Headlines

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਦੋ ਕਰੋੜ ਜੁਰਮਾਨਾ

ਪਟਿਆਲਾ: (ਗੁਰਨਾਮ ਸਿੰਘ ਅਕੀਦਾ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਸ ਸਾਲ ਪਰਾਲੀ ਸਾੜਨ ਵਾਲੇ 5203 ਕਿਸਾਨਾਂ ਨੂੰ 1,99,62,500 ਰੁਪਏ ਦਾ ਜੁਰਮਾਨਾ ਕੀਤਾ ਜਿਸ ਵਿੱਚੋਂ 11,93,5,000 ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਇਸ ਸਾਲ ਪਰਾਲੀ ਸਾੜਨ ਵਾਲੇ 5,320 ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ ਜਦ ਕਿ 5,159 ਨੂੰ ਰੈੱਡ ਐਂਟਰੀ ਅਧੀਨ ਲਿਆਂਦਾ ਗਿਆ। ਪੀਪੀਸੀਬੀ ਦੇ ਚੇਅਰਮੈਨ ਆਦਰਸ਼ਪਾਲ ਵਿਗ ਨੇ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਘੱਟ ਦਰਜ ਹੋਏ ਹਨ। ਇਸ ਲਈ ਦਿੱਲੀ ਜਾਂ ਗੁਆਂਢੀ ਸੂਬਿਆਂ ਵਿੱਚ ਪ੍ਰਦੂਸ਼ਣ ਹੋਣ ਦਾ ਕਾਰਨ ਪੰਜਾਬ ਨਹੀਂ ਹੈ, ਸਗੋਂ ਹੋਰ ਹੈ। ਅੱਜ ਦੇ ਦਿਨ ਪਰਾਲੀ ਸਾੜਨ ਦੇ 77 ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਅੱਜ ਦੇ ਦਿਨ 191 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਅੱਜ ਹੁਸ਼ਿਆਰਪੁਰ, ਪਠਾਨਕੋਟ, ਪਟਿਆਲਾ, ਰੋਪੜ, ਮੁਹਾਲੀ ਆਦਿ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀ ਇਕ ਵੀ ਘਟਨਾ ਨਹੀਂ ਵਾਪਰੀ ਜਦਕਿ ਫ਼ਿਰੋਜ਼ਪੁਰ 10, ਮੋਗਾ ਤੇ ਬਠਿੰਡਾ 8 -8, ਅੰਮ੍ਰਿਤਸਰ 5, ਫ਼ਾਜ਼ਿਲਕਾ ’ਚ 7 ਆਦਿ ਥਾਵਾਂ ’ਤੇ ਪਰਾਲੀ ਸਾੜੀ ਗਈ। ਕਈ ਜ਼ਿਲ੍ਹਿਆਂ ਵਿੱਚ ਇਕ ਜਾਂ ਦੋ ਥਾਵਾਂ ’ਤੇ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਕਾਰਡ ਵਿੱਚ ਆਈਆਂ। ਇਸ ਸਾਰੇ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ 10,682 ਮਾਮਲੇ ਦੇਖੇ ਗਏ ਜਦ ਕਿ ਪਿਛਲੇ ਸਾਲ 36,514 ਸਨ।ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ 167, ਪਟਿਆਲਾ 155, ਬਠਿੰਡਾ 128, ਜਲੰਧਰ 209, ਲੁਧਿਆਣਾ 260, ਚੰਡੀਗੜ੍ਹ 223 ਅਤੇ ਦਿਲੀ 308 ਏਕਿਊਆਈ ਰਿਕਾਰਡ ਕੀਤਾ ਗਿਆ।

Leave a Reply

Your email address will not be published. Required fields are marked *