ਪੰਥ ਦੇ ਉਘੇ ਵਿਦਵਾਨਾਂ ਵਲੋਂ ਸ਼ਬਦ ਗੁਰੂ ਨਾਲ ਜੁੜਨ ਤੇ ਜੀਵਨ ਜਾਚ ਅਪਨਾਉਣ ਦਾ ਸੱਦਾ-
ਗੁਰਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਏ ਜਾਣ ਤੇ ਕਈ ਹੋਰ ਮਤਿਆਂ ਨੂੰ ਪ੍ਰਵਾਨਗੀ-
ਸ਼ਿਕਾਗੋ ( ਦੇ ਪ੍ਰ ਬਿ)-ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਵ੍ਹੀਟਨ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘ਵਾਪਸੀ ਗੁਰੂ ਗ੍ਰੰਥ ਸਾਹਿਬ ਵੱਲ’ ਸੀ। ਇਸ ਦੌਰਾਨ ਉਘੇ ਵਿਦਵਾਨਾਂ ਜਿਹਨਾਂ ਵਿਚ ਸ ਕੁਲਦੀਪ ਸਿੰਘ (ਰੇਡੀਓ ਅਤੇ ਟੀ ਵੀ ਹੋਸਟ ਸਾਂਝਾ ਟੀਵੀ), ਪ੍ਰੋ ਦਰਸ਼ਨ ਸਿੰਘ ਖਾਲਸਾ, ਸ ਸੁਖਦੇਵ ਸਿੰਘ (ਸਕਾਲਰ ਅਤੇ ਟੀ ਵੀ ਹੋਸਟ ਗੁਰਮਤਿ ਟੀਵੀ), ਸ ਵਰਿੰਦਰ ਸਿੰਘ ਮਾਨ (ਸਕਾਲਰ ਅਤੇ ਟੀ ਵੀ ਹੋਸਟ ਗੁਰਮਤਿ ਟੀਵੀ), ਸ ਸਰਬਜੀਤ ਸਿੰਘ ਸੈਕਰਾਮੈਂਟੋ (ਲੇਖਕ ਅਤੇ ਇਤਿਹਾਸਕਾਰ) ਅਤੇ ਸ ਜਗਮੋਹਨ ਸਿੰਘ ਟੁਟ (ਸਕਾਲਰ ਅਤੇ ਟੀ ਵੀ ਹੋਸਟ ਗੁਰਮਤਿ ਟੀਵੀ), ਸ਼ਾਮਿਲ ਸਨ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਵਿਦਵਾਨਾਂ ਦੇ ਵਿਚਾਰ ਸੁਣੇ। ਇਸ ਕਾਨਫਰੰਸ ਲਈ ਭੇਜੇ ਆਪਣੇ ਵੀਡੀਓ ਸੰਦੇਸ਼ ਵਿਚ ਸ ਪ੍ਰਭਦੀਪ ਸਿੰਘ (ਸਿੰਘ ਨਾਦ ਰੇਡੀਓ ਇੰਗਲੈਂਡ) ਨੇ ਕਿਹਾ ਕਿ ਸਾਨੂੰ ਕੱਚੀ ਨਹੀਂ ਅਸਲ ਬਾਣੀ ਨਾਲ ਜੁੜਨ ਦੀ ਲੋੜ ਹੈ ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਤੇ ਗੁਰੂ ਗ੍ਰੰਥ ਹੀ ਸਾਡਾ ਸੱਚਾ ਗੁਰੂ ਹੈ। ਸ ਸਰਬਜੀਤ ਸਿੰਘ ਧੁੂੰਦਾ ਨੇ ਵੀ ਵੀਡੀਓ ਕਨਫਰੰਸ ਰਾਹੀਂ ਹਾਜ਼ਰੀ ਲਾਉਂਦਿਆਂ ਕਿਹਾ ਕਿ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਅ ਕੇ ਹੀ ਭਵਸਾਗਰ ਨੂੰ ਤਰਿਆ ਜਾ ਸਕਦਾ ਹੈ। ਉਨ੍ਹਾਂ ਨੇ ਡੇਰਾਵਾਦ ਤੇ ਵੱਖ-ਵੱਖ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਥਾਂ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਸੰਗਤ ਨੂੰ ਗੁਰੂ ਦੇ ਸ਼ਬਦ ਨਾਲ ਜੁੜਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਿੱਖਾਂ ਨੂੰ ਲਾਮਬੰਦ ਹੋਣ ਤੇ ਗੁਰੂ ਦੇ ਸ਼ਬਦ ਸਿਧਾਂਤ ਦਾ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਤੇ ਸ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਹਾੜੇ ਮਨਾਉਣ ‘ਤੇ ਜ਼ੋਰ ਦਿੱਤਾ। ਸ ਸੁਖਦੇਵ ਸਿੰਘ (ਸਕੋਲਰ ਅਤੇ ਟੀ ਵੀ ਹੋਸਟ ਗੁਰਮਤਿ ਟੀਵੀ) ਨੇ ਸੰਗਤ ਨਾਲ ਗੁਰਮਤਿ ਤੇ ਸਿੱਖ ਰਹਿਤ ਮਰਿਆਦਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਦੋਂ ਬਾਣੀ ਇਕ ਹੈ, ਗੁਰੂ ਇਕ ਹੈ, ਤਾਂ ਹਰੇਕ ਸਿੱਖ (ਸੰਪ੍ਰਦਾਇਕ ਲੋਕਾਂ) ਦਾ ਰਹਿਣ-ਸਹਿਣ, ਜੀਵਨ ਜਾਚ ਵੱਖ-ਵੱਖ ਕਿਉਂ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਦੁਨੀਆ ‘ਤੇ ਹੋਰ ਕੋਈ ਨਹੀਂ ਹੈ। ਸਾਡੇ ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਜਿਹੜਾ ਗੁਰੂ ਨਿਰਭਓ-ਨਿਰਵੈਰ ਹੋਵੇ ਤੇ ਸਾਰੀ ਲੋਕਾਈ ਨੂੰ ਇਕੋ ਜਿਹਾ ਉਪਦੇਸ਼ ਦਿੰਦਾ ਹੋਵੇ ਤੇ ਉਸ ਗੁਰੂ ਦੇ ਸਿੱਖ ਹੀ ਵੱਖ-ਵੱਖ ਰਾਹਾਂ ‘ਤੇ ਤੁਰੇ ਹੋਣ ਤਾਂ ਇਸ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਲਈ ਸੱਚ ਨਾਲ ਖੜ੍ਹਨ ਦਾ ਹੋਕਾ ਦਿੱਤਾ। ਗੁਰਮਤਿ ਟੀਵੀ ਦੇ ਹੋਸਟ ਅਤੇ ਸਕਾਲਰ ਸ ਜਗਮੋਹਨ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਗੁਰਦੁਆਰੇ ਜਾਣ ਵੇਲੇ ਅਸੀਂ ਸੋਚ ਕੇ ਨਹੀਂ ਜਾਂਦੇ ਕਿ ਅੱਜ ਗੁਰੂ ਦਾ ਸ਼ਬਦ ਅੰਮ੍ਰਿਤ ਰੂਪੀ ਪੀਣਾ (ਸਮਝਣਾ) ਹੈ, ਤਾਂ ਸਾਡਾ ਗੁਰਦੁਆਰੇ ਜਾਣਾ, ਲੰਗਰ ਛਕਣਾ ਸਿਰਫ ਇਕ ਰੁਟੀਨ ਬਣ ਕੇ ਰਹਿ ਜਾਵੇਗੀ ਤੇ ਅਸੀਂ ਉਥੋਂ ਕੁਝ ਲੈ ਕੇ ਨਹੀਂ ਆਵਾਂਗੇ। ਉਨ੍ਹਾਂ ਦੱਸਿਆ ਕਿ ਗੁਰਮਤ ਤੇ ਸਾਂਝਾ ਟੀ ਵੀ ‘ਤੇ ਗੁਰਮਤਿ ਨਾਲ ਸਬੰਧਤ ਵਿਸ਼ਿਆਂ ਨੂੰ ਛੋਹਿਆ ਜਾਂਦਾ ਹੈ। ਗੁਰਮਤਿ ਟੀਵੀ ਦੇ ਹੀ ਹੋਸਟ ਅਤੇ ਸਕਾਲਰ ਸ ਵਰਿੰਦਰ ਸਿੰਘ ਮਾਨ ਨੇ ‘ਕੱਤਕ ਕਿ ਵਿਸਾਖ’ ਵਿਸ਼ੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਵਿਚਾਰਵਾਨ ਬਣਾਇਆ ਹੈ, ਤੇ ਸਿੱਖਾਂ ਨੂੰ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਹਨ। ਉਨ੍ਹਾਂ ਕੁਝ ਪੰਥਕ ਜਥੇਦਾਰਾਂ ਵਲੋਂ ਕੀਤੀਆਂ ਨਾ-ਮੁਆਫੀਯੋਗ ਗ਼ਲਤੀਆਂ ਦੀ ਚਰਚਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਗ਼ਲਤ ਦਿਨ ਮਨਾਉਣ ਪਿੱਛੇ ਸਾਡੀ ਮਜਬੂਰੀ ਕੀ ਹੈ? ਜਦੋਂ ਇਤਿਹਾਸ ਵਿਚ ਹਰ ਜਗ੍ਹਾ 15 ਅਪਰੈਲ, 1469ਈ ਦਾ ਜ਼ਿਕਰ ਹੈ ਤਾਂ ਫਿਰ ਗ਼ਲਤ ਦਿਨ ਇਹ ਜਨਮ ਦਿਹਾੜਾ ਕਿਉਂ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲਾ ਦਿਨ ਖੰਡੇ ਦਾ ਪਾਹੁਲ ਦੇਣ ਲਈ ਇਸੇ ਲਈ ਚੁਣਿਆ ਸੀ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜੇ ਵਾਲਾ ਦਿਨ ਸੀ। ਉੱਘੇ ਲੇਖਕ ਅਤੇ ਇਤਿਹਾਸਕਾਰ ਸ ਸਰਬਜੀਤ ਸਿੰਘ ਸੈਕਰਾਮੈਂਟੋ ਜਿਨ੍ਹਾਂ ਨੇ ਸ ਪੁਰੇਵਾਲ ਨਾਲ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਕੰਮ ਵੀ ਕੀਤਾ ਹੈ, ਨੇ ਕਿਹਾ ਕਿ ਇਸ ਵੇਲੇ ਪੰਥ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ ਤੇ ਪਿਛਲੇ ਢਾਈ ਦਹਾਕਿਆਂ ਤੋਂ ਨਵੀਂ ਸਮੱਸਿਆ ਕੈਲੰਡਰ ਦੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੋ ਪਿਛਲੇ 25 ਸਾਲਾਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਜਦੋਂ ਕਿਹਾ ਜਾਂਦਾ ਹੈ ਕਿ ਸਵਾਲਾਂ ਦੇ ਜਵਾਬ ਦਿਓ ਤਾਂ ਅਜਿਹਾ ਨਹੀਂ ਹੁੰਦਾ। ਉਨ੍ਹਾਂ ਸੰਗਤ ਨੂੰ ਜੁਲੀਅਨ ਕੈਲੰਡਰ ਦੀ ਸੋਧ (ਅਕਤੂਬਰ 1582 ਈ) ਦੇਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਚੰਦ ਦੇ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਰੁੱਤਾਂ ਦਾ ਸਬੰਧ ਧਰਤੀ ਦੇ ਸੂਰਜ ਦੁਆਲੇ ਚੱਕਰ ਲਾਉਣ ਨਾਲ ਹੈ। ਉਨ੍ਹਾਂ ਕੈਲੰਡਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰਾਂਦ ਕੁਦਰਤੀ ਸਿਧਾਂਤ ਨਹੀਂ ਹੈ। ਸ਼ ਕੁਲਦੀਪ ਸਿੰਘ ਨੇ ਵੱਖ-ਵੱਖ ਚੈਨਲਾਂ ਰਾਹੀਂ ਦੁਨੀਆ ਭਰ ਵਿਚ ਇਹ ਪ੍ਰੋਗਰਾਮ ਦੇਖ ਰਹੀਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡਾ ਗੁਰੂ ਇਕ ਸ਼ਬਦ ਹੈ। ਬਾਣੀ ਨਿਰੰਕਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਨੇ ਕਿਹਾ ਹੈ ਕਿ ਗੁਰੂ ਦੀ ਹਜ਼ੂਰੀ ਵਿਚ ਬੈਠ ਕੇ ਮਸਲੇ ਹੱਲ ਕੀਤੇ ਜਾਣ। ਉਨ੍ਹਾਂ ਨਾਂ ਨਾਲ ਬ੍ਰਹਮ ਗਿਆਨੀ ਲਾਉਣ ਵਾਲਿਆਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਜੋ ਵਿਆਹਿਆ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਉਹ ਵਿਕਾਰਾਂ ਵਿਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਵਿਚ ਪਾਠ ਕਰਾਉਣ ਨਾਲੋਂ ਆਪ ਪਾਠ ਕਰੋ। ਉਨ੍ਹਾਂ ਜਥੇਦਾਰਾਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਹੈ। ਖਾਲਸਾ ਲਾਇਬਰੇਰੀ ਐਪ ਤੋਂ ਗੁਰੂ ਗਰੰਥ ਸਾਹਿਬ ਸੁਣਨ ਦਾ ਵੀ ਉਨ੍ਹਾਂ ਸੱਦਾ ਦਿੱਤਾ। ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਆਪਣੀ ਸਿਹਤ ਸਮੱਸਿਆ ਕਾਰਨ, ਆਖਰੀ ਸਮੇਂ ਆਪਣੀ ਯਾਤਰਾ ਰੱਦ ਕਰਨੀ ਪਈ, ਨੇ ਵੀਡੀਓ ਕਾਨਫਰੰਸ ਰਾਹੀਂ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾ ਮੁਖ ਸੰਦੇਸ਼ ਸੀ ਕਿ ਸਿੱਖਾਂ ਦਾ ਸੱਚਾ ਅਕਾਲ ਤਖਤ ਉਹੀ ਹੈ ਜੋ ਗੁਰਬਾਣੀ ਵਿਚ ਦਰਸਾਇਆ ਗਿਆ ਹੈ ਅਤੇ ਜੋ ਅਕਾਲ ਤੋਂ ਰਹਿਤ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਹਵਾਲਿਆਂ ਨਾਲ, ਅਕਾਲ ਪੁਰਖ ਅਤੇ ਉਸ ਦੇ ਤਖਤ ਦਾ ਸਿਧਾਂਤ ਬਹੁਤ ਹੀ ਭਾਵਪੂਰਕ ਤਰੀਕੇ ਨਾਲ ਸਮਝਾਇਆ। ਜਿਥੇ ਉਨ੍ਹਾਂ ਨੇ ਅਕਾਲ ਤਖਤ ਦੀ ਮਰਯਾਦਾ ਬਾਰੇ ਵਿਚਾਰ ਪੇਸ਼ ਕੀਤੇ, ਉਥੇ ਹੀ ਆਪਣੀ ਸੇਵਾ ਦੌਰਾਨ ਵਾਪਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਗੁਰੂ ਘਰ ਦੇ ਪ੍ਰਧਾਨ ਡਾ ਪਰਮਜੀਤ ਕੌਰ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਕੁਝ ਮਤੇ ਵੀ ਪਾਸ ਕੀਤੇ ਗਏ। ਪਹਿਲਾ ਮਤਾ ਡਾ ਪਰਮਜੀਤ ਕੌਰ ਨੇ ਪੇਸ਼ ਕੀਤਾ, ਜਿਸ ਅਨੁਸਾਰ ਸੰਗਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਇਕੋ ਇਕ ਗ੍ਰੰਥ ਹੈ ਤੇ ਬਾਕੀ ਸਾਰੇ ਗ੍ਰੰਥਾਂ ਨੂੰ ਰੱਦ ਕੀਤਾ ਜਾਂਦਾ ਹੈ। ਦੂਜਾ ਮਤਾ ਭਾਈ ਮਹਿੰਦਰ ਸਿੰਘ ਨੇ ਪੜ੍ਹਿਆ ਕਿ ਸੰਗਤ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਸਿੱਖ ਨੂੰ ਪੰਥ ਵਿਚੋਂ ਛੇਕਣ ਦੇ ਅਧਿਕਾਰ ਨੂੰ ਰੱਦ ਕਰਦੀ ਹੈ ਅਤੇ ਜਿੰਨੇ ਵੀ ਛੇਕੇ ਹੋਏ ਸਿੱਖ ਸੱਜਣਾ ਹਨ, ਨੂੰ ਸਿੱਖੀ ਵਿਚ ਸਨਮਾਨ ਦਿੰਦੀ ਹੈ। ਸ ਕੁਲਵੰਤ ਸਿੰਘ ਨੇ ਤੀਜਾ ਮਤਾ ਪੇਸ਼ ਕੀਤਾ, ਵਿਦਵਾਨਾਂ ਦੀਆਂ ਲਿਖਤਾਂ ਅਤੇ ਬੁਲਾਰਿਆਂ ‘ਤੇ ਲਾਈ ਪਾਬੰਧੀ ਨੂੰ ਰੱਦ ਕੀਤਾ ਜਾਂਦਾ ਹੈ। ਚੌਥਾ ਮਤਾ ਸ ਇਰਵਿਨਪ੍ਰੀਤ ਸਿੰਘ ਨੇ ਪੇਸ਼ ਕੀਤਾ ਕਿ ਸੰਗਤ ਇਸ ਫੈਸਲੇ ‘ਤੇ ਪੁੱਜੀ ਹੈ ਕਿ ਸਪਾਲ ਸਿੰਘ ਪੁਰੇਵਾਲ ਵਲੋਂ ਪੇਸ਼ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਹੀ ਇਕੋ ਇਕ ਇਤਿਹਾਸਕ ਤੇ ਵਿਗਿਆਨਕ ਰੂਪ ਵਿਚ ਸਹੀ ਸਿੱਖ ਕੈਲੰਡਰ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ‘ਤੇ ਆਧਾਰਤ ਹੈ, ਇਸ ਕੈਲੰਡਰ ਦੀ ਪਾਲਣਾ ਕਰਦਿਆਂ ਸੰਗਤ ਇਨ੍ਹਾਂ ਸਾਲਾਨਾ ਤਰੀਕਾਂ ਨੂੰ ਮਨਾਉਣ ਦਾ ਸੰਕਲਪ ਕਰਦੀ ਹੈ – ਗੁਰ ਪੁਰਬ ਗੁਰੂ ਨਾਨਕ ਸਾਹਿਬ ਜੀ (1 ਵਿਸਾਖ 14 ਅਪਰੈਲ) ਹੋਲਾ ਮਹੱਲਾ (ਇਕ ਚੇਤ, 14 ਮਾਰਚ), ਬੰਦੀ ਛੋੜ ਦਿਵਸ (1 ਫੱਗਣ 12 ਫਰਵਰੀ)। ਪੰਜਵਾਂ ਮਤਾ ਡਾ ਜਸਵੀਰ ਸਿੰਘ ਨੇ ਪੇਸ਼ ਕੀਤਾ ਕਿ ਅੱਜ ਦੀ ਇਹ ਇਕੱਤਰਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸਰਬ ਸਾਂਝੇ ਉਪਦੇਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਣ ਲਈ ਮੁਹਿੰਮ ਪੈਦਾ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਹਰ ਪ੍ਰਾਣੀ ਮਾਤਰ ਤੱਕ ਪਹੁੰਚ ਸਕੇ ਤੇ ਸੰਗਤ ਨੂੰ ਅਪੀਲ ਹੈ ਕਿ ਇਸ ਵਿਚ ਆਪਣਾ ਬਣਦਾ ਹਿੱਸਾ ਪਾਇਆ ਜਾਵੇ। ਸ ਸਵਰਣ ਸਿੰਘ ਸਿੱਧੂ ਨੇ ਪ੍ਰਗਰਾਮ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਸਾਰੇ ਕੰਮ ਵਿਚਾਰ-ਵਟਾਂਦਰੇ ਨਾਲ ਹੋਣੇ ਚਾਹੀਦੇ ਹਨ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਦਿਹਾੜੇ ਮਨਾਏ ਜਾਣ। ਇਹ ਮਤੇ ਕਾਨਫਰੰਸ ਵਿਚ ਹਾਜ਼ਰ ਸਾਧ ਸੰਗਤ ਵਲੋਂ ਪ੍ਰਵਾਨ ਕੀਤੇ ਜਾਂਦੇ ਹਨ। ਪ੍ਰੋਗਰਾਮ ਦੌਰਾਨ ਭਾਈ ਮਹਿੰਦਰ ਸਿੰਘ ਅਤੇ ਜਥੇ ਵਲੋਂ ਕੀਰਤਨ ਕੀਤਾ ਗਿਆ ਤੇ ਅਨੰਦ ਸਾਹਿਬ ਦੇ ਪਾਠ ਕੀਤੇ ਗਏ। ਅੰਤ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਇਸ ਸੰਮੇਲਨ ਦੀ ਸਫਲਤਾ ਵਿਚ ਡਾ ਪਰਮਜੀਤ ਕੌਰ, ਡਾ ਪ੍ਰਦੀਪ ਸਿੰਘ ਗਿੱਲ, ਸ ਅਮਰਦੇਵ ਸਿੰਘ ਬਦੇਸ਼ਾ, ਸ ਅਵਤਾਰ ਸਿੰਘ ਬਾਸੀ, ਸ ਅਮਰਜੀਤ ਸਿੰਘ, ਸ ਸਰਵਣ ਸਿੰਘ ਬੋਲੀਨਾ, ਸ ਪਰੀਤ ਮੋਹਨ ਸਿੰਘ, ਭਾਈ ਮਹਿੰਦਰ ਸਿੰਘ, ਡਾ ਇੰਦਰਬੀਰ ਸਿੰਘ ਗਿੱਲ ਅਤੇ ਸ ਇਰਵਿਨਪ੍ਰੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।