600 ਦੇ ਕਰੀਬ ਲਾਈਫ ਸਰਟੀਫਿਕੇਟ ਵੰਡੇ-
ਕੈਂਪ ਦੇ ਬਾਹਰ ਸਿਖਸ ਫਾਰ ਜਸਟਿਸ ਵਲੋਂ ਰੋਸ ਪ੍ਰਦਰਸ਼ਨ-
ਐਬਸਫੋਰਡ ( ਜੁਗਿੰਦਰ ਸਿੰਘ ਸੂੰਨੜ)-ਬੀਤੇ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਕੌਂਸਲਰ ਸੇਵਾਵਾਂ ਕੈਂਪ ਲਗਾਇਆ ਗਿਆ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਕੈਂਪ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਮੁਕਤ ਕਰਮਚਾਰੀਆਂ ਨੂੰ ਲਾਈਫ ਸਰਟੀਫਿਕੇਟ ਵੰਡੇ। ਪ੍ਰਬੰਧਕ ਕਮੇਟੀ ਵਲੋਂ ਕੋਰਟ ਤੋਂ ਮਨਜੂਰੀ ਲਈ ਗਈ ਸੀ ਤਾਂਕਿ ਕੋਈ ਵੀ ਬਾਹਰੀ ਵਿਅਕਤੀ ਗੁਰੂ ਘਰ ਦੇ ਅੰਦਰ ਆਕੇ ਕੋਈ ਰੁਕਾਵਟ ਨਾ ਪਾਵੇ। ਕੈਂਪ ਦੌਰਾਨ ਲਗਪਗ 600 ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ। ਮੌਡਰੇਟ ਗਰੁੱਪ ਦੇ ਸਮੂਹ ਸੇਵਾਦਾਰਾਂ ਨੇ ਪੂਰਨ ਸਹਿਯੋਗ ਦਿੰਦਿਆਂ ਇਸ ਕੈਂਪ ਨੂੰ ਸਫਲ ਬਣਾਇਆ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ, ਕਸ਼ਮੀਰ ਸਿੰਘ ਧਾਲੀਵਾਲ ਸਕੱਤਰ, ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਤੋਂ ਕੁਲਵੰਤ ਸਿੰਘ ਢੇਸੀ ਕੈਂਪ ਦੌਰਾਨ ਉਚੇਚੇ ਤੌਰ ਤੇ ਪੁੱਜੇ ਤੇ ਐਬਸਫੋਰਡ ਕਮੇਟੀ ਦਾ ਸਹਿਯੋਗ ਦਿੱਤਾ। ਕੈਂਪ ਦੌਰਾਨ ਵੀਲ ਚੇਅਰ ਤੇ ਪੁੱਜਣ ਵਾਲੇ ਬਜੁਰਗਾਂ ਦੀ ਵਲੰਟੀਅਰਾਂ ਨੇ ਸਹਾਇਤਾ ਕੀਤੀ। ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਨੇ ਕੈਂਪ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਸਨ। ਸੈਂਕੜੇ ਬਜੁਰਗਾਂ ਨੇ ਲਾਈਫ ਸਰਟੀਫਿਕੇਟ ਪ੍ਰਾਪਤ ਕਰਦਿਆਂ ਪ੍ਰਬੰਧਕਾਂ ਦਾ ਕੈਂਪ ਲਗਾਉਣ ਤੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ।
ਸਿਖਸ ਫਾਰ ਜਸਟਿਸ ਦੇ ਕਾਰਕੁੰਨਾਂ ਵਲੋਂ ਰੋਸ ਪ੍ਰਦਰਸ਼ਨ-
ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਿਖਸ ਫਾਰ ਜਸਟਿਸ ਦੇ ਕਾਰਕੁੰਨਾਂ ਵਲੋਂ ਕੌਂਸਲਰ ਕੈਂਪ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੌਂਸਲਰ ਕੈਂਪ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਭਾਰਤੀ ਏਜੰਟਾਂ ਦਾ ਦਖਲ ਕਰਾਰ ਦਿੰਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਅਹੁੇਦਾਦਾਰਾਂ ਨੂੰ ਪੰਥ ਦੇ ਗੱਦਾਰ ਕਿਹਾ। ਇਸ ਮੌਕੇ ਭਾਈ ਰਣਜੀਤ ਸਿੰਘ ਖਾਲਸਾ, ਕਰਨੈਲ ਸਿੰਘ ਟੁੱਟ, ਇੰਦਰਜੀਤ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ ਤੇ ਐਬਸਫੋਰਡ ਪੰਥਕ ਜਥੇਬੰਦੀਆਂ ਦੇ ਕਾਰਕੁੰਨ ਮੌਜੂਦ ਸਨ ਜਿਹਨਾਂ ਨੇ ਗਰੁਦੁਆਰਾ ਸਾਹਿਬ ਦੇ ਅੰਦਰ ਕੌਂਸਲਰ ਕੈਂਪ ਲਗਾਉਣ ਦਾ ਕਰੜਾ ਵਿਰੋਧ ਜਿਤਾਇਆ। ਭਾਈ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਆਪਣੀ ਜਾਂਚ ਰਿਪੋਰਟ ਵਿਚ ਕਹਿ ਚੁੱਕੀ ਹੈ ਕਿ ਭਾਰਤੀ ਏਜੰਟ ਕੈਨੇਡਾ ਵਿਚ ਅਰਾਜਕਤਾ ਫੈਲਾਉਣ ਦੀ ਸ਼ਾਜਿਸ਼ ਵਿਚ ਸ਼ਾਮਿਲ ਹਨ ਪਰ ਇਸਦੇ ਬਾਵਜੂਦ ਮੌਡਰੇਟ ਸੁਸਾਇਟੀਆਂ ਵਲੋਂ ਕੌਂਸਲਰ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕੌਂਸਲਰ ਕੈਂਪ ਦੇ ਪ੍ਰਬੰਧਕਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।