ਕੇਵਲ 9 ਮਹੀਨਿਆਂ ਵਿਚ 13 ਹਜ਼ਾਰ ਤੋਂ ਉਪਰ ਅਰਜੀਆਂ ਪੁੱਜੀਆਂ-
ਵੈਨਕੂਵਰ ( ਹਰਦਮ ਮਾਨ)-ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਦੀ ਪੀ ਆਰ ਅਤੇ ਆਵਾਸ ਦੀਆਂ ਸ਼ਰਤਾਂ ਵਿਚ ਸਖਤਾਈ ਮਗਰੋਂ ਹੋਰ ਪਰਵਾਸੀਆਂ ਦੇ ਨਾਲ ਕੌਮਾਂਤਰੀ ਵਿਦਿਆਰਥੀ ਵੀ ਪੱਕੇ ਹੋਣ ਲਈ ਪਨਾਹ (ਸ਼ਰਨ) ਮੰਗਣ ਲੱਗੇ ਹਨ। ਵਿਭਾਗੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ (1 ਜਨਵਰੀ ਤੋਂ 30 ਸਤੰਬਰ ਤੱਕ) 13,660 ਕੌਮਾਂਤਰੀ ਵਿਦਿਆਰਥੀਆਂ ਨੇ ਸ਼ਰਨਾਰਥੀ ਵਜੋਂ ਪਨਾਹ ਲਈ ਅਰਜ਼ੀਆਂ ਦਿੱਤੀਆਂ ਹਨ। ਹਾਲਾਂਕਿ ਵਿਭਾਗ ਦੇ ਮੰਤਰੀ ਮਾਈਕ ਮਿੱਲਰ ਨੇ ਆਖਿਆ ਕਿ ਵਿਦੇਸ਼ਾਂ ’ਚ ਬੈਠੇ ਲਾਲਚੀ ਇਮੀਗਰੇਸ਼ਨ ਸਲਾਹਕਾਰ ਇਨ੍ਹਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਤੋਰ ਰਹੇ ਹਨ।
ਅੰਕੜਿਆਂ ਅਨੁਸਾਰ ਛੇ ਵਰ੍ਹੇ ਪਹਿਲਾਂ ਸਾਲ 2018 ਵਿੱਚ ਸਿਰਫ 1,810 ਲੋਕਾਂ ਨੇ ਪਨਾਹ ਲਈ ਦਰਖਾਸਤਾਂ ਦਿੱਤੀਆਂ ਸਨ। ਪੂਰੇ ਸਾਲ (2023) ਦਾ ਇਹ ਅੰਕੜਾ 12 ਹਜ਼ਾਰ ਸੀ ਪਰ ਇਸ ਸਾਲ (2024) ਦੇ 9 ਮਹੀਨਿਆਂ ’ਚ ਰਿਕਾਰਡ ਟੁੱਟ ਗਏ ਹਨ ਤੇ 30 ਸਤੰਬਰ ਤੱਕ ਪਨਾਹ ਲੈਣ ਲਈ 13,660 ਕੌਮਾਂਤਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਮਿਲੀਆਂ ਹਨ। ਮੰਤਰੀ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵਲੋਂ ਕੱਚੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਬਿਆਨ ਮਗਰੋਂ ਇਹ ਰੁਝਾਨ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਏਜੰਟਾਂ ਵਲੋਂ ਗੁੰਮਰਾਹ ਕੀਤੇ ਹਜ਼ਾਰਾਂ ਹੋਰ ਲੋਕ ਵੀ ਇਸ ਰਸਤੇ ਪੈ ਸਕਦੇ ਹਨ। ਮੰਤਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਦਰਖਾਸਤਾਂ ’ਚੋਂ ਕੁਝ ਸੱਚੀਆਂ ਹੋ ਸਕਦੀਆਂ ਹਨ। ਮਿੱਲਰ ਨੇ ਕਿਹਾ ਕਿ ਪੜ੍ਹਾਈ ਪੂਰੀ ਕਰਨ ਦੀ ਥਾਂ ਪਹਿਲੇ ਦੂਜੇ ਸਾਲ ਪਨਾਹ ਮੰਗਣ ਤੋਂ ਆਪਣੇ ਆਪ ਸਾਬਤ ਹੋ ਜਾਂਦਾ ਹੈ ਕਿ ਦਰਖਾਸਤ ਕਰਤਾ ਦੇ ਪਿਤਰੀ ਮੁਲਕ ਤੋਂ (ਉਸ ਨੂੰ) ਖ਼ਤਰੇ ਦਾ ਦਾਅਵਾ ਝੂਠਾ ਹੈ। ਉਨ੍ਹਾਂ ਸਵਾਲ ਉਠਾਇਆ, ‘‘ਪਨਾਹ ਲਈ ਅਪਲਾਈ ਕਰਨ ਵਾਲਿਆਂ ਨੂੰ ਕੈਨੇਡਾ ਆਉਣ ਤੋਂ ਬਾਅਦ ਆਪਣੇ ਦੇਸ਼ ਦੇ ਸਿਸਟਮ ਤੋਂ ਡਰ ਲੱਗਣ ਦਾ ਕੋਈ ਕਾਰਨ ਨਹੀਂ ਬਣਦਾ।’’ਵਿਭਾਗੀ ਅੰਕੜਿਆਂ ਅਨੁਸਾਰ ਪਨਾਹ ਮੰਗਣ ਦੀਆਂ ਜ਼ਿਆਦਾ ਦਰਖਾਸਤਾਂ ਉਨ੍ਹਾਂ ਵਿੱਦਿਅਕ ਅਦਾਰਿਆਂ ਦੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਈਆਂ ਜਿਨ੍ਹਾਂ ’ਚ ਇਸ ਵਾਰ ਸਰਕਾਰ ਨੇ ਕਿਸੇ ਨੂੰ ਦਾਖਲੇ ਦੀ ਆਗਿਆ ਨਹੀਂ ਦਿੱਤੀ। ਇਨ੍ਹਾਂ ਵਿੱਚ ਨਿਆਗਰਾ ਕਾਲਜ ਦੇ 410, ਸੈਨੇਕਾ ਕਾਲਜ ਆਫ ਟੈਕਨਾਲੋਜੀ ਦੇ 490, ਕਿਚਨਰ ਦੇ ਕੁਨੈਸਟੋਗਾ ਕਾਲਜ ਦੇ 520 ਵਿਦਿਆਰਥੀਆਂ ਨੇ ਪਨਾਹ ਲੈਣ ਲਈ ਅਪਲਾਈ ਕੀਤਾ ਹੈ।