ਵਾਇਨਾਡ (ਕੇਰਲ)-ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਪਹਿਲੀ ਵਾਰ ਚੋਣ ਲੜਦਿਆਂ ਸ਼ਨਿੱਚਰਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ 4.10 ਲੱਖ ਵੋਟਾਂ ਦੇ ਫ਼ਰਕ ਨਾਲ ਜ਼ੋਰਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਸੀਪੀਆਈ (ਐਮ) ਦੀ ਅਗਵਾਈ ਵਾਲੀ ਖੱਬੇਪੱਖੀ ਗੱਠਜੋੜ LDF ਦੇ ਸਤਿਆਨ ਮੋਕੇਰੀ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪ੍ਰਿਯੰਕਾ ਨੂੰ 6,22,338 ਵੋਟਾਂ ਮਿਲੀਆਂ ਜੋ ਇਸੇ ਸਾਲ ਅਪਰੈਲ ਮਹੀਨੇ ਵਾਇਨਾਡ ਵਿੱਚ ਉਸ ਦੇ ਭਰਾ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੀਆਂ 6,47,445 ਵੋਟਾਂ ਤੋਂ ਘੱਟ ਹਨ, ਪਰ ਉਨ੍ਹਾਂ ਦੀ ਜਿੱਤ ਦਾ ਫ਼ਰਕ 4,10,931 ਆਪਣੇ ਭਰਾ ਦੀ 3,64,422 ਵੋਟਾਂ ਦੀ ਲੀਡ ਨਾਲੋਂ ਵੱਧ ਰਿਹਾ। ਗ਼ੌਰਤਲਬ ਹੈ ਕਿ ਵਾਇਨਾਡ ਉਪ ਚੋਣ ਦੌਰਾਨ ਪੋਲਿੰਗ ਅਪਰੈਲ ਵਿਚ ਆਮ ਚੋਣਾਂ ਦੇ ਮੁਕਾਬਲੇ ਘੱਟ ਰਹੀ।
ਇਸ 14 ਲੱਖ ਤੋਂ ਵੱਧ ਰਜਿਸਟਰਡ ਵੋਟਰਾਂ ਵਾਲੇ ਵਾਇਨਾਡ ਹਲਕੇ ਵਿਚ ਲੋਕ ਸਭਾ ਚੋਣਾਂ ਵਿੱਚ ਮਤਦਾਨ 74 ਫ਼ੀਸਦ ਦੇ ਨੇੜੇ ਸੀ, ਪਰ ਨਵੰਬਰ ਵਿੱਚ ਜ਼ਿਮਨੀ ਚੋਣ ਦੌਰਾਨ ਪੋਲਿੰਗ ਘਟ ਕੇ 65 ਫ਼ੀਸਦ ਰਹਿ ਗਿਆ ਸੀ। ਵਾਇਨਾਡ ਵਿੱਚ 2024 ਦੀਆਂ ਆਮ ਚੋਣਾਂ ਵਿੱਚ ਸੀਪੀਆਈ ਦੀ ਐਨੀ ਰਾਜਾ 2,83,023 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੀ ਸੀ, ਜਦੋਂ ਕਿ ਭਾਜਪਾ ਦੇ ਕੇ. ਸੁਰੇਂਦਰਨ 1,41,045 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ ਸਨ। ਪਰ ਇਸ ਵਾਰ ਇਹ ਦੋਵੇਂ ਗੱਠਜੋੜ ਐੱਲਡੀਐਫ ਅਤੇ ਭਾਜਪਾ ਦਾ ਐਨਡੀਏ ਆਪਣਾ ਪਿਛਲਾ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਅਸਮਰੱਥ ਰਹੇ। ਖੱਬੇ ਮੋਰਚੇ ਦੇ ਮੋਕੇਰੀ ਨੂੰ 2,11,407 ਵੋਟਾਂ ਮਿਲੀਆਂ ਜਦੋਂਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੀ ਨਵਿਆ ਹਰੀਦਾਸ 1,09,939 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੀ।
ਨਤੀਜੇ ਦੇ ਐਲਾਨ ਤੋਂ ਥੋੜ੍ਹਾ ਚਿਰ ਪਹਿਲਾਂ ਪ੍ਰਿਯੰਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਰਾਹੀਂ ਵਾਇਨਾਡ ਦੇ ਲੋਕਾਂ ਦਾ ਉਨ੍ਹਾਂ ਨੂੰ ਸੰਸਦ ਵਿੱਚ ਆਪਣਾ ਪ੍ਰਤੀਨਿਧੀ ਚੁਣਨ ਲਈ ਧੰਨਵਾਦ ਕੀਤਾ। ਉਨ੍ਹਾਂ ਲਿਖਿਆ: “ਵਾਇਨਾਡ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਤੁਸੀਂ ਮੇਰੇ ‘ਤੇ ਜੋ ਭਰੋਸਾ ਕੀਤਾ ਹੈ, ਉਸ ਲਈ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਯਕੀਨੀ ਬਣਾਵਾਂਗੀ ਕਿ ਸਮੇਂ ਦੇ ਨਾਲ, ਤੁਸੀਂ ਸੱਚਮੁੱਚ ਇਹ ਮਹਿਸੂਸ ਕਰੋਂਗੇ ਕਿ ਇਹ ਜਿੱਤ ਤੁਹਾਡੀ ਜਿੱਤ ਹੈ ਅਤੇ ਜਿਸ ਨੂੰ ਤੁਸੀਂ ਨੁਮਾਇੰਦਗੀ ਕਰਨ ਲਈ ਚੁਣਿਆ ਹੈ, ਉਹ ਤੁਹਾਨੂੰ ਸਮਝਦੀ ਹੈ। ਮੈਂ ਸੰਸਦ ਵਿੱਚ ਤੁਹਾਡੀ ਆਵਾਜ਼ ਬਣਨ ਲਈ ਉਤਸੁਕ ਹਾਂ।’’ ਉਨ੍ਹਾਂ ਨਾਲ ਹੀ ਕਿਹਾ, “ਮੈਨੂੰ ਇਹ ਸਨਮਾਨ ਦੇਣ ਲਈ ਅਤੇ ਤੁਹਾਡੇ ਦੁਆਰਾ ਦਿੱਤੇ ਗਏ ਅਥਾਹ ਪਿਆਰ ਲਈ ਤੁਹਾਡਾ ਧੰਨਵਾਦ!’’