ਅੰਮ੍ਰਿਤਸਰ: 21 ਅਕਤੂਬਰ -ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਤੇ ਪ੍ਰਬੰਧਾਂ ਹੇਠ 23 ਅਕਤੂਬਰ ਨੂੰ ਮਨਾਈ ਜਾਣ ਵਾਲੀ ਸੁਲਤਾਨ ਉਲ-ਏ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ ਦੀਆਂ ਤਿਆਰੀਆਂ ਬੁੱਢਾ ਦਲ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਮਲ ਅਖਾੜਾ ਪਾ: ਛੇਵੀਂ ਛਾਉਣੀ ਬੁੱਢਾ ਦਲ ਵਿਖੇ ਅੱਜ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋ ਗਏ ਹਨ, ਜਿਸ ਦੇ ਭੋਗ 23 ਅਕਤੂਬਰ 2024 ਨੂੰ ਪਾਏ ਜਾਣਗੇ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 241ਵੀਂ ਬਰਸੀ ਪੂਰਨ ਸ਼ਰਧਾ ਸਤਿਕਾਰ ਤੇ ਖਾਲਸਾਈ ਪ੍ਰੰਪਰਾ ਅਨੁਸਾਰ ਮਨਾਈ ਜਾਵੇਗੀ। ਉਨ੍ਹਾਂ ਕਿਹਾ 23 ਅਕਤੂਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ 12 ਵਜੇ ਪਵੇਗਾ ਉਪਰੰਤ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਧਾਰਮਿਕ ਸ਼ਖ਼ਸੀਅਤਾਂ, ਰਾਗੀ, ਢਾਡੀ, ਕਥਾਵਾਚਕ ਤੇ ਪ੍ਰਚਾਰਕ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸਤਿਕਾਰ ਭੇਟ ਕਰਨਗੇ। ਉਪਰੰਤ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਵੱਲੋਂ ਲਗਾਤਾਰ ਗੁਰਮਤਿ ਸਮਾਗਮ ਹੋਵੇਗਾ।