Headlines

ਮਲਿਕ ਦੇ ਦੋ ਕਾਤਲਾਂ ਨੇ ਅਦਾਲਤ ਵਿਚ ਦੋਸ਼ ਕਬੂਲੇ

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਖਾਲਸਾ ਸੰਸਥਾਵਾਂ ਦੇ ਮੁਖੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿਚ ਦੋ ਮੁਲਜ਼ਮਾਂ ਨੇ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਏ ਹਨ। ਜੁਲਾਈ 2022 ਵਿਚ ਸਰੀ ਵਿਚ ਹੋਏ ਮਲਿਕ ਦੇ ਕਤਲ ਕੇਸ ਵਿਚ ਪੁਲਿਸ ਨੇ ਦੋ ਮੁਲਜ਼ਮਾਂ -ਟੈਨਰ ਫੈਕਸ (21) ਤੇ ਜੋਸ ਲੋਪੇਜ (23)  ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਖਿਲਾਫ ਫਸਟ ਦਰਜੇ ਦੇ ਦੋਸ਼ ਲਗਾਏ ਸਨ।

ਅੱਜ ਜਦੋਂ ਦੋਵਾਂ ਨੂੰ ਨਿਊ ਵੈਸਮਨਿਸਟਰ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਉਹਨਾਂ ਖਿਲਾਫ ਦੂਸਰੇ ਦਰਜੇ ਦੇ ਦੋਸ਼ ਆਇਦ ਕੀਤੇ ਗਏ। ਜਦੋਂ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ ਤਾਂ ਇਕ ਮੁਲਜ਼ਮ ਲੋਪੇਜ ਨੇ ਸਹਿ ਮੁਲਜ਼ਮ ਟੈਨਰ ਫੋਕਸ ਵੱਲ ਭਜਦਿਆਂ ਉਸਦੇ ਮੁੱਕਾ ਜੜ ਦਿੱਤਾ। ਸੁਰੱਖਿਆ ਕਰਮੀਆਂ ਨੇ ਮੁਸ਼ਕਲ ਨਾਲ ਦੋਵਾਂ ਨੂੰ ਅਲਗ ਕੀਤਾ। ਇਸ ਮੌਕੇ ਮਲਿਕ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਦੋਵਾਂ ਦੋਸ਼ੀਆਂ ਵਲੋਂ ਆਪਣੇ ਜੁਰਮ ਦਾ ਇਕਬਾਲ ਕੀਤੇ ਜਾਣ ਤੇ ਪਰਿਵਾਰ ਨੇ ਮਿਲੀਆਂ ਜੁਲੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਉਹ ਚਾਹੁੰਦੇ ਹਨ ਕਿ ਮੁਜ਼ਰਮ ਇਸ ਕਤਲ ਦੀ ਸਾਜਿਸ਼ ਪਿੱਛੇ ਕੰਮ ਕਰਨ ਵਾਲੇ ਲੋਕਾਂ ਬਾਰੇ ਵੀ ਦੱਸਣ। ਕਾਤਲਾਂ ਨੂੰ ਕਿਸਨੇ ਹਾਇਰ ਕੀਤਾ ਇਸ ਬਾਰੇ ਅਜੇ ਦੋਸ਼ੀਆਂ ਨੇ ਕੋਈ ਖੁਲਾਸਾ ਨਹੀ ਕੀਤਾ।

ਜ਼ਿਕਰਯੋਗ ਹੈ ਕਿ ਸਰੀ ਵਿਚ ਖਾਲਸਾ ਸੰਸਥਾਵਾਂ ਦੇ ਮੋਢੀ ਅਤੇ ਪੌਪਲੀਨ ਈਸਟਰਨ ਇੰਪੋਰਟਸ ਲਿਮਟਿਡ, ਕੰਪਨੀ ਦੇ ਮਾਲਕ ਮਲਿਕ ਉਪਰ 23 ਜੂਨ, 1985 ਦੇ ਏਅਰ ਇੰਡੀਆ ਬੰਬ ਧਮਾਕੇ ਕਰਵਾਉਣ ਦੇ  ਦੋਸ਼ ਵੀ ਲੱਗੇ ਸਨ ਜਿਹਨਾਂ ਚੋ ਉਹ ਬਰੀ ਹੋ ਗਿਆ ਸੀ।