ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਬੀਤੇ ਦਿਨ 3 ਨਵੰਬਰ ਦਿਨ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਅਤੇ ਮਾਣ-ਮਰਿਆਦਾ ਦੇ ਮੁੱਦੇ ਉਪਰ ਨਾਮ ਨਿਹਾਦ ਸਤਿਕਾਰ ਕਮੇਟੀ ਵਲੋਂ ਕੀਤੀਆਂ ਗਈਆਂ ਆਪਹੁਦਰੀਆਂ ਕਾਰਵਾਈ ਨੂੰ ਰੋਕੇ ਜਾਣ ਦੇ ਸੱਦੇ ਉਪਰ ਸਰੀ ਦੇ ਆਰੀਆ ਬੈਂਕੁਇਟ ਹਾਲ ਵਿਚ ਬੀਸੀ ਦੀਆਂ ਮੌਡਰੇਟ ਸਿੱਖ ਸੁਸਾਇਟੀਆਂ ਦਾ ਇਕ ਭਾਰੀ ਇਕੱਠ ਹੋਇਆ।
ਇਸ ਇਕੱਠ ਦੌਰਾਨ ਪਿਛਲੇ ਸਮੇਂ ਦੌਰਾਨ ਨਾਮ ਨਿਹਾਦ ਸਤਿਕਾਰ ਕਮੇਟੀ ਅਤੇ ਖਾਲਿਸਤਾਨੀ ਸਮਰਥਕਾਂ ਵਲੋਂ ਲਗਾਤਾਰ ਮੌਡਰੇਟ ਕਮੇਟੀਆਂ ਦੇ ਪ੍ਰਬੰਧ ਵਾਲੇ ਗੁਰੂ ਘਰਾਂ ਵਿਚ ਦਖਲ ਅੰਦਾਜ਼ੀ ਕਰਦਿਆਂ ਹੁਲੜਬਾਜ਼ੀ ਕਰਨ, ਆਨੰਦ ਕਾਰਜ ਦੀ ਰਸਮ ਦੌਰਾਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਬਰੀ ਚੁੱਕਣ, ਬਜੁਰਗ ਪੈਨਸ਼ਨਰਾਂ ਲਈ ਲਗਾਏ ਜਾਂਦੇ ਕੌਂਸਲੇਟ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦੌਰਾਨ ਪ੍ਰਬੰਧਕਾਂ, ਅਧਿਕਾਰੀਆਂ ਤੇ ਬਜੁਰਗਾਂ ਨੂੰ ਗਾਲੀ ਗਲੋਚ ਕਰਨ, ਡਰਾਉਣ ਧਮਕਾਉਣ ਅਤੇ ਨਗਰ ਕੀਰਤਨ ਦੌਰਾਨ ਵੀ ਖੱਪਖਾਨਾ ਪਾਉਣ ਦੀਆਂ ਕੋਸ਼ਿਸ਼ਾਂ ਅਤੇ ਗੁੰਡਾਗਰਦੀ ਵਾਲੇ ਵਿਵਹਾਰ ਦੀ ਨਿੰਦਾ ਕਰਦਿਆਂ ਇਹਨਾਂ ਹੁਲੜਬਾਜ਼ ਤਾਕਤਾਂ ਖਿਲਾਫ ਇਕਮੁੱਠ ਹੋਣ ਤੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਗਿਆ। ਮੌਡਰੇਟ ਸਿੱਖ ਸੁਸਾਇਟੀਆਂ ਦੇ ਪ੍ਰਬੰਧ ਵਿਚ ਦਖਲ ਦੇਣ ਵਾਲੇ ਹੁਲੜਬਾਜ਼ਾਂ ਤੇ ਉਹਨਾਂ ਦੇ ਸਮਰਥਕਾਂ ਖਿਲਾਫ ਡਟਕੇ ਖੜਨ ਅਤੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਇਕੱਠ ਵਲੋਂ ਹੱਥ ਖੜੇ ਕਰਕੇ ਮਤਾ ਪਾਸ ਕੀਤਾ ਗਿਆ।
ਜਿਕਰਯੋਗ ਹੈ ਕਿ ਬੀਤੇ ਦਿਨੀ ਵੈਨਕੂਵਰ ਗੁਰੂ ਘਰ ਵਿਖ ਕੌਂਸਲੇਟ ਕੈਂਪ ਦੌਰਾਨ ਲਾਈਫ ਸਰਟੀਫਕੇਟ ਲੈਣ ਆਏ ਬਜੁਰਗ ਪੈਨਸ਼ਰਾਂ ਨੂੰ ਵਿਖਾਵਾਕਾਰੀਆਂ ਨੇ ਧਮਕੀਆਂ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਰ ਰਹੇ ਹੋ ਨਾਕਿ ਲਾਈਫ ਸਰਟੀਫਿਕੇਟਾਂ ਉਪਰ। ਇਸਤੋਂ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਗਿਆ ਤੇ ਉਹਨਾਂ ਵਿਖਾਵਾਕਾਰੀਆਂ ਦੀ ਗੁੰਡਾਗਰਦੀ ਦੀ ਕਰੜੀ ਨਿੰਦਾ ਕੀਤੀ।
ਇਸ ਇਕੱਠ ਦੌਰਾਨ ਮੰਚ ਦੀ ਸੰਚਾਲਨਾ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਸਾਰੀਆਂ ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜੋ ਵੱਡੀ ਗਿਣਤੀ ਵਿਚ ਪੁੱਜੇ ਸਨ। ਕਸ਼ਮੀਰ ਸਿੰਘ ਧਾਲੀਵਾਲ ਨੇ ਮੀਟਿੰਗ ਬੁਲਾਉਣ ਅਤੇ ਏਜੰਡੇ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੌਡਰੇਟ ਸਿੱਖ ਸੁਸਾਇਟੀਆਂ ਖਿਲਾਫ ਕੁਝ ਵਿਅਕਤੀਆਂ ਵਲੋਂ ਗੁੰਡਾਗਰਦੀ ਕਰਦਿਆਂ ਧਮਕੀਆਂ ਅਤੇ ਗੰਦੀ ਭਾਸ਼ਾ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ। ਜਿਵੇਂ ਇਸ ਸਾਲ ਨਗਰ ਕੀਰਤਨ ਵਿਚ ਵਿਗਾੜ ਪਾਉਣ ਤੇ ਗੰਦੀ ਭਾਸ਼ਾ ਦਾ ਇਸਤੇਮਾਲ ਕਰਨਾ, ਪਿਛਲੇ ਸਾਲ ਤੇ ਇਸ ਸਾਲ ਲਾਈਫ ਸਰਟੀਫਿਕੇਟ ਦੇਣ ਆਏ ਕੌਂਸਲੇਟ ਜਨਰਲ ਵੈਨਕੂਵਰ ਦੇ ਅਧਿਕਾਰੀਆਂ ਨੂੰ ਮੰਦੀ ਭਾਸ਼ਾ ਬੋਲਣਾ, ਕਮੇਟੀ ਮੈਂਬਰਾਂ ਨੂੰ ਗਾਲੀ ਗਲੋਚ ਕਰਨਾ ਅਤੇ ਜੇ ਪੀ ਫਾਰਮ ਤੋਂ ਅਨੰਦ ਕਾਰਜ ਦੀ ਰਸਮ ਸਮੇਂ ਗੁਰੂ ਗਰੰਥ ਸਾਹਿਬ ਦਾ ਸਰੂਪ ਜਬਰੀ ਚੁੱਕ ਕੇ ਲੈ ਜਾਣਾ ਅਤੇ ਧਮਕੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਇਹ ਕਹਿਣਾ ਕਿ ਤੁਹਾਡੇ ਨਾਲ ਮੱਸੇ ਰੰਗੜ ਵਾਲਾ ਵਰਤਾਓ ਕੀਤਾ ਜਾਵੇਗਾ। ਖਾਸ ਤੌਰ ਤੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੂੰ ਕਸ਼ਮੀਰੀ ਲਾਲ ਦੇ ਨਾਮ ਨਾਲ ਚਿੜਾਉਣਾ। ਇਸ ਤਰਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਜੋ ਪ੍ਰੇਸ਼ਾਨੀ ਦਾ ਕਾਰਣ ਹਨ। ਕੁਲਦੀਪ ਸਿੰਘ ਥਾਂਦੀ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਨੇ ਇਹਨਾਂ ਘਟਨਾਵਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਉਹ ਇਸ ਗੁੰਡਾਗਰਦੀ ਦਾ ਵਿਰੋਧ ਕਰਦੇ ਹਨ ਤੇ ਹੁਣ ਸਾਨੂੰ ਮਜਬੂਰ ਹੋਕੇ ਇਹਨਾਂ ਵਿਰੁੱਧ ਸਖਤ ਸਟੈਂਡ ਲੈਣਾ ਪਵੇਗਾ ਤਦ ਹੀ ਇਹਨਾਂ ਨੂੰ ਨੱਥ ਪਾਈ ਜਾ ਸਕੇਗੀ। ਇਸ ਗੱਲ ਤੇ ਸੰਗਤਾਂ ਨੇ ਜੈਕਾਰਿਆਂ ਨਾਲ ਕੁਲਦੀਪ ਸਿੰਘ ਥਾਂਦੀ ਦੇ ਇਸ ਸਟੈਂਡ ਦੀ ਹਮਾਇਤ ਕੀਤੀ ਅਤੇ ਹੱਥ ਖੜੇ ਕਰਕੇ ਇਸਦੀ ਪ੍ਰਵਾਨਗੀ ਦਿੱਤੀ।ਉਹਨਾਂ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿਚ ਇਕਮੁੱਠ ਹੋਕੇ ਇਸ ਬੁਰਸ਼ਾਗਰਦੀ ਨੂੰ ਰੋਕਣ ਲਈ ਸਟੈਂਡ ਲੈਣਾ ਪਵੇਗਾ। ਇਸ ਵਾਰ ਅਸੀਂ ਕੌਸਲੇਟ ਦਫਤਰ ਦਾ ਕੈਂਪ ਲਗਾਉਣ ਤੋਂ ਪਹਿਲਾਂ ਕੋਰਟ ਤੋਂ ਸੁਰੱਖਿਆ ਲਈ ਆਰਡਰ ਪ੍ਰਾਪਤ ਕੀਤੇ ਸਨ ਤਾਂ ਜੋ ਲਾਈਫ ਸਰਟੀਫਿਕੇਟ ਜਾਰੀ ਕਰਨ ਸਮੇਂ ਅਧਿਕਾਰੀਆਂ ਤੇ ਪੈਨਸ਼ਨਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਅੱਗੇ ਤੋਂ ਅਸੀਂ ਇਸ ਨਾਲ ਆਪ ਨਿਜੱਠਣਾ ਜਾਣਦੇ ਹਾਂ ਤੇ ਨਿਜੱਠਾਂਗੇ ਵੀ। ਮੁੱਖ ਬੁਲਾਰਿਆਂ ਵਿਚ ਕੁਲਵੰਤ ਸਿੰਘ ਢੇਸੀ ਨੇ ਜ਼ੋਰਦਾਰ ਸ਼ਬਦਾਂ ਵਿਚ ਕੁਲਦੀਪ ਸਿੰਘ ਥਾਂਦੀ ਦੀ ਹਮਾਇਤ ਕੀਤੀ ਤੇ ਸੁਝਾਅ ਦਿੱਤਾ ਕਿ ਸਰੀ-ਡੈਲਟਾ ਗੁਰੂ ਘਰ ਦੀਆਂ ਵਧ ਤੋਂ ਵਧ ਵੋਟਾਂ ਬਣਾਓ ਤਾਂਕਿ ਉਥੇ ਕਬਜ਼ਾ ਕਰੀ ਬੈਠੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਪ੍ਰੀਤ ਸਿੰਘ ਸੰਧੂ ਨੇ ਵੀ 1998 ਦਾ ਸਮਾਂ ਯਾਦ ਕਰਵਾਉਂਦੇ ਹੋਏ ਦੱਸਿਆ ਕਿ ਉਦੋ ਵੀ ਇਹਨਾਂ ਦੀ ਗੁੰਡਾਗਰਦੀ ਇਸੇ ਤਰਾਂ ਹੀ ਸੀ ਜਿਹਨਾਂ ਨੂੰ ਮੌਡਰੇਟ ਗਰੁੱਪਾਂ ਨੇ ਇਕੱਠੇ ਹੋਕੇ ਨਜਿਠਿਆ ਸੀ। ਨਾਰਥ ਅਮਰੀਕਾ ਹਿੰਦੂ ਐਸੋਸੀਏਸ਼ਨ ਦੇ ਬੁਲਾਰੇ ਵਿਜੈ ਚੱਕਰਵਰਤੀ ਨੇ ਸੰਬੋਧਨ ਕਰਦਿਆਂ ਕਿਹਾ ਉਸਦਾ ਸਬੰਧ ਕਸ਼ਮੀਰੀ ਪੰਡਿਤਾਂ ਨਾਲ ਹੈ। ਸਿੱਖ ਗੁਰੂ ਸਾਹਿਬਾਨ ਦੀ ਕ੍ਰਿਪਾ ਸਕਦਾ ਹੀ ਉਹਨਾਂ ਦੇ ਧਰਮ ਦੀ ਰੱਖਿਆ ਹੋ ਸਕੀ ਸੀ। ਉਹਨਾਂ ਦੇ ਮਨ ਵਿਚ ਸਿੱਖ ਗੁਰੂਆਂ ਪ੍ਰਤੀ ਭਾਰੀ ਸ਼ਰਧਾ ਹੈ ਪਰ ਕੁਝ ਲੋਕ ਹਿੰਦੂ-ਸਿੱਖਾਂ ਵਿਚਾਲੇ ਪਾੜਾ ਪਾਉਣ ਦਾ ਯਤਨ ਕਰ ਰਹੇ ਹਨ । ਇਸ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸਾਨੂੰ ਸਭ ਨੂੰ ਇਕਮੁੱਠ ਹੋਣ ਦੀ ਲੋੜ ਹੈ। ਹਿੰਦੂ ਮੰਦਿਰ ਸਰੀ ਦੇ ਪ੍ਰਤੀਨਿਧ ਵਿਨੈ ਸ਼ਰਮਾ ਨੇ ਕਿਹਾ ਕਿ ਹਿੰਦੂ-ਸਿੱਖ ਭਾਈਚਾਰਾ ਇਕ ਹੈ। ਹਿੰਦੂ ਭਾਈਚਾਰਾ ਆਪਣੇ ਦੇਵੀ ਦੇਵਤਿਆਂ ਵਾਂਗ ਹੀ ਸਿੱਖ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਰੱਖਦਾ ਹੈ। ਉਹਨਾਂ ਧਾਰਮਿਕ ਸਥਾਨਾਂ ਉਪਰ ਅੰਤਰਜਾਤੀ ਵਿਆਹਾਂ ਉਪਰ ਰੋਕ ਲਗਾਏ ਜਾਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਨਫਰਤ ਦੇ ਵਪਾਰੀਆਂ ਨੂੰ ਵੀ ਪਛਾਣਨ ਦਾ ਸੱਦਾ ਦਿੱਤਾ। ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਪ੍ਰਧਾਨ ਹਰਜੀਤ ਸਿੰਘ ਸੋਹਪਾਲ ਨੇ ਭਾਈਚਾਰੇ ਸਾਂਝ ਦੀ ਮਜ਼ਬੂਤੀ ਉਪਰ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਖਾਲਸਾ ਦੀਵਾਨ ਸੁਸਾਇਟੀ ਜੋ ਵੀ ਪ੍ਰੋਗਰਾਮ ਦੇਵੇਗੀ, ਉਹ ਉਸਦਾ ਹਮੇਸ਼ਾ ਸਾਥ ਦੇਣਗੇ। ਇਸ ਮੌਕੇ ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਮਲਕੀਤ ਸਿੰਘ ਧਾਮੀ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਹੇਅਰ, ਦਰਸ਼ਨ ਮਾਹਲ, ਗੁਰਦੇਵ ਸਿੰਘ ਬਰਾੜ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਗਿਆਨੀ ਹਰਕੀਰਤ ਸਿੰਘ, ਬਿਲ ਬਸਰਾ ਸਾਬਕਾ ਪ੍ਰਧਾਨ ਗੁਰੂ ਰਵਿਦਾਸ ਸਭਾ, ਮਨਜੀਤ ਸਿੰਘ ਪਨੇਸਰ ਸਾਬਕਾ ਸਕੱਤਰ ਰਾਮਗੜੀਆ ਸੁਸਾਇਟੀ ਸਰੀ, ਮਨਿੰਦਰ ਸਿੰਘ ਗਿੱਲ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਪ੍ਰਸ਼ੋਤਮ ਗੋਇਲ ਪ੍ਰਤੀਨਿਧ ਲਕਸ਼ਮੀ ਨਾਰਾਇਣ ਮੰਦਿਰ ਤੇ ਹੋਰ ਬੁਲਾਰੇ ਸ਼ਾਮਿਲ ਸਨ ਜਿਹਨਾਂ ਨੇ ਖੁਲਕੇ ਆਪਣੇ ਵਿਚਾਰ ਰੱਖੇ ਤੇ ਖਾਲਸਾ ਦੀਵਾਨ ਸੁਸਾਇਟੀ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਅਖੀਰ ਵਿਚ ਕਸ਼ਮੀਰ ਸਿੰਘ ਧਾਲੀਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਮੌਡਰੇਟ ਗਰੁੱਪ ਦੀ ਇਹ ਮੀਟਿੰਗ ਸਫਲਤਾ ਪੂਰਵਕ ਸਮਾਪਤ ਹੋਈ ਜਿਸ ਨਾਲ ਮੌਡਰੇਟ ਸਿੱਖ ਸੁਸਾਇਟੀਆਂ ਦੇ ਨੁਮਾਇੰਦੇ ਭਾਰੀ ਉਤਸ਼ਾਹ ਵਿਚ ਹਨ।