ਸਰੀ (ਦੇ ਪ੍ਰ ਬਿ)–ਸਰੀ ਦੇ ਸਾਬਕਾ ਕੌਂਸਲਰ ਜੈਕ ਹੁੰਦਲ ਅਤੇ ਸਰੀ ਆਧਾਰਤ ਡਿਵੈਲਪਰ ਬੌਬ ਚੀਮਾ ਜਿਸ ਨੇ ਪਿਛਲੇ ਸਾਲਾਂ ਵਿਚ ਡੱਗ ਮੈਕਲਮ ਦੀ ਮੇਅਰ ਚੋਣ ਮੁਹਿੰਮ ਵਿਚ ਮੁੱਖ ਭੂਮਿਕਾ ਨਿਭਾਈ ਸੀ, ਵਿਚਾਲੇ ਚੱਲ ਰਹੀ ਕਾਨੂੰਨੀ ਲੜਾਈ ਨੂੰ ਲੈ ਕੇ ਅਦਾਲਤ ਤੋਂ ਬਾਹਰ ਸਮਝੌਤਾ ਹੋ ਗਿਆ ਹੈ। 2019 ਵਿਚ ਚੀਮਾ ਵਲੋਂ ਦਾਇਰ ਮੁਕੱਦਮਾ ਹੁੰਦਲ ਵਲੋਂ 16 ਸਤੰਬਰ 2019 ਦੀ ਕੌਂਸਲ ਮੀਟਿੰਗ ਵਿਚ ਕੀਤੀਆਂ ਟਿੱਪਣੀਆਂ ’ਤੇ ਕੇਂਦਰਿਤ ਸੀ ਜਿਸ ਵਿਚ ਹੁੰਦਲ ਨੇ 2 ਨਵੰਬਰ 2018 ਨੂੰ ਉਸ ਸਮੇਂ ਦੇ ਮੇਅਰ ਮੈਕਲਮ ਅਤੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਵਿਚਕਾਰ ਮੀਟਿੰਗ ਵਿਚ ਚੀਮਾ ਦੀ ਮੌਜੂਦਗੀ ’ਤੇ ਸਵਾਲ ਚੁੱਕੇ ਸਨ। ਹੁੰਦਲ ਜਿਹੜੇ 2018 ਤੋਂ 2022 ਤੱਕ ਕੌਂਸਲਰ ਰਹੇ ਨੇ ਚੀਮਾ ਤੋਂ ਮੁਆਫੀ ਮੰਗ ਲਈ ਹੈ। ਚੀਮਾ ਨੂੰ ਭੇਜੇ ਈ-ਮੇਲ ਵਿਚ ਹੁੰਦਲ ਨੇ ਗਲਤ ਬਿਆਨ ਦੇਣ ਅਤੇ ਬੌਬ ਚੀਮਾ ਨੂੰ ਹਰਜਾਨਾ ਅਦਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਅਦਾਲਤ ਦੇ ਆਨਲਾਈਨ ਰਿਕਾਰਡ ਤੋਂ ਪਤਾ ਲਗਦਾ ਹੈ ਕਿ ਮੁਕੱਦਮੇ ਦੀ ਸੁਣਵਾਈ 2 ਦਸੰਬਰ ਤੋਂ ਸ਼ੁਰੂ ਹੋਵੇਗੀ ਪਰ ਚੀਮਾ ਦਾ ਕਹਿਣਾ ਕਿ ਤਾਰੀਕ ਹੁਣ ਰੱਦ ਕਰ ਦਿੱਤੀ ਗਈ ਹੈ।