਗੋਂ ਕਿਹਾ ਕਿ ਇਹਨਾਂ ਪੁਸਤਕਾਂ ਦਾ ਬੱਚਿਆਂ ਦੇ ਸਕੂਲ ਦੇ ਵਿੱਚ ਹੋਣਾ ਬਿਲਕੁਲ ਜਾਇਜ਼ ਹੈ। ਸਕੂਲਾਂ ਵਿੱਚ ਪੋਰਟੇਬਲ ਖਤਮ ਕਰਨ ਦੇ ਵਾਅਦੇ ਨਾਲ ਆਈ ਐਨਡੀਪੀ ਪੋਰਟੇਬਲ ਤਾਂ ਖਤਮ ਨਹੀਂ ਕਰ ਸਕੀ ਪਰ ਇਸਨੇ ਸਾਡੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਕੁਰਾਹੇ ਪਾਉਣ ‘ਚ ਕੋਈ ਕਸਰ ਨਹੀਂ ਛੱਡੀ।
ਸਿਹਤ ਸੇਵਾਵਾਂ ਦਾ ਬੀਸੀ ਵਿੱਚ ਬੁਰਾ ਹਾਲ ਹੈ ਮਰੀਜ਼ ਲੰਬੀਆਂ ਵੇਟਿੰਗ ਲਾਈਨਾਂ ਵਿੱਚ ਖੜ੍ਹੇ ਕੁਰਲਾ ਰਹੇ ਹਨ ਤੇ ਵਿਰਲਾਪ ਕਰ ਰਹੇ ਨੇ ਹਨ, ਪਰ ਸਰਕਾਰ ਦੇ ਕੰਨਾਂ ਵਿੱਚ ਜੂੰ ਨਹੀਂ ਸਰਕ ਰਹੀ। ਮਜਬੂਰੀ ਦਾ ਆਲਮ ਇਹ ਹੈ ਕਿ ਲੋਕਾਂ ਨੂੰ ਆਪਣੇ ਇਲਾਜ ਲਈ ਅਮਰੀਕਾ ਜਾਂ ਭਾਰਤ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਸਾਡੇ ਡਾਕਟਰ ਅਤੇ ਨਰਸਾਂ ਅਜਿਹੇ ਹਾਲਾਤਾਂ ਵਿੱਚ ਕੰਮ ਕਰ ਰਹੇ ਹਨ ਜਿਸਨੂੰ ਬਿਆਨ ਕਰਨਾ ਵੀ ਔਖਾ ਹੈ। ਨਵੇਂ ਹਸਪਤਾਲ ਬਣਾਉਣ ਦੀ ਥਾਂ ਬੀਸੀ ਐਨਡੀਪੀ ਹਸਪਤਾਲਾਂ ਵਿੱਚ ਨਸ਼ਾ ਪੱਤਾ ਕਰਨ ਲਈ ਖੁੱਲੀ ਤੇ ਸੁਖਾਲੀ ਜਗ੍ਹਾ ਬਣਾਉਣ ਦਾ ਪ੍ਰਸਤਾਵ ਲੈ ਕੇ ਆਈ ਹੈ, ਇੱਕ ਲੀਕ ਹੋਏ ਮੈਮੋਰੈਂਡਮ ਨੇ ਲੋਕਾਂ ਦੇ ਉਸ ਵੇਲੇ ਹੋਸ਼ ਉਡਾ ਦਿੱਤੇ ਜਦੋਂ ਹੈਲਥ ਅਥਾਰਟੀ ਵੱਲੋਂ ਇਹ ਕਿਹਾ ਗਿਆ ਕਿ ਨਸ਼ਾ ਪੱਤਾ ਕਰਨ ਵਾਲਿਆਂ ਨੂੰ ਹਸਪਤਾਲਾਂ ਦੇ ਵਿੱਚ ਨਸ਼ਾ ਕਰਨ ਅਤੇ ਹਥਿਆਰ ਲਿਜਾਣ ਤੋਂ ਵੀ ਨਾ ਰੋਕਿਆ ਜਾਵੇ। ਨਸ਼ੇ ਦਾ ਪ੍ਰਕੋਪ ਸਾਡੀ ਨੌਜਵਾਨੀ ‘ਤੇ ਕਾਫੀ ਭਾਰੂ ਹੋ ਗਿਆ ਹੈ ਇਸ ਨਸ਼ੇ ਦੀ ਰੋਕਥਾਮ ਕਰਨ ਲਈ ਕੋਈ ਉੱਦਮ ਕਰਨ ਦੀ ਬਜਾਏ ਬੀਸੀਐਨਡੀਪੀ ਸਰਕਾਰ ਨੇ ਖੁੱਲੇ ਨਸ਼ੇ ਵੰਡਣ ਦੀ ਨੀਤੀ ਇਖਤਿਆਰ ਕਰ ਲਈ ਹੈ ਜਿਸ ਤਹਿਤ ਡਰੱਗ ਦਾ ਗੈਰ-ਅਪਰਾਧੀਕਰਨ ਕੀਤਾ ਗਿਆ ਹੈ, ਜਿਸ ਕਾਰਨ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕ ਖੁੱਲ੍ਹੇਆਮ ਪਾਰਕਾਂ ਤੇ ਰੈਸਟੋਰੈਂਟਾਂ ਵਿੱਚ ਨਸ਼ੇ ਕਰਨ ਲੱਗੇ ਹਨ। ਜਿਸ ਸਦਕਾ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਤੋਂ ਪਹਿਲਾਂ ਇਹ ਗੱਲ ਦੇਖਣੀ ਪੈਂਦੀ ਹੈ ਕਿ ਕਿਤੇ ਕੋਈ ਨਸ਼ੇ ਦੀ ਕੋਈ ਸੂਈ ਤਾਂ ਉਥੇ ਨਹੀਂ ਸੁੱਟ ਗਿਆ। ਬੀਸੀ ਸਰਕਾਰ ਟੈਕਸਪੇਅਰ ਦੀ ਕੀਮਤ ਤੇ ਸੇਫ ਸਪਲਾਈ ਦੇ ਅਧੀਨ ਨਸ਼ਾ ਵੰਡ ਰਹੀ ਹੈ ਅਤੇ ਇਹ ਸਰਕਾਰੀ ਨਸ਼ਾ ਸਿੱਧੇ ਰੂਪ ਵਿੱਚ ਡਰੱਗ ਡੀਲਰਾਂ ਦੇ ਹੱਥ ਦੇ ਵਿੱਚ ਜਾ ਰਿਹਾ ਹੈ। ਇਸ ਤਰ੍ਹਾਂ ਸਰਕਾਰ ਬੀਸੀ ਵਿੱਚ ਸਭ ਤੋਂ ਵੱਡੀ ਡਰੱਗ ਡੀਲਰ ਹੋਣ ਦਾ ਰੁਤਬਾ ਹਾਸਿਲ ਕਰ ਚੁੱਕੀ ਹੈ। ਇਸ ਨਸ਼ੇ ਦੇ ਦਲਦਲ ਵਿੱਚ ਫਸ ਕੇ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ ਤੇ ਕੁਝ ਕੁ ਲੋਕ ਜਿਨਾਂ ਨੂੰ ਮੈਂਟਲ ਹੈਲਥ ਸਮੱਸਿਆ ਹੈ ਉਹ ਇਲਾਜ ਦੀ ਅਣਹੋਂਦ ਕਾਰਨ ਸੜਕਾਂ ‘ਤੇ ਦੂਸਰਿਆਂ ਲਈ ਵੀ ਖਤਰਾ ਬਣ ਰਹੇ ਹਨ, ਪਰ ਸਰਕਾਰ ਇਸ ਸਭ ਕਾਸੇ ਦੇ ਬਾਵਜੂਦ ਵੀ ਨਸ਼ੇ ਦੇ ਅੱਡੇ ਖੋਲਣ ‘ਤੇ ਬਜ਼ਿਦ ਹੈ, ਜਿਸ ਦਾ ਵਿਰੋਧ ਰਿਚਮੰਡ ਵਾਸੀ ਖੁੱਲ੍ਹ ਕੇ ਕਰ ਰਹੇ ਹਨ। ਲੋਕਾਂ ਵੱਲੋਂ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਐਨਡੀਪੀ ਦੀ ਅਗਲੀ ਸਰਕਾਰ ਬਣਨ ‘ਤੇ ਨਸ਼ੇ ਦਾ ਅਗਲਾ ਸਰਕਾਰੀ ਅੱਡਾ ਸਰੀ ਸੈਂਟਰਲ ਵਿੱਚ ਖੋਲ੍ਹਿਆ ਜਾਣਾ ਤਹਿ ਹੈ।
ਡੇਵਿਡ ਈਬੀ ਨੂੰ ਵਿਰਾਸਤ ਵਿੱਚ ਚਾਰ ਬੈਲੰਸ ਬਜਟ ਮਿਲੇ ਹਨ ਪਰ ਅੱਜ ਸੂਬੇ ਦੀ ਆਰਥਿਕਤਾ ਦਾ ਆਲਮ ਇਹ ਹੈ ਕਿ ਸੂਬੇ ਵਿੱਚ 126 ਬਿਲੀਅਨ ਦਾ ਪ੍ਰੋਜੈਕਟ ਡੈਫੀਸਿਟ ਹੋਣ ਵਾਲਾ ਹੈ, ਇਹ ਡੈਫੀਸਿਟ ਸੂਬਾ ਸਰਕਾਰ ਕਿੱਥੋਂ ਪੂਰਾ ਕਰੇਗੀ। ਕੀ ਬੀਸੀ ਐਨਡੀਪੀ ਸੂਬਾ ਵਾਸੀਆਂ ‘ਤੇ ਕਾਰਬਨ ਟੈਕਸ ਦੀ ਤਰਜ਼ ਤੇ ਹੋਰ ਟੈਕਸ ਲਗਾਉਣ ਜਾ ਰਹੀ ਹੈ ?, ਕੀ ਜਿੱਤਣ ਤੋਂ ਬਾਅਦ ਲੋਕਾਂ ਨੂੰ ਇਸ ਡੈਫੀਸਿਟ ਦੇ ਬੋਝ ਥੱਲੇ ਦੱਬਿਆ ਜਾਏਗਾ ? ਲੋਕ ਇਸ ਲਈ ਵੀ ਪਰੇਸ਼ਾਨ ਨੇ ਕਿ ਇਹ ਡੈਫੀਸਿਟ ਕਿਤੇ ਖਰਚ ਹੁੰਦਾ ਵੀ ਦਿਖਾਈ ਨਹੀਂ ਦੇ ਰਿਹਾ, ਸੂਬੇ ਦੇ ਮਾੜੇ ਇੰਫਰਾਸਟਰਕਚਰ ਦੇ ਸੁਧਾਰ ਲਈ ਵੀ ਕਿਸੇ ਕਿਸਮ ਦਾ ਕੋਈ ਵੱਡਾ ਨਿਵੇਸ਼ ਹੁੰਦਾ ਵਿਖਾਈ ਨਹੀਂ ਦੇ ਰਿਹਾ ਤੇ ਹਾਈਵੇਜ਼, ਸੜਕਾਂ, ਸਕਾਈ ਟਰੇਨ ਸਭ ਦਾ ਹੀ ਬੁਰਾ ਹਾਲ ਹੈ। ਐਨਡੀਪੀ ਦੀ ਸਰਪ੍ਰਸਤੀ  ‘ਚ ਸੂਬੇ ਦੇ ਹਸਪਤਾਲਾਂ ਵਿੱਚ ਲੋਕਾਂ ਲਈ ਡਾਕਟਰ ਨਹੀਂ ਹਨ ਜਿਸਦਾ ਢੁੱਕਵਾਂ ਹੱਲ ਕਰਨ ਦੀ ਬਜਾਇ ਤੇਜ਼ੀ ਨਾਲ ਐਮਰਜੰਸੀ ਡਿਪਾਰਟਮੈਂਟ ਹੀ ਬੰਦ ਕੀਤੇ ਜਾ ਰਹੇ ਹਨ।
ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਬੀਸੀ ਐਨਡੀਪੀ ਨੇ ਸੱਤਾ ਦੇ ਹੰਕਾਰ ਵਿੱਚ ਆਪਣੀ ਕਬਰ ਖੁਦ ਪੁੱਟ ਰਹੀ ਹੈ ਤੇ ਹੁਣ ਬੀਸੀ ਵਾਸੀਆਂ ਦੀ ਜਿੰਮੇਵਾਰੀ ਇਸ ਲੋਕ ਵਿਰੋਧੀ ਪਾਰਟੀ ਨੂੰ ਡੂੰਘਾ ਦਫਨ ਕਰਨ ਦੀ ਹੈ ਤਾਂ ਜੋ ਬੀਸੀ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ।
ਮਨਿੰਦਰ ਸਿੰਘ ਗਿੱਲ
ਮੈਨਜਿੰਗ ਡਾਇਰੈਕਟਰ
ਰੇਡੀਓ ਇੰਡੀਆ, ਸਰੀ (ਕੈਨੇਡਾ)
ਫੋਨ : 604-505-1600

Leave a Reply

Your email address will not be published. Required fields are marked *