Headlines

ਤਰਕਸ਼ੀਲ ਮੇਲੇ ਦੌਰਾਨ ਨਾਟਕ ਐਲ ਐਮ ਆਈ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੀਤੀ ਦੇ ਪਰਖਚੇ ਉਡਾਏ

ਸਰੀ ਤੇ ਐਬਸਫੋਰਡ ਵਿਚ ਖੇਡੇ ਨਾਟਕਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਸ਼ਨੀ ਤੇ ਐਤਵਾਰ ਨੂੰ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ  19 ਵਾਂ ਤਰਕਸ਼ੀਲ ਮੇਲਾ ਬੈਲ ਫਰਮਾਰਮਿੰਗ ਸੈਂਟਰ ਸਰੀ ਅਤੇ ਮੈਸਕੂਈ ਸੈਨਟੇਨੀਅਲ ਆਡੀਟੋਰੀਅਮ ਐਬਸਫੋਰਡ ਵਿਖੇ ਕਰਵਾਇਆ ਗਿਆ। ਦੋਵੇਂ ਦਿਨ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਕਮਲ ਪੰਧੇਰ ਦੀ ਅਗਵਾਈ ਹੇਠ ਪ੍ਰਸਿੱਧ ਨਾਟਕਾਰ ਡਾ ਸਾਹਿਬ ਸਿੰਘ ਦੇ ਲਿਖੇ ਤੇ ਨਿਰਦੇਸ਼ਿਤ ਨਾਟਕ ਐਲ ਐਮ ਆਈ ਅਤੇ ਤੇਰੀ ਕਹਾਣੀ ਮੇਰੀ ਕਹਾਣੀ ਮੰਚ ਉਪਰ ਖੇਡੇ ਗਏ ਜਿਹਨਾਂ ਨੂੰ ਦਰਸ਼ਕਾਂ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੈਸਕੂਈ ਸੈਨਟੇਨੀਅਲ ਆਡੀਟੋਰੀਅਮ ਐਬਸਫੋਰਡ ਵਿਖੇ ਖੇਡੇ ਗਏ ਪਹਿਲੇ ਨਾਟਕ ਐਲ ਐਮ ਆਈ ਵਿਚ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਤੇ ਕੈਨੇਡਾ ਵਿਚ ਪੱਕੇ ਹੋਣ ਲਈ ਸੰਘਰਸ਼ ਕਰਦੇ ਪਰਵਾਸੀਆਂ ਦੀ ਰੋਜ਼ਗਾਰ ਅਤੇ ਪੀ ਆਰ ਦੇ ਨਾਮ ਹੇਠ ਐਲ ਐਮ ਆਈ ਰਾਹੀਂ ਰੋਜਗਾਰਦਾਤਿਆਂ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੁਆਰਾ ਹੁੰਦੀ ਲੁੱਟ ਅਤੇ ਕੈਨੇਡਾ ਦੀਆਂ ਨੁਕਸਦਾਰ ਇਮੀਗ੍ਰੇਸ਼ਨ ਨੀਤੀਆਂ ਦਾ ਖੁੱਲਕੇ ਪਰਦਾਫਾਸ਼ ਕੀਤਾ ਗਿਆ। ਕਲਾਕਾਰਾਂ ਵਲੋਂ ਇਸ ਨਾਟਕ ਦੀ ਕੀਤੀ ਗਈ ਸ਼ਾਨਦਾਰ ਤੇ ਦਿਮਾਗਾਂ ਨੂੰ ਹਲੂਣਦੀ ਪੇਸ਼ਕਾਰੀ ਦਾ ਦਰਸ਼ਕਾਂ ਨੇ ਭਰਵਾਂ ਸਵਾਗਤ ਕੀਤਾ। ਦੂਸਰੇ ਨਾਟਕ ਤੇਰੀ ਕਹਾਣੀ ਮੇਰੀ ਕਹਾਣੀ ਵਿਚ ਇੰਡੋ-ਕੈਨੇਡੀਅਨ ਪਰਿਵਾਰਾਂ ਦੀ ਟੁੱਟ ਭੱਜ, ਸਭਿਆਚਾਰਕ ਤੇ ਪਰਿਵਾਰਕ ਕਦਰਾਂ ਕੀਮਤਾਂ ਦਾ ਪੱਛਮੀ ਸਭਿਅਤਾ ਨਾਲ ਬਿਖੇੜੇ ਦਾ ਖੂਬਸੂਰਤ ਵਿਖਿਆਨ ਕੀਤਾ ਗਿਆ।

ਇਸਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਤਰਕਸ਼ੀਲ ਆਗੂਆਂ ਜਿਹਨਾਂ ਵਿਚ ਬਾਈ ਅਵਤਾਰ ਗਿੱਲ, ਜ਼ੋਰਾ ਸਿੰਘ, ਡਾ ਬਲਜਿੰਦਰ ਸੇਖੋਂ, ਸੁਖਦੇਵ ਸਿੰਘ ਮਾਨ, ਸਾਧੂ ਸਿੰਘ ਝੋਰੜ, ਜਗਜੀਤ ਸਿੰਘ ਰਾਏ, ਬਲਬੀਰ ਭਦੌੜ, ਸੁਦਰਸ਼ਨ ਔਜਲਾ ਸ਼ਾਮਿਲ ਸਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕਾਮਰੇਡ ਹਰਭਜਨ ਚੀਮਾ, ਡਾ ਸੁਖਦੇਵ ਸਿੰਘ ਮਾਨ ਤੇ ਬਲਬੀਰ ਭਦੌੜ ਨੇ ਹਾਜ਼ਰੀਨ ਨਾਲ ਤਰਕਸ਼ੀਲ ਵਿਚਾਰਾਂ ਦੀ ਸਾਂਝ ਪਾਈ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਧਾਰਮਿਕ ਕਰਮ ਕਾਂਡਾਂ ਵਿਚੋ ਕੱਢਣ ਤੇ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਗੀਤਕਾਰ ਜਗਦੇਵ ਮਾਨ ਇਕ ਗੀਤ ਤੇ ਜਸਵਿੰਦਰ ਹੇਅਰ ਨੇ ਇਕ ਕਵਿਤਾ ਰਾਹੀ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜਿੰਮੇਵਾਰੀ ਸੁਰਿੰਦਰਪਾਲ ਚਾਹਲ ਨੇ ਬਾਖੂਬੀ ਨਿਭਾਈ।

ਨਾਟਕ ਐਲ ਐਮ ਆਈ ਦੀਆਂ ਝਲਕੀਆਂ..

ਨਾਟਕ ਤੇਰੀ ਕਹਾਣੀ ਮੇਰੀ ਕਹਾਣੀ ਦੀਆਂ ਝਲਕੀਆਂ..

Leave a Reply

Your email address will not be published. Required fields are marked *