Headlines

ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪਸਾਰ ਸਬੰਧੀ ਸੈਮੀਨਾਰ

– ਅਮਰੀਕਾ ਤੋਂ ਪਹੁੰਚੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਕੁੰਜੀਵੱਤ-ਭਾਸ਼ਨ ਦਿੱਤਾ-

ਬਰੈਂਪਟਨ, (ਡਾ.ਸੁਖਦੇਵ ਸਿੰਘ ਝੰਡ ) – ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਵੱਲੋਂ ਲੰਘੇ ਐਤਵਾਰ 20 ਅਕਤੂਬਰ ਨੂੰ  ‘ਵਿਸ਼ਵ ਪੰਜਾਬੀ ਭਵਨ’ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵਿਸ਼ਿਆਂ ‘ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ’, ‘ਪੰਜਾਬੀ ਭਾਸ਼ਾ ਉੱਪਰ ਆਰਟੀਫ਼ਿਸ਼ਲ ਇੰਟੈਲੀਜੈਂਸ (ਬਨਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ’, ‘ਓਨਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ’ ਅਤੇ ‘ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜੁਆਨਾਂ ਦੇ ਯੋਗਦਾਨ ਦੀ ਮਹੱਤਤਾ’ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ।

ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ, ਪ੍ਰੋ. ਰਾਮ ਸਿੰਘ, ਡਾ. ਡੀ.ਪੀ. ਸਿੰਘ, ਡਾ. ਗੁਰਨਾਮ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਖਹਿਰਾ, ‘ਸਰਗਮ ਰੇਡੀਓ’ ਦੇ ਸੰਚਾਲਕ ਡਾ. ਬਲਵਿੰਦਰ ਧਾਲੀਵਾਲ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਸੈਮੀਨਾਰ ਦਾ ਆਰੰਭ ਕੈਨੇਡਾ ਦੇ ਕੌਮੀ ਗੀਤ “ਓ ਕੈਨੇਡਾ” ਦੇ ਗਾਇਨ ਅਤੇ ਇਕਬਾਲ ਬਰਾੜ ਵੱਲੋਂ ਗਾਏ ਗਏ ਸ਼ਬਦ “ਦੇਹੁ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂ” ਨਾਲ ਕੀਤਾ ਗਿਆ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸੈਮੀਨਾਰ ਵਿਚ ਸ਼ਾਮਲ ਹੋਏ ਬੁਲਾਰਿਆਂ ਤੇ ਸਰੋਤਿਆਂ ਨੂੰ ਨਿੱਘੀ ‘ਜੀ-ਆਇਆਂ’ ਕਹੇ ਜਾਣ ਪਿੱਛੋਂ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਸਮਾਗ਼਼ਮ ਦੇ ਮੁੱਖ-ਬੁਲਾਰੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਕੁੰਜੀਵੱਤ-ਭਾਸ਼ਨ ਦੇਣ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ ਬੋਲੀ ਦੀ ਪ੍ਰੀਭਾਸ਼ਾ, ਇਸ ਦੀ ਘਰ ਤੋਂ ਪਹਿਲ, ਬਾਅਦ ਧਰਮ ਨਾਲ ਜੁੜਨ, ਹੀਣ ਭਾਵਨਾ ਤੋਂ ਉੱਪਰ ਉੱਠਣ, ਕਿਤਾਬਾਂ ਨਾਲ ਪਿਆਰ ਪਾਉਣ, ਬਜ਼ੁਰਗਾਂ ਦੀ ਰਹਿਨੁਮਾਈ ਅਤੇ ਮਸਨੂਈ ਬੁੱਧੀ ਦੇ ਸਦ-ਉਪਯੋਗ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਲਈ ਲੌਬਿੰਗ ਗਰੁੱਪ ਬਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਪਹਿਲੇ ਅਕਾਦਮਿਕ ਸੈਸ਼ਨ ਦੇ ਪਹਿਲੇ ਬੁਲਾਰੇ ਪ੍ਰੋ. ਰਾਮ ਸਿੰਘ ਨੇ ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦੀ ਮਹੱਤਤਾ ਬਾਰੇ ਆਪਣੇ ਪੇਪਰ ਵਿੱਚ ਮਨੁੱਖੀ ਚੇਤਨਾ ‘ਚ ਭਾਸ਼ਾ ਦੇ ਸੰਚਾਰ ਪੱਧਰਾਂ ‘ਸਹਿਜ ਸੁਭਾਅ ਸੰਚਾਰ’ ਅਤੇ ‘ਚੇਤਨ ਪੱਧਰ ‘ਤੇ ਸੰਚਾਰ’ ਤੋਂ ਆਪਣੀ ਗੱਲ ਆਰੰਭ ਕਰਦਿਆਂ ਪੱਤਰਕਾਰੀ ਅਤੇ ਸਾਹਿਤ ਰਚਨਾ ਨੂੰ ਆਪਣੇ ਪੇਪਰ ਦਾ ਵਿਸ਼ਾ ਬਣਾਇਆ। ਸੈਸ਼ਨ ਦੇ ਦੂਸਰੇ ਬੁਲਾਰੇ ਡਾ. ਡੀ. ਪੀ. ਸਿੰਘ ਵੱਲੋਂ ਆਪਣਾ ਪੇਪਰ ‘ਪੰਜਾਬੀ ਭਾਸ਼ਾ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ : ਸੰਭਾਵਨਾਵਾਂ, ਚੁਣੌਤੀਆਂ ਤੇ ਹੱਲ’ ਓਵਰ-ਹੈੱਡ ਪ੍ਰੋਜੈੱਕਟਰ ਰਾਹੀਂ  ਪਾਵਰ-ਪਵਾਇੰਟ ਸਲਾਈਡਜ਼ ਦੀ ਮਦਦ ਨਾਲ ਪੇਸ਼ ਕੀਤਾ ਗਿਆ। ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਮੁੱਢਲੀ ਸੰਖੇਪ ਜਾਣ-ਪਛਾਣ ਤੋਂ ਬਾਅਦ ਉਨ੍ਹਾਂ ਪੰਜਾਬੀ ਭਾਸ਼ਾ ਉੱਪਰ ਏ. ਆਈ. ਦੇ ਚੰਗੇ ਅਤੇ ਮਾੜੇ ਦੋਹਾਂ ਪ੍ਰਭਾਵਾਂ ਦੀ ਗੱਲ ਕਰਦਿਆਂ ਇਸ ਦੀ ਵਰਤੋਂ ਕਾਰਨ ਨਾਲ ਪੰਜਾਬੀ ਭਾਸ਼ਾ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਵੀ ਦੱਸੇ। ਉਪਰੰਤ, ਇਨ੍ਹਾਂ ਦੋਹਾਂ ਪੇਪਰਾਂ ਉੱਪਰ ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਕੁਲਵਿੰਦਰ ਖਹਿਰਾ ਵੱਲੋਂ ਚਰਚਾ ਆਰੰਭ ਕੀਤੀ ਗਈ ਅਤੇ ਸਰੋਤਿਆਂ ਵੱਲੋਂ ਆਏ ਸੁਆਲਾਂ ਦੇ ਜੁਆਬ ਬੁਲਾਰਿਆਂ ਵੱਲੋਂ  ਦਿੱਤੇ ਗਏ। ਸੁਆਲ ਕਰਤਾਵਾਂ ਵਿਚ ਉੱਘੇ ਮੀਡੀਆਕਾਰ ਸ਼ਮੀਲ ਜਸਵੀਰ ਮੁੱਖ ਤੌਰ ‘ਤੇ ਸ਼ਾਮਲ ਸਨ।

ਇਸ ਸੈਸ਼ਨ ਵਿੱਚ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਅਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦਿਆਂ ਹੋਇਆਂ ਇਹ ਮਹੱਤਵਪੂਰਨ ਸੈਮੀਨਾਰ ਕਰਵਾਉਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਵੱਲੋਂ ਸਭਾ ਦੀ ਹੌਸਲਾ-ਅਫ਼ਜਾਈ ਕਰਦਿਆਂ ਹੋਇਆਂ ਸਭਾ ਨੂੰ ਸਰਟੀਫ਼ੀਕੇਟ ਦਿੱਤੇ ਗਏ। ਸਭਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਓਨਟਾਰੀਓ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਸਬੰਧੀ ਮੰਗ-ਪੱਤਰ ਪੇਸ਼ ਕੀਤੇ ਗਏ। ਇਸ ਸੈਸ਼ਨ ਵਿਚ ਮਲੂਕ ਸਿੰਘ ਕਾਹਲੋਂ ਦੀ ਕਾਵਿ-ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ …” ਅਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੁਸਤਕ ‘ਜ਼ਿੰਦਗੀ ਜਸ਼ਨ ਹੈ’ ਲੋਕ-ਅਰਪਿਤ ਕੀਤੀਆਂ ਗਈਆਂ।

ਦੁਪਹਿਰ ਦੇ ਖਾਣੇ ਤੋਂ ਬਾਅਦ ਦੂਸਰੇ ਸੈਸ਼਼ਨ ਵਿੱਚ ਮੰਚ-ਸੰਚਾਲਕ ਡਾ. ਸੁਖਦੇਵ ਸਿੰਘ ਝੰਡ ਵੱਲੋਂ ਇਸ ਦੇ ਬੁਲਾਰਿਆਂ ਸਤਪਾਲ ਸਿੰਘ ਜੌਹਲ (ਉਪ-ਚੇਅਰਮੈਨ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ), ਡਾ. ਕੰਵਲਜੀਤ ਕੌਰ ਢਿੱਲੋਂ, ਟਿੱਪਣੀਕਾਰਾਂ ਸਾਬਕਾ ਸਕੂਲ ਟਰੱਸਟੀ ਬਲਬੀਰ ਕੌਰ ਸੋਹੀ ਤੇ ਲਹਿੰਦੇ ਪੰਜਾਬ ਦੀ ਵਿਦਵਾਨ ਉਜ਼ਮਾ ਮਹਿਮੂਦ, ਮਸ਼ਹੂਰ ਕਵੀ ਪ੍ਰੋ. ਆਸ਼ਿਕ ਰਹੀਲ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੂੰ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸੈਸ਼਼ਨ ਦੇ ਪਹਿਲੇ ਬੁਲਾਰੇ ਸਤਪਾਲ ਸਿੰਘ ਜੌਹਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਪਰਚੇ ਦਾ ਆਰੰਭ ਪੰਜਾਬੀਆਂ ਦੇ ਕੈਨੇਡਾ ਵੱਲ ਪਰਵਾਸ ਕਰਦਿਆਂ ਦੱਸਿਆ ਕਿ 1980 ਦੇ ਦਹਾਕੇ ਤੱਕ ਪੰਜਾਬ ਦਾ ਦਮਦਾਰ ਸਰਕਾਰੀ ਸਕੂਲ ਸਿਸਟਮ ਸੀ ਪਰ ਫਿਰ ਬਾਅਦ ਵਿਚ ਉੱਥੇ ਨਿੱਜੀ ਸਕੂਲ ਸਿਸਟਮ ਭਾਰੂ ਹੋ ਗਿਆ। ਇਸ ਦੇ ਨਾਲ ਹੀ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਹਿਜਰਤ ਵਿਚ ਤੇਜ਼ੀ ਆ ਗਈ। ਬਰੈਂਪਟਨ ਦੇ ਪੰਜ ਸਕੂਲਾਂ ਵਿਚ ਪੜ੍ਹਾਈ ਜਾਦੇ ਪੰਜਾਬੀ ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਪੜ੍ਹਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਕ੍ਰੈਡਿਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੀ.ਡੀ.ਐੱਸ.ਬੀ. ਵੱਲੋਂ ਮਿਸੀਸਾਗਾ ਅਤੇ ਬਰੈਂਪਟਨ ਦੇ ਅੱਠ ਸਕੂਲਾਂ ਵਿੱਚ ਇੰਟਰਨੈਸ਼ਨਲ ਲੈਂਗੂਏਜਜ਼ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਜਿਨ੍ਹਾਂ ਵਿਚ ਪੰਜਾਬੀ, ਹਿੰਦੀ, ਉਰਦੂ ਤਮਿਲ ਤੇ ਕੁਝ ਹੋਰ ਭਾਸ਼ਾਵਾਂ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਸੈਸ਼ਨ ਦੇ ਦੂਸਰੇ ਬੁਲਾਰੇ ਕੰਵਲਜੀਤ ਕੌਰ ਢਿੱਲੋਂ ਵੱਲੋਂ ਆਪਣੇ ਪੇਪਰ ‘ਓਨਟਾਰੀਓ ਵਿੱਚ ਪੰਜਾਬੀ ਬੋਲੀ ਦੇ ਪਸਾਰ ਵਿੱਚ ਔਰਤਾਂ ਅਤੇ ਨੌਜੁਆਨਾਂ ਦੀ ਮਹੱਤਤਾ’ ਵਿਚ ਉਨ੍ਹਾਂ ਜਨਵਰੀ 1912 ਵਿੱਚ ਸੱਭ ਤੋਂ ਪਹਿਲਾਂ ਕੈਨੇਡਾ ਦੇ ਸ਼ਹਿਰ ਵੈਨਕੂਵਰ  ਵਿੱਚ ਆਉਣ ਵਾਲੀਆਂ ਔਰਤਾਂ ਮਾਤਾ ਹਰਨਾਮ ਕੌਰ ਅਤੇ ਮਾਤਾ ਕਰਤਾਰ ਕੌਰ ਦਾ ਜ਼ਿਕਰ ਕਰਦਿਆਂ ਦੱਸਿਆ ਉਨ੍ਹਾਂ ਨੂੰ ਉੱਥੇ ਪਹੁੰਚਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੰਜਾਬੀ ਕਮਿਊਨਿਟੀ ਵੱਲੋਂ 200-200 ਡਾਲਰ ਦੇ ਬਾਂਡ ਭਰ ਕੇ ਉਨ੍ਹਾਂ ਨੂੰ ਛੁਡਵਾਇਆ ਗਿਆ ਸੀ।  ਇਸ ਸੈਸ਼ਨ ਵਿਚ ਨੌਜੁਆਨ ਵਿਦਿਆਰਥੀ ਜਸ਼ਨ ਨੇ ਸਕੂਲਾਂ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ। ਦੋਹਾਂ ਸੈਸ਼ਨਾਂ ਦੇ ਬੁਲਾਰਿਆਂ ਤੇ ਟਿੱਪਣੀਕਾਰਾਂ ਨੂੰ ਸਭਾ ਵੱਲੋਂ ਖ਼ੂਬਸੂਰਤ ਫ਼ਰੇਮਾਂ ਵਿਚ ਸਜਾਏ ਗਏ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸੈਮੀਨਾਰ ਦੇ ਤੀਸਰੇ ਸੈਸ਼਼ਨ ਵਿਚ ਕਵੀ-ਦਰਬਾਰ ਕਵਾਇਆ ਗਿਆ ਜਿਸ ਵਿਚ ਕਵੀਆਂ-ਕਵਿੱਤਰੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼  ਕੀਤੀਆਂ ਗਈਆਂ।