Headlines

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਆਪਣੇ ਪਰਿਵਾਰ ਦੇ ਇਤਿਹਾਸ ਨੂੰ ਕਿਤਾਬ ਦਾ ਰੂਪ ਦੇਣਗੇ ਰਾਏ ਅਜ਼ੀਜ਼ ਉੱਲਾ ਖਾਨ

ਦਸਮੇਸ਼ ਪਿਤਾ ਜੀ ਦੇ ਸੇਵਕ ਪਰਿਵਾਰ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਦੇ ਵਾਰਿਸ ਹਨ ਰਾਏ ਅਜ਼ੀਜ਼ ਉੱਲਾ-
ਸਰੀ, (ਜੋਗਿੰਦਰ ਸਿੰਘ)-ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਲੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ, ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ, ਚਮਕੌਰ ਦੀ ਜੰਗ ‘ਚ ਵੱਡੇ ਸਾਹਿਬਜਾਦਿਆਂ ਸਮੇਤ ਪਿਆਰੇ ਸਿੰਘਾਂ ਦੀ ਸ਼ਹਾਦਤ, ਸਰਹੰਦ ‘ਚ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨਾਲ ਜੁੜੇ ਇਤਿਹਾਸ ਦੀ ਗਾਥਾ ਦੇ ਚੱਲਦਿਆਂ ਜਦੋਂ ਦਸਮੇਸ਼ ਪਿਤਾ ਜੀ ਦੇ ਚਮਕੌਰ ਦੀ ਗੜੀ ਨੂੰ ਛੱਡ ਕੇ ਅੱਗੇ ਮਾਛੀਵਾੜਾ ਸਾਹਿਬ, ਆਲਮਗੀਰ ਹੁੰਦੇ ਹੋਏ ਰਾਇਕੋਟ ਵਿਖੇ ਰਾਏ ਕੱਲਾ ਜੀ ਦੇ ਪਰਿਵਾਰ ਕੋਲ ਪੁੱਜਣ ਤੇ ਇਥੇ ਨੂਰੇ ਮਾਹੀ ਰਾਹੀਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਖ਼ਬਰ ਮੰਗਵਾਉਣ ਦੇ ਦੁਨੀਆਂ ‘ਚ ਵਿਲੱਖਣ ਤੇ ਗੌਰਵਮਈ ਇਤਿਹਾਸ ਨੂੰ ਦੇਖਦੇ ਹਾਂ ਤੇ ਇਸ ਔਖੇ ਸਮੇਂ ਰਾਏ ਕੱਲਾ ਜੀ ਦੇ ਪਰਿਵਾਰ ਵਲੋਂ ਗੁਰੂ ਸਾਹਿਬ ਜੀ ਦੀ ਸੇਵਾ ‘ਚ ਹਾਜ਼ਰ ਹੋਣ ਤੇ ਗੁਰੂ ਸਾਹਿਬ  ਜੀ ਵਲੋਂ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਪਰਿਵਾਰ ਨੂੰ ਤਿੰਨ ਨਿਸ਼ਾਨੀਆਂ ਗੰਗਾ ਸਾਗਰ, ਤਲਵਾਰ ਤੇ ਪੋਥੀ ਪ੍ਰਕਾਸ਼ ਵਾਲੀ ਰੇਰ ਭੇਟ ਕਰਨ ਦੇ ਇਤਿਹਾਸ ਤੇ ਰਾਏ ਕੱਲਾ ਦੇ ਪਰਿਵਾਰ ਦੇ ਇਤਿਹਾਸ ਨੂੰ ਉਨ੍ਹਾਂ ਦੀ ਨੌਵੀਂ ਪੀੜੀ ਦੇ ਵਾਰਿਸ ਤੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ ਖਾਨ ਨੇ ਇਕ ਕਿਤਾਬ ਦਾ ਰੂਪ ਦੇਣ ਦਾ ਫ਼ੈਸਲਾ ਲਿਆ |  ਰਾਏ ਅਜ਼ੀਜ਼ ਉੱਲਾ ਖਾਨ ਅੱਜ ਕੱਲ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਹਨ, ਜਿਥੇ ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਕਿਤਾਬ ‘ਚ ਉਹ ਗੁਰੂ ਸਾਹਿਬ ਜੀ ਦੀਆਂ ਰਾਏ ਕੱਲਾ ਜੀ ਦੇ ਪਰਿਵਾਰ ਨੂੰ ਕੀਤੀਆਂ ਬਖਸ਼ਿਸ਼ਾਂ ਤੇ ਪੂਰੀ ਦੁਨੀਆਂ ‘ਚ ਸਿੱਖਾਂ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾਂਦੇ ਸਤਿਕਾਰ ਅਤੇ ਪੁਰਾਤਨ ਸਮੇਂ ਤੋਂ ਲੈ ਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਨੂੰ ਸੰਭਾਲਣ ਅਤੇ ਪੂਰੀ ਦੁਨੀਆਂ ‘ਚ ਪੁੱਜ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਹੱਥਾਂ ਦੀ ਛੋਹ ਪ੍ਰਾਪਤ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਦੇ ਇਤਿਹਾਸ ਦੇ ਨਾਲ ਆਪਣੇ ਪਰਿਵਾਰ ਦੇ ਇਤਿਹਾਸ ਨੂੰ ਵੀ ਦਰਜ ਕੀਤਾ ਜਾਵੇਗਾ | ਰਾਏ ਅਜੀਜ ਉਲਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਵਡੇਰਿਆਂ ਨੇ ਸਭ ਤੋਂ ਪਹਿਲਾਂ ਰਾਜਸਥਾਨ ਦੇ ਜੈਸਲਮੇਰ ਤੋਂ ਜਾ ਕੇ ਪਿੰਡ ਚਕਰ ਆਬਾਦ ਕੀਤਾ ਸੀ ਤੇ ਉਨ੍ਹਾਂ ਦੇ ਵਡੇਰੇ ਰਾਏ ਤੁਲਸੀਦਾਸ ਤੇ ਰਾਏ ਸਿਰਜੂਦੀਨ ਇਥੇ ਵਸੇ ਸਨ | ਇਸ ਤੋਂ ਬਾਅਦ ਅਗਲੀਆਂ ਪੀੜੀਆਂ ਵਲੋਂ ਪਿੰਡ ਤਲਵੰਡੀ ਰਾਏ, ਜਗਰਾਉਂ ਸ਼ਹਿਰ ਤੇ ਰਾਏਕੋਟ ਸ਼ਹਿਰ ਨੂੰ ਵੀ ਵਸਾਇਆ ਗਿਆ, ਜਿਸ ਦੇ ਤੱਥ ਉਨ੍ਹਾਂ ਵਲੋਂ ਵੱਖ-ਵੱਖ ਪੁਰਾਤਨ ਹਵਾਲਿਆਂ ਸਮੇਤ ਇਕੱਠੇ ਕੀਤੇ ਗਏ ਹਨ | ਰਾਏ ਅਜ਼ੀਜ਼ ਉੱਲਾ ਨੇ ਦੱਸਿਆ ਕਿ ਉਹ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਤੇ ਪਰਿਵਾਰ ਦੇ ਪਿਛੋਕੜ ਨੂੰ ਇਕੱਠੇ ਕੀਤੇ ਹਵਾਲਿਆਂ ਸਮੇਤ ਇਕ ਕਿਤਾਬ ਦਾ ਰੂਪ ਦੇਣਾ ਚਾਹੁੰਦੇ ਹਨ |  ਉਨ੍ਹਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਪੀੜੀਆਂ ਲਈ ਇਤਿਹਾਸ ਦਾ ਚਾਨਣ ਮੁਨਾਰਾ ਹੋਵੇਗੀ | ਉਨ੍ਹਾਂ ਵਲੋਂ ਇਸ ਉਪਰਾਲੇ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਇਸ ਲਈ ਲੇਖਕਾਂ ਤੇ ਪੱਤਰਕਾਰਾਂ ਪਾਸੋਂ ਸਹਿਯੋਗ ਲਿਆ ਜਾ ਰਿਹਾ |