ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਸ਼ਨੀਵਾਰ 2 ਨਵੰਬਰ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵਲੋਂ ਕੌਸਲਰ ਸੇਵਾਵਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੌਰਾਨ ਕੌਂਸਲੇਟ ਦੇ 6 ਅਧਿਕਾਰੀ ਪੁੱਜੇ ਜਿਹਨਾਂ ਨੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਤਕਰੀਬਨ 350 ਦੇ ਕਰੀਬ ਲਾਈਫ ਸਰਟੀਫਿਕੇਟ ਵੰਡੇ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕ ਸਰੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਹੋਏ ਸਨ। ਇਹਨਾਂ ਵਿਚ ਕੁਝ ਬਜੁਰਗ ਅਜਿਹੇ ਵੀ ਸਨ ਜਿਹਨਾਂ ਨੂੰ ਚੱਲਣ ਫਿਰਨ ਵਿਚ ਤਕਲੀਫ ਸੀ। ਗੁਰੂ ਘਰ ਦੇ ਸੇਵਾਦਾਰਾਂ ਨੇ ਉਹਨਾਂ ਬਜੁਰਗਾਂ ਦੀ ਸਹਾਇਤਾ ਕੀਤੀ। ਆਏ ਬਜੁਰਗਾਂ ਲਈ ਚਾਹ ਪਾਣੀ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ। ਜ਼ਿਕਰਯੋਗ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਵਲੋਂ ਪਿਛਲੇ 20 ਸਾਲਾਂ ਤੋਂ ਇਹ ਕੈਂਪ ਲਗਾਏ ਜਾਂਦੇ ਹਨ ਜਿਹਨਾਂ ਦਾ ਬਜੁਰਗਾਂ ਨੂੰ ਕਾਫੀ ਲਾਭ ਮਿਲਦਾ ਹੈ। ਬਜੁਰਗ ਪੈਨਸ਼ਨਰਾਂ ਨੂੰ ਹਰ ਸਾਲ ਜਿਉਂਦੇ ਹੋਣ ਲਈ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਹੈ ਜੋ ਕੌਂਸਲੇਟ ਆਫਿਸ ਵਲੋਂ ਜਾਰੀ ਕੀਤੇ ਜਾਂਦੇ ਹਨ। ਇਸ ਕੈਂਪ ਦੌਰਾਨ ਕੁਝ ਮੁੱਠੀ ਭਰ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਤੇ ਉਹਨਾਂ ਵਲੋਂ ਪੈਨਸ਼ਨਰਾਂ ਤੇ ਬਜੁਰਗਾਂ ਨੂੰ ਅਜਿਹੀ ਭੱਦੀ ਸ਼ਬਦਾਵਲੀ ਬੋਲੀ ਗਈ ਜਿਸਨੂੰ ਲਿਖਣ ਲਈ ਕਲਮ ਇਜਾਜ਼ਤ ਨਹੀ ਦਿੰਦੀ। ਖਾਲਸਾ ਦੀਵਾਨ ਸੁਸਾਇਟੀ ਵਲੋਂ ਗੁਰੂ ਸਾਹਿਬ ਵਲੋਂ ਦਿੱਤੀਆਂ ਸਿਖਿਆਵਾਂ ਤੇ ਚਲਦਿਆਂ ਇਹ ਸੇਵਾ ਦਾ ਕੈਂਪ ਲਗਾਇਆ ਜਾਂਦਾ ਹੈ। ਅਗਲਾ ਕੈਂਪ 16 ਨਵੰਬਰ ਨੂੰ ਲਗਾਇਆ ਜਾਵੇਗਾ। ਬਜੁਰਗ ਪੈਨਸ਼ਨਰ 16 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਇਸਦਾ ਲਾਭ ਲੈ ਸਕਦੇ ਹਨ।