Headlines

ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਹਰ ਫਰੰਟ ‘ਤੇ ਫੇਲ-ਟਿਮ ਉਪਲ, ਜਸਰਾਜ ਹੱਲਣ

ਵਾਈਟ ਰੌਕ ਵਿਖੇ ਕੰਸਰਵੇਟਿਵ ਸਮਰਥਕਾਂ ਦੀ ਭਰਵੀਂ ਮੀਟਿੰਗ-

ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਸਮਰਥਕਾਂ ਤੇ ਕਾਰਕੁੰਨਾਂ ਦੀ ਇਕ ਭਰਵੀਂ ਮੀਟਿੰਗ ਵਾਈਟਰੌਕ ਦੇ ਤੰਦੂਰੀ ਫਲੇਅਰ ਰੈਸਟੋਰੈਂਟ ਵਿਖੇ ਕੀਤੀ ਗਈ। ਇਸ ਮੌਕੇ ਪਾਰਟੀ ਦੇ ਐਡਮਿੰਟਨ ਤੋਂ ਐਮ ਪੀ ਤੇ ਹਾਊਸ ਵਿਚ ਡਿਪਟੀ ਲੀਡਰ ਟਿਮ ਉਪਲ ਤੇ ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨਾਲ ਡੈਲਟਾ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਜੈਸੀ ਸਹੋਤਾ ਤੇ ਲੈਂਗਲੀ-ਐਬਸਫੋਰਡ ਤੋਂ ਨੌਮੀਨੇਸ਼ਨ ਉਮੀਦਵਾਰ ਸੁਖਮਨ ਗਿੱਲ ਵੀ ਹਾਜ਼ਰ ਸਨ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਟਿਮ ਉਪਲ ਨੇ ਦੱਸਿਆ ਕਿ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਹਰ ਫਰੰਟ ਉਪਰ ਫੇਲ ਹੋ ਚੁੱਕੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਲੋਕ ਅਤਿ ਦੀ ਮਹਿੰਗਾਈ ਤੇ ਕਈ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਦਾ ਇਹ ਹਾਲ ਹੈ ਕਿ ਅੱਜ ਲੱਖਾਂ ਲੋਕ ਫੂਡ ਬੈਂਕ ਦਾ ਆਸਰਾ ਭਾਲਣ ਲਈ ਮਜ਼ਬੂਰ ਹਨ। ਸਰਕਾਰ ਦੀ ਬੁਰੀ ਤਰਾਂ ਫੇਲ ਹੋ ਚੁੱਕੀ ਇਮੀਗ੍ਰੇਸ਼ਨ ਨੀਤੀ ਨਾਲ ਜਿਥੇ ਕੈਨੇਡੀਅਨ ਜਿ਼ੰਦਗੀ ਪ੍ਰਭਾਵਿਤ ਹੋਈ ਹੈ ਉਥੇ ਲੱਖਾਂ ਪਰਵਾਸੀਆਂ ਦਾ ਭਵਿੱਖ ਹਨੇਰੇ ਵਿਚ ਹੈ। ਕੌਮਾਂਤਰੀ ਵਿਦਿਆਰਥੀ ਇਸ ਗਲਤ ਨੀਤੀ ਕਾਰਣ ਸਭ ਤੋਂ ਵੱਧ ਪ੍ਰੇਸ਼ਾਨੀ ਝੱਲ ਰਹੇ ਹਨ। ਉਹਨਾਂ ਹੋਰ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਹੀ ਅੱਜ ਕੈਨੇਡਾ ਵਿਚ ਅਪਰਾਧ ਦਰ ਸਭ ਤੋਂ ਉਚੀ ਹੈ। ਕਤਲ, ਲੁੱਟ ਖੋਹ ਤੇ ਫਿਰੌਤੀਆਂ ਦੀਆਂ ਘਟਨਾਵਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਛੱਡਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਲਈ ਇਕ ਪ੍ਰਾਈਵੇਟ ਬਿਲ ਸਦਨ ਵਿਚ ਲਿਆਂਦਾ ਸੀ ਪਰ ਲਿਬਰਲ ਤੇ ਐਨ ਡੀ ਪੀ ਨੇ ਇਸ ਬਿਲ ਦਾ ਵਿਰੋਧ ਕਰਦਿਆਂ ਇਸਨੂੰ ਪਾਸ ਨਹੀ ਹੋਣ ਦਿੱਤਾ। ਇਸ ਦੌਰਾਨ ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਲੋਕ ਇਸ ਸਰਕਾਰ ਤੋ ਜਲਦ ਛੁਟਕਾਰਾ ਚਾਹੁੰਦੇ ਹਨ ਪਰ ਲਿਬਰਲ ਤੇ ਐਨ ਡੀ ਪੀ ਭਾਈਵਾਲੀ ਆਪਣੇ ਐਮ ਪੀਜ ਦੀਆਂ ਨੌਕਰੀਆਂ ਬਹਾਲ ਰੱਖਣ ਤੇ ਪੈਨਸ਼ਨਾਂ ਲੈਣ ਲਈ ਇਕ ਸਮਝੌਤੇ ਤਹਿਤ ਸਰਕਾਰ ਦੀ  ਉਮਰ ਵਧਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਟਰੂਡੋ ਦੀ ਵਿਦੇਸ਼ ਨੀਤੀ ਫੇਲ ਹੋਣ ਕਾਰਣ ਅੱਜ ਕੈਨੇਡਾ ਦਾ ਕੌਮਾਂਤਰੀ ਰੁਤਬਾ ਬਹੁਤ ਥੱਲੇ ਜਾ ਚੁੱਕਾ ਹੈ। ਉਹਨਾਂ ਕਿਹਾ ਲਿਬਰਲ ਸਰਕਾਰ ਤੋਂ ਛੁਟਕਾਰਾ ਪਾਉਣ ਨਾਲ ਹੀ ਕੈਨੇਡੀਅਨ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ।

ਇਸ ਮੌਕੇ ਮੀਟਿੰਗ ਦੇ ਪ੍ਰਬੰਧਕ ਅਗਮ ਕਾਲੜਾ ਤੇ ਹਰਮਿੰਦਰ ਸਿੰਘ ਕਾਲੜਾ ਨੇ ਆਏ ਸੱਜਣਾ ਤੇ ਕੰਸਰਵੇਟਿਵ ਸਮਰਥਕਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋ ਇਲਾਵਾ ਸਰੀ ਪੈਨੋਰਮਾ ਤੋਂ ਐਮ ਐਲ ਏ ਬਰਾਇਨ ਟੈਪਰ, ਲੈਂਗਲੀ ਐਬਸਫੋਰਡ ਤੋਂ ਐਮ ਐਲ ਏ ਹਰਮਨ ਭੰਗੂ ਤੇ ਕੈਲਗਰੀ ਤੋਂ ਅੰਮ੍ਰਿਤ ਹੇਅਰ ਵੀ ਹਾਜ਼ਰ ਸਨ । ਹਾਜਰੀਨ ਵਲੋਂ ਕੰਸਰਵੇਟਿਵ ਆਗੂਆਂ ਨੂੰ ਆਰਥਿਕਤਾ, ਇਮੀਗ੍ਰੇਸ਼ਨ ਤੇ ਹੋਰ ਵਿਸ਼ਿਆਂ ਤੇ ਪੁੱਛੇ ਗਏ ਸਵਾਲਾਂ ਦੇ ਉਹਨਾਂ ਵਿਸਥਾਰ ਵਿਚ ਜਵਾਬ ਦਿੱਤੇ।

 

Leave a Reply

Your email address will not be published. Required fields are marked *