ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਤੱਪਸਵੀ ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ” ਰਚੇਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ “ਸ਼੍ਰੀ ਰਮਾਇਣ” ਦੇ ਜਾਪਾਂ ਦੇ ਭੋਗ ਉਪੰਰਤ ਸਜਾਏ ਕੀਰਤਨ ਦਰਬਾਰ ਵਿੱਚ ਮੰਦਿਰ ਦੀ ਭਜਨ ਮੰਡਲੀਆਂ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਭਾਰਤ ਤੋ ਵਿਸ਼ੇਸ਼ ਤੌਰ ਪਹੁੰਚੇ ਸੰਤ ਅਸ਼ੌਕ ਲੰਕੇਸ਼ ਜੀ ਵਲੋ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ । ਇਸ ਸਮਾਗਮ ਵਿੱਚ ਭਾਰਤੀ ਦੂਤਾਵਾਸ ਰੋਮ ਦੇ ਉਪ ਰਾਜਦੂਤ ਅਮਰਾਂਰਾਮ ਗੁੱਜਰ ਸਮੇਤ ਉੱਚ ਅਧਿਕਾਰੀਆਂ ਵੱਲੋਂ ਹਾਜਰੀ ਭਰ ਕੇ ਇਸ ਸਮਾਗਮ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਸਮਾਗਮ ਵਿੱਚ ਭਗਵਾਨ ਵਾਲਮੀਕਿ ਸਭਾ ਮਾਰਕੇ (ਰਜਿ:) ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦੇ ਭੰਡਾਰੇ ਵਰਤਾਏ ਗਏ ।ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋ ਜਿੱਥੇ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਉੱਥੇ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਸੇਵਾਦਾਰਾਂ ਨੂੰ ਸਨਮਾਨਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।