Headlines

ਬੀਸੀ ਅਸੈਂਬਲੀ ਚੋਣਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਾ ਕਰ ਸਕੀ

ਬੀ.ਸੀ. ਐਨ.ਡੀ.ਪੀ. 46 ਸੀਟਾਂਬੀਸੀ ਕੰਸਰਵੇਟਿਵ 45 ਸੀਟਾਂ ਅਤੇ ਗਰੀਨ ਪਾਰਟੀ ਸੀਟਾਂ ‘ਤੇ ਜੇਤੂ ਰਹੀ

ਸਰਕਾਰ ਬਣਾਉਣ ਦੀ ਡੋਰ ਹੁਣ ਗਰੀਨ ਪਾਰਟੀ ਦੇ ਹੱਥਾਂ ਵਿਚ

ਸਰੀ, 20 ਅਕਤੂਬਰ (ਹਰਦਮ ਮਾਨ)- ਬ੍ਰਿਟਿਸ਼ ਕੋਲੰਬੀਆ ਵਿਚ 19 ਅਕਤੂਬਰ 2024 ਨੂੰ 43ਵੀਂ ਵਿਧਾਨ ਸਭਾ ਲਈ ਪਈਆਂ ਵੋਟਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਨਹੀਂ ਹਾਸਲ ਕਰ ਸਕੀ। ਇਨ੍ਹਾਂ ਚੋਣਾਂ ਵਿਚ ਦੋ ਪ੍ਰਮੁੱਖ ਪਾਰਟੀਆਂ (ਬੀ.ਸੀ. ਐਨ.ਡੀ.ਪੀ. ਅਤੇ ਬੀ.ਸੀ. ਕੰਸਰਵੇਟਿਵ ਪਾਰਟੀ) ਜਿਹਨਾਂ ਨੇ 93 ਦੀਆਂ 93 ਸੀਟਾਂ ਉੱਪਰ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਅਤੇ ਦੋਹਾਂ ਪਾਰਟੀਆਂ ਵਿਚ ਬਹੁਤ ਹੀ ਫਸਵੀਂ ਟੱਕਰ ਸੀ। ਇਲੈਕਸ਼ਨ ਬੀ.ਸੀ ਅਨੁਸਾਰ ਵੋਟਾਂ ਦੇ ਅੰਤਿਮ ਨਤੀਜੇ 26 ਅਕਤਬੂਰ ਨੂੰ ਜਾਰੀ ਕੀਤੇ ਜਾਣਗੇ ਪਰ ਤਾਜ਼ਾ ਨਤੀਜਿਆਂ ਅਨੁਸਾਰ ਬੀਸੀ ਐਨ.ਡੀ.ਪੀ. ਨੂੰ 46 ਸੀਟਾਂ, ਬੀਸੀ ਕੰਸਰਵੇਟਿਵ ਨੂੰ 45 ਸੀਟਾਂ ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਕੁਝ ਹਲਕਿਆਂ ਵਿਚ ਜਿਤ ਹਾਰ ਵਿਚਲਾ ਫਰਕ ਬਹੁਤ ਘੱਟ ਰਹਿਣ ਕਾਰਨ ਇਹਨਾਂ ਹਲਕਿਆਂ ਦੀ ਗਿਣਤੀ ਦੁਬਾਰਾ ਕੀਤੀ ਜਾਵੇਗੀ।

ਸਰਕਾਰ ਬਣਾਉਣ ਲਈ ਹੁਣ ਬਾਜ਼ੀ ਗਰੀਨ ਪਾਰਟੀ ਦੇ ਹੱਥ ਵਿਚ ਰਹੇਗੀ ਜਿਸ ਦੀਆਂ 2 ਸੀਟਾਂ ਕਿਸੇ ਵੀ ਪਾਰਟੀ ਨੂੰ ਤਖ਼ਤ ‘ਤੇ ਬਿਠਾ ਸਕਦੀਆਂ ਹਨ। ਰਾਜਨੀਤਕ ਹਲਕਿਆਂ ਅਨੁਸਾਰ ਬੀਸੀ ਗਰੀਨ ਪਾਰਟੀ ਦੀ ਆਗੂ ਸੋਨੀਆ ਨੇ ਹਮਾਇਤ ਦੇ ਮੁੱਦੇ ਉਪਰ ਬੀ.ਸੀ. ਐਨ.ਡੀ.ਪੀ. ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ।

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਵੋਟਾਂ ਦੀ ਗਿਣਤੀ ਹੋਣ ਉਪਰੰਤ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਇਹ ਇਕ ਬਹੁਤ ਹੀ  ਸਖ਼ਤ ਲੜਾਈ ਵਾਲੀ ਮੁਹਿੰਮ ਰਹੀ ਅਤੇ ਇਨ੍ਹਾਂ ਚੋਣਾਂ ਨੇ ਨਿਸ਼ਚਤ ਤੌਰ ਤੇ ਦਰਸਾਅਦਿੱਤਾ ਹੈ ਕਿ ਹਰ ਇਕ ਵੋਟ ਮਾਇਨੇ ਰੱਖਦੀ ਹੈ ਅਜਿਹਾ ਲਗਦਾ ਹੈ ਕਿ ਅਜੇ ਸਾਨੂੰ ਥੋੜ੍ਹੀ ਹੋਰ ਉਡੀਕ ਕਰਨੀ ਪਵੇਗਾ।

ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ  ਇਹ ਚੋਣਾਂ ਬੀਸੀ ਕੰਸਰਵੇਟਿਵ ਲਈ ਇਤਿਹਾਸਕ ਹੋ ਨਿੱਬੜੀਆਂ ਹਨ। ਪਹਿਲੀ ਵਾਰ ਬੀਸੀ ਕੰਸਰਵੇਟਿਵ ਨੇ ਏਨੀ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਸਮੱਰਥਕਾਂ ਨੂੰ ਧਰਵਾਸਾ ਦਿੰਦਿਆਂ ਕਿਹਾ ਕਿ ਉਡੀਕ ਕਰੋ, ਅਸੀਂ ਸਰਕਾਰ ਬਣਾਉਣ ਦੇ ਬਹੁਤ ਨੇੜੇ ਹਾਂ ਕਿਉਂਕਿ ਕੁਝ ਹਲਕਿਆਂ ਵਿਚ ਬਹੁਤ ਥੋੜ੍ਹੇ ਫਰਕ ਨਾਲ ਹਾਰ ਜਿੱਤ ਦਾ ਫੈਸਲਾ ਦੁਬਾਰਾ ਵੋਟਾਂ ਦੀ ਗਿਣਤੀ ਤੋਂ ਤੈਅ ਹੋਵੇਗਾ।

ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਬੀ.ਸੀ. ਐਨ.ਡੀ.ਪੀ. ਦੀਆਂ ਸੀਟਾਂ ਘਟਣ ਦਾ ਮੁੱਖ ਮੁੱਦਾ ਸਕੂਲੀ ਬੱਚਿਆਂ ਉੱਪਰ ਥੋਪਿਆ ਗਿਆ ‘ਸੋਜੀ ਪ੍ਰੋਗਰਾਮ’ ਰਿਹਾ। ਬੇਸ਼ੱਕ ਹੋਰ ਵੀ ਕਈ ਮੁੱਦੇ ਸਨ ਪਰ ਸੋਜੀ ਪ੍ਰੋਗਰਾਮ ਦਾ ਵਿਰੋਧ ਵਧੇਰੇ ਅਸਰਦਾਰ ਰਿਹਾ। ਵਿਸ਼ੇਸ਼ ਕਰ ਕੇ ਸਰੀ, ਐਬਸਫੋਰਡ ਵਿਚ ਲੋਕਾਂ ਨੇ ਸੋਜੀ ਪ੍ਰੋਗਰਾਮ ਦੇ ਵਿਰੋਧ ਵਿਚ ਜਬਰਦਸਤ ਰੋਸ ਪ੍ਰਦਰਸ਼ਨ ਵੀ ਕੀਤੇ ਪਰ ਸਰਕਾਰ ਨੇ ਇਸ ਨੂੰ ਉੱਕਾ ਹੀ ਨਾ ਗ਼ੌਲਿਆ ਅਤੇ ਨਤੀਜੇ ਵਜੋਂ ਬੀ.ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਜਿੱਥੋਂ ਤੱਕ ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਦਾ ਸਵਾਲ ਹੈ, ਕੁੱਲ 37 ਪੰਜਾਬੀ ਇਸ ਚੋਣ ਮੈਦਾਨ ਵਿਚ ਉੱਤਰੇ ਸਨ। ਇਹਨਾਂ ਵਿਚ ਬੀ.ਸੀ. ਐਨ.ਡੀ.ਪੀ. ਵੱਲੋਂ ਰਾਜ ਚੌਹਾਨ, ਜਗਰੂਪ ਬਰਾੜ, ਨਿੱਕੀ ਸ਼ਰਮਾ, ਰਵੀ ਕਾਹਲੋਂ, ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿੰਨੀ ਸਿਮਸ, ਬਲਤੇਜ ਸਿੰਘ ਢਿੱਲੋਂ, ਸਾਰਾ ਕੂਨਰ, ਰਵੀ ਪਰਮਾਰ, ਕਮਲ ਗਰੇਵਾਲ, ਜੈਸੀ ਸੁੰਨੜ, ਰੀਆ ਅਰੋੜਾ, ਅਮਨ ਸਿੰਘ, ਸੁਨੀਤਾ ਧੀਰ, ਹਰਪ੍ਰੀਤ ਬਡੋਹਲ ਅਤੇ ਸੈਮ ਅਟਵਾਲ, ਕੰਸਰਵੇਟਿਵ ਪਾਰਟੀ ਆਫ ਬੀ.ਸੀ. ਵੱਲੋਂ ਮਨਦੀਪ ਧਾਲੀਵਾਲ, ਤੇਗਜੋਤ ਬੱਲ, ਜੋਡੀ ਤੂਰ, ਅਵਤਾਰ ਸਿੰਘ ਗਿੱਲ, ਹਰਮਨ ਭੰਗੂ, ਦੀਪਕ ਸੂਰੀ, ਸਟੀਵ ਕੂਨਰ, ਧਰਮ ਕਾਜਲ, ਹੋਣਵੀਰ ਸਿੰਘ ਰੰਧਾਵਾ, ਜੈਗ ਸੰਘੇੜਾ, ਰਾਜ ਵਿਓਲੀ ਤੇ ਅਰੁਣ ਲਗੇਰੀ, ਗ੍ਰੀਨ ਪਾਰਟੀ ਵੱਲੋਂ ਮਨਜੀਤ ਸਿੰਘ ਸਹੋਤਾ ਤੇ ਸਿਮ ਸੰਧੂ ਅਤੇ ਫਰੀਡਮ ਪਾਰਟੀ ਆਫ ਬੀਸੀ ਵੱਲੋਂ ਅਮਿਤ ਬੜਿੰਗ, ਪਰਮਜੀਤ ਰਾਏ ਅਤੇ ਕਿਰਨ ਹੁੰਦਲ ਤੋਂ ਇਲਾਵਾ ਅਮਨਦੀਪ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਜਪਰੀਤ ਲਹਿਲ ਤੇ ਸ਼ੌਕ ਨਿੱਝਰ ਆਜ਼ਾਦ ਉਮੀਦਵਾਰ ਸਨ।

ਇਨ੍ਹਾਂ ਵਿੱਚੋਂ 14 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਬੀ.ਸੀ. ਵਿਧਾਨ ਸਭਾ ਵਿਚ ਪੰਜਾਬੀ ਵਿਧਾਇਕਾਂ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ 2020 ਦੀਆਂ ਚੋਣਾਂ ਵਿਚ 9 ਪੰਜਾਬੀ ਉਮੀਦਵਾਰ ਬੀ.ਸੀ. ਅਸੈਂਬਲੀ ਦੀਆਂ ਪੌੜੀਆਂ ਚੜ੍ਹੇ ਸਨ। ਇਸ ਵਾਰ ਚੋਣ ਵਿਚ ਜਿੱਤ ਦਾ ਸਿਹਰਾ ਪਹਿਨਣ ਵਾਲਿਆਂ ਵਿਚ ਸਰੀ ਫਲੀਟਵੁੱਡ ਤੋਂ ਜਗਰੂਪ ਸਿੰਘ ਬਰਾੜ (ਬੀ.ਸੀ. ਐਨ.ਡੀ.ਪੀ.), ਡੈਲਟਾ ਨਾਰਥ ਤੋਂ ਰਵੀ ਕਾਹਲੋਂ (ਬੀ.ਸੀ. ਐਨ.ਡੀ.ਪੀ.), ਬਰਨਬੀ ਨਿਊ ਵੈਸਟਮਿਨਸਟਰ ਤੋਂ ਰਾਜ ਚੌਹਾਨ (ਬੀ.ਸੀ. ਐਨ.ਡੀ.ਪੀ.), ਸਰੀ ਨਿਊਟਨ ਤੋਂ ਜੈਸੀ ਸੂੰਨੜ (ਬੀ.ਸੀ. ਐਨ.ਡੀ.ਪੀ.), ਵੈਨਕੂਵਰ ਹੈਸਟਿੰਗਜ ਤੋਂ ਨਿੱਕੀ ਸ਼ਰਮਾ (ਬੀ.ਸੀ. ਐਨ.ਡੀ.ਪੀ.), ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ (ਬੀ.ਸੀ. ਐਨ.ਡੀ.ਪੀ.), ਵਿਕਟੋਰੀਆ ਲੈਂਗਫੋਰਡ ਤੋਂ ਰਵੀ ਪਰਮਾਰ (ਬੀ.ਸੀ. ਐਨ.ਡੀ.ਪੀ.), ਬਰਨਬੀ ਈਸਟ ਤੋਂ ਰੀਆ ਅਰੋੜਾ (ਬੀ.ਸੀ. ਐਨ.ਡੀ.ਪੀ.), ਵਰਨਨ ਲੂੰਬੀ ਤੋਂ ਹਰਵਿੰਦਰ ਸੰਧੂ (ਬੀ.ਸੀ. ਐਨ.ਡੀ.ਪੀ.), ਸਰੀ ਨਾਰਥ ਤੋਂ ਮਨਦੀਪ ਧਾਲੀਵਾਲ (ਬੀ.ਸੀ. ਕੰਸਰਵੇਟਿਵ), ਸਰੀ ਗਿਲਫਰਡ ਤੋਂ ਹੋਣਵੀਰ ਸਿੰਘ ਰੰਧਾਵਾ (ਬੀ.ਸੀ. ਕੰਸਰਵੇਟਿਵ), ਲੈਂਗਲੀ ਵਿਲੋਬਰੁਕ ਤੋਂ ਜੋਡੀ ਤੂਰ (ਬੀ.ਸੀ. ਕੰਸਰਵੇਟਿਵ), ਲੈਂਗਲੀ ਐਫਸਫੋਰਡ ਤੋਂ ਹਰਮਨ ਭੰਗੂ (ਬੀ.ਸੀ. ਕੰਸਰਵੇਟਿਵ) ਅਤੇ ਰਿਚਮੰਡ ਕੁਵੀਨਜ਼ਬਰੋ ਤੋਂ ਸਟੀਵ ਕੂਨਰ (ਬੀ.ਸੀ. ਕੰਸਰਵੇਟਿਵ) ਸ਼ਾਮਲ ਹਨ।

ਹਾਰਨ ਵਾਲੇ ਪ੍ਰਮੁੱਖ ਆਗੂਆਂ ਵਿਚ ਸਰੀ ਨਾਰਥ ਤੋਂ ਸਿੱਖਿਆ ਮੰਤਰੀ ਰਚਨਾ ਸਿੰਘ, ਸਰੀ ਪੈਨੋਰਾਮਾ ਤੋਂ ਸਾਬਕਾ ਕੈਬਨਿਟ ਮੰਤਰੀ ਜਿੰਨੀ ਸਿਮਸ, ਰਿਚਮੰਡ ਕੁਵੀਨਜ਼ਬਰੋ ਤੋਂ ਸਾਬਕਾ ਐਮ.ਐਲ.ਏ. ਅਮਨ ਸਿੰਘ, ਸਰੀ ਸਰਪੈਨਟਾਈਨ ਰਿਵਰ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਬਲਤੇਜ ਸਿੰਘ ਢਿੱਲੋਂ, ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਜੀਸ਼ਾਨ ਵਾਹਲਾ, ਸਰੀ ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ, ਜੈਗ ਸੰਘੇਡਾ, ਜੈਸ ਅਟਵਾਲ, ਅਵਤਾਰ ਸਿੰਘ ਗਿੱਲ, ਧਰਮ ਕਾਜਲ, ਰਾਜ ਵਿਓਲੀ, ਦੀਪਕ ਸੂਰੀ, ਕਮਲ ਗਰੇਵਾਲ, ਸਾਰਾ ਕੂਨਰ, ਸਿਮ ਸੰਧੂ, ਅੰਮ੍ਰਿਤ ਬੜਿੰਗ, ਕਿਰਨ ਹੁੰਦਲ ਅਤੇ ਮਨਜੀਤ ਸਹੋਤਾ ਸ਼ਾਮਲ ਹਨ।

ਬੀਸੀ ਚੋਣਾਂ- ਸਰੀ ਦੀਆਂ ਸੀਟਾਂ ਦੇ ਨਤੀਜੇ-

1.ਸਰੀ ਸੈਂਟਰ-

ਆਮਨਾ ਸ਼ਾਹ (ਐਨਡੀ ਪੀ)-6440

ਜੀਸ਼ਾਨ ਵਾਹਲਾ (ਕੰਸਰਵੇਟਿਵ)-6347

ਵੋਟਾਂ ਦਾ ਫਰਕ-93 ( 100 ਤੋਂ ਘੱਟ)

  1. ਸਰੀ-ਕਲੋਵਰਡੇਲ

ਸਟਰਕੋ (ਕੰਸਰਵੇਟਿਵ)-10,016,

ਮਾਈਕ ਸਟਾਰਚੱਕ (ਐਨਡੀਪੀ)-9340 ਵੋਟਾਂ ਦਾ ਫਰਕ-676

  1. ਸਰੀ ਫਲੀਟਵੁੱਡ-

ਜਗਰੂਪ ਬਰਾੜ (ਐਨਡੀਪੀ)-9573

ਅਵਤਾਰ ਗਿੱਲ (ਕੰਸਰਵੇਟਿਵ)-8991

ਵੋਟਾਂ ਦਾ ਫਰਕ-582

  1. ਸਰੀ-ਗਿਲਫੋਰਡ

ਹੋਣਵੀਰ ਸਿੰਘ ਰੰਧਾਵਾ (ਕੰਸਰਵੇਟਿਵ)-8675

ਗੈਰ ਬੈਗ (ਐਨਡੀਪੀ)-8572

ਵੋਟਾਂ ਦਾ ਫਰਕ-103

  1. ਸਰੀ-ਨਿਊਟਨ

ਜੈਸੀ ਸੂਨੜ (ਐਨਡੀਪੀ)-7632

ਤੇਗਜੋਤ ਬੱਲ(ਕੰਸਰਵੇਟਿਵ)-6512

ਵੋਟਾਂ ਦਾ ਫਰਕ-1120

  1. ਸਰੀ-ਨੌਰਥ

ਮਨਦੀਪ ਧਾਲੀਵਾਲ ( ਕੰਸਰਵੇਟਿਵ) -7729

ਰਚਨਾ ਸਿੰਘ (ਐਨਡੀਪੀ)-6469

ਵੋਟਾਂ ਦਾ ਫਰਕ-1260

7.ਸਰੀ ਪੈਨੋਰਾਮਾ

ਬਰਾਇਨ ਟੈਪਰ (ਕੰਸਰਵੇਟਿਵ)-8531

ਜਿੰਨੀ ਸਿਮਸ (ਐਨਡੀਪੀ)-8177

ਵੋਟਾਂ ਦਾ ਫਰਕ-354

  1. ਸਰੀ ਸਰਪੈਨਟਾਈਨ ਰਿਵਰ

ਲਿੰਡਾ ਹੈਪਨਰ ( ਕੰਸਰਵੇਟਿਵ)-9557

ਬਲਤੇਜ ਢਿੱਲੋਂ (ਐਨਡੀਪੀ)-9047

ਵੋਟਾਂ ਦਾ ਫਰਕ-510

  1. ਸਰੀ ਸਾਊਥ

ਬਰੈਂਟ ਚੈਪਮੈਨ (ਕੰਸਰਵੇਟਿਵ)-12471

ਹਾਰੂਨ ਗੱਫਾਰ (ਐਨਡੀਪੀ)-8625

ਵੋਟਾਂ ਦਾ ਫਰਕ-3846

  1. ਸਰੀ-ਵਾਈਟਰੌਕ

ਟਰੈਵਰ ਹੈਲਫੋਰਡ-14559

ਡੈਰਿਲ ਵਾਕਰ-12261

ਵੋਟਾਂ ਦਾ ਫਰਕ-1998

11.ਡੈਲਟਾ ਨੌਰਥ

ਰਵੀ ਕਾਹਲੋਂ (ਐਨਡੀਪੀ)- 10695

ਰਾਜ ਵੇਉਲੀ (ਕੰਸਰਵੇਟਿਵ)-8233

ਵੋਟਾਂ ਦਾ ਫਰਕ-2462

  1. ਲੈਂਗਲੀ ਵਿਲੋਬਰੁੱਕ

ਜੋਡੀ ਤੂਰ (ਕੰਸਰਵੇਟਿਵ)-10671

ਐਂਡਰਿਊ ਮਰਸੀਅਰ (ਐਨਡੀਪੀ) -9708

ਵੋਟਾਂ ਦਾ ਫਰਕ-963

  1. ਐਬਸਫੋਰਡ-ਮਿਸ਼ਨ-

ਰੀਐਨ ਗੈਸਪਰ (ਕੰਸਰਵੇਟਿਵ)—13254

ਪੈਮ ਅਲੈਕਸਿਸ (ਐਨਡੀਪੀ)-10560

ਵੋਟਾਂ ਦਾ ਫਰਕ-2694

  1. ਐਬਸਫੋਰਡ-ਸਾਊਥ

ਬਰੂਸ ਬੈਨਮੈਨ (ਕੰਸਰਵੇਟਿਵ)-12853

ਸਾਰਾਹ ਕੂਨਰ (ਐਨਡੀਪੀ)-7232

ਵੋਟਾਂ ਦਾ ਫਰਕ-5621

  1. ਐਬਸਫੋਰਡ ਵੈਸਟ

ਕੋਰਕੀ ਨੀਓਫੈਲਡ (ਕੰਸਰਵੇਟਿਵ)-11225

ਗਰੀਮ ਹੁਚੀਸਨ (ਐਨਡੀਪੀ)-6946

ਵੋਟਾਂ ਦਾ ਫਰਕ-4279

  1. ਰਿਚਮੰਡ ਕੁਵੀਨਜ਼ਬਰੋ

ਸਟੀਵ ਕੂਨਰ (ਕੰਸਰਵੇਟਿਵ)-9862

ਅਮਨ ਸਿੰਘ (ਐਨਡੀਪੀ)-8442 ਵੋਟਾਂ ਦਾ ਫਰਕ-1420

  1. ਲੈਂਗਲੀ ਐਫਸਫੋਰਡ

ਹਰਮਨ ਭੰਗੂ (ਕੰਸਰਵੇਟਿਵ)-14045

ਜੌਹਨ ਐਲਡਗ (ਐਨਡੀਪੀ)-8436 ਵੋਟਾਂ ਦਾ ਫਰਕ-5609

18 ਜੁਆਨ ਡੀ ਫੂਕਾ ਮਾਲਾਹਟ

ਡੈਨਾ (ਐਨਡੀਪੀ)- 8946

ਮੈਰੀਨਾ ( ਕੰਸਰਵੇਟਿਵ)-8923 ਵੋਟਾਂ ਦਾ ਫਰਕ- ਕੇਵਲ 23 ਵੋਟਾਂ

 

ਬਰੈਂਟ ਚੈਪਮੈਨ-ਸਰੀ ਸਾਊਥ ਹਲਕਾ

ਲਿੰਡਾ ਹੈਪਨਰ- ਸਰੀ ਸਰਪੈਨਟਾਈਨ ਰਿਵਰ ਹਲਕਾ

ਟਰੈਵਰ ਹੈਲਫੋਰਡ- ਸਰੀ ਵਾਈਟਰੌਕ

ਐਲਨੋਰ ਸਟਰਕੋ- ਸਰੀ ਕਲੋਵਰਡੇਲ

ਬਰੂਸ ਬੈਨਮੈਨ-ਐਬਸਫੋਰਡ ਸਾਊਥ ਹਲਕਾ

ਕੋਰਕੀ ਨੀਉਫੈਲਡ-ਐਬਸਫੋਰਡ ਵੈਸਟ ਹਲਕਾ
ਰੀਐਨ ਗੈਸਪਰ-ਐਬਸਫੋਰਡ ਮਿਸ਼ਨ ਹਲਕਾ

Leave a Reply

Your email address will not be published. Required fields are marked *