Headlines

ਡਾ. ਦਲਵੀਰ ਸਿੰਘ ਪੰਨੂ ਲਿਖਤ ‘ਗੁਰਮੁਖੀ ਅਦਬ ਦਾ ਖਜਾਨਾ’ ਰੀਲੀਜ

ਹੇਵਰਡ: ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਵਾਰਸ਼ਿਕ ਸਮਾਗਮ ਸਮੇਂ ਨਵੰਬਰ 16/2024 ਨੂੰ ਡਾ. ਦਲਵੀਰ ਸਿੰਘ ਪੰਨੂ ਦੀ ਵਡ ਆਕਾਰੀ ਟੇਬਲ ਬੁੱਕ ‘ਗੁਰਮੁਖੀ ਅਦਬ ਦਾ ਖਜਾਨਾ’ ਡਾ. ਵਰਿਆਮ ਸਿੰਘ ਸੰਧੂ ਵੱਲੋਂ ਰੀਲੀਜ਼ ਕੀਤੀ ਗਈ। ਉਨ੍ਹਾਂ ਨਾਲ ਹੋਰ ਪਤਵੰਤੇ ਸੱਜਣ ਕੁਲਵਿੰਦਰ ਪਲਾਹੀ, ਸੁਰਿੰਦਰ ਸੁੰਨੜ, ਜਗਜੀਤ ਸੰਧੂ, ਡਾ. ਢਿੱਲੋਂ, ਸੁਰਿੰਦਰ ਸੀਰਤ, ਚਰਨਜੀਤ ਪੰਨੂ, ਲਖਵਿੰਦਰ ਜੌਹਲ ਅਤੇ ਅਮਰੀਕ ਪੰਨੂ ਸ਼ਾਮਲ ਹੋਏ। ਇਸ ਤੋਂ ਪਹਿਲਾਂ ਇਹ ਪੁਸਤਕ ਅਕਤੂਬਰ ਦੇ ਅਖੀਰਲੇ ਹਫ਼ਤੇ ਲਾਹੌਰ ਵਿਚ ਵੀ ਰੀਲੀਜ਼ ਕੀਤੀ ਗਈ। ਇਸ ਬਾਰੇ ਬੋਲਦਿਆਂ ਡਾ. ਕਲਿਆਣ ਸਿੰਘ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਦੱਸਿਆ ਕਿ ਦਲਵੀਰ ਸਿੰਘ ਪੰਨੂ ਕੈਲੀਫੋਰਨੀਆ ਵਸਦਾ ਦੰਦਾਂ ਦਾ ਪ੍ਰਸਿੱਧ ਡਾਕਟਰ ਹੈ ਜੋ ਆਪਣੀ ਉਪਜੀਵਕਾ ਸਾਧਨਾ ਦੇ ਨਾਲ ਸਿੱਖ ਇਤਿਹਾਸ ਤੇ ਪੰਜਾਬੀ ਵਿਰਸੇ ਵਿਚ ਵਿਸ਼ੇਸ਼ ਦਿਲਚਸਪੀ ਰੱਖਦਾ ਪਾਕਿਸਤਾਨ ਵਿਚਲੇ ਰਹਿ ਗਏ ਭੁੱਲੇ ਵਿੱਸਰੇ ਗੁਰਧਾਮ ਤੇ ਪੰਜਾਬੀ ਸਾਹਿੱਤ ਦੀ ਖੋਜ ਵਿਚ ਪਿਛਲੇ ਦੋ ਦਹਾਕੇ ਤੋਂ ਯਤਨਸ਼ੀਲ ਹੈ। ਉਸ ਦੀ ਸੱਤ ਕੁ ਸੌ ਪੰਨਿਆਂ ਦੀ ਪਹਿਲੀ ਵਡ ਆਕਾਰੀ ਖੋਜ ਭਰਪੂਰ ਪੁਸਤਕ ‘ਸਿੱਖ ਹੈਰੀਟੇਜ ਬੀਯੋਂਡ ਬਾਰਡਰਜ਼’ ਨੇ ਸਿੱਖ ਇਤਿਹਾਸਕ ਵਿਰਸਾ ਸਾਹਿੱਤ ਬਾਰੇ ਦੇਸ਼ ਵਿਦੇਸ਼ ਵਿਚ ਆਪਣੀ ਵਿਸ਼ੇਸ਼ ਪਛਾਣ ਸਥਾਪਤ ਕੀਤੀ। ਪਾਕਿਸਤਾਨ ਜਾਂਦੇ ਆਉਂਦੇ ਵੱਡੀ ਲਾਇਬਰੇਰੀ ਵਿਚ ਖੋਜ ਕਰਦੇ ਸਮੇਂ ਉਸ ਨੇ ਘੱਟੇ ਮਿੱਟੀ ਨਾਲ ਲਥ-ਪਥ ਪੰਡਾਂ ਵਿਚ ਬੱਝੇ ਦੁਰਲਭ ਧਾਰਮਿਕ ਗ੍ਰੰਥ, ਪੋਥੀਆਂ, ਕਿਸੇ, ਸਾਖੀਆਂ, ਨਾਵਲ, ਸਾਇੰਸ, ਹਿਕਮਤ, ਵਾਰਤਕ, ਕਵਿਤਾਵਾਂ ਤੇ ਹੋਰ ਅਮੋਲ ਪੰਜਾਬੀ ਪੁਸਤਕਾਂ ਵੇਖੀਆਂ। ਇਨ੍ਹਾਂ ਵਿਚ ਉਹ ਵੀ ਸਨ ਜੋ ਅੰਗ੍ਰੇਜਾਂ ਨੇ ਪੰਜਾਬ ਵਿਚ ਕਬਜ਼ਾ ਕਰਨ ਤੋਂ ਉਪਰੰਤ ਲੋਕਾਂ ਦੇ ਘਰੋਂ ਜਬਰੀ ਉਠਾ ਕੇ ਜਾਂ ਟਕੇ ਟਕੇ ਮੁੱਲ ਲੈ ਕੇ ਨਸ਼ਟ ਕਰ ਦਿੱਤੀਆਂ ਜਾਂ ਕੁੱਝ ਬਚੀਆਂ ਇੱਥੇ ਰਹਿ ਗਈਆਂ। ਪੰਜਾਬੀ ਦੇ ਇਸ ਸੇਵਕ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਦੀ ਲੰਬੀ ਪ੍ਰਕਿਰਿਆ ਪਾਰ ਕਰ ਕੇ ਉਨ੍ਹਾਂ ਨੂੰ ਤਰਤੀਬਵਾਰ ਲੈਮੀਨੇਟ ਕਰਵਾ ਕੇ ਮੂੰਹ ਮੱਥਾ ਸਵਾਰਿਆ। ਪੰਜਾਬ ਪਬਲਿਕ ਲਾਇਬਰੇਰੀ ਲਾਹੌਰ ਵਿਚ ਇਨ੍ਹਾਂ ਵਾਸਤੇ ਸਪੈਸ਼ਲ ਕਮਰਾ ਬਣਵਾ ਕੇ ਉਹ ਸਾਰੀਆਂ ਮਜ਼ਮੂਨ ਅਨੁਸਾਰ ਵੱਖਰੇ ਵੱਖਰੇ ਖ਼ਾਨਿਆਂ ਵਿਚ ਸਸ਼ੋਭਿਤ ਕਰਵਾ ਕੇ ਪਾਠਕਾਂ, ਖੋਜਕਾਰੀਆਂ ਦੇ ਪੜ੍ਹਨ ਯੋਗ ਕਰ ਦਿੱਤੀਆਂ। ਇਸ ਪੰਜਾਬੀ ਸੈਕਸ਼ਨ ਦਾ ਉਦਘਾਟਨ  ਅਮਰੀਕੀ ਪਤਵੰਤੇ ਯਾਤਰੀਆਂ ਤੇ ਸਥਾਨਕ ਸਰਕਾਰੀ ਅਧਿਕਾਰੀਆਂ ਦੁਆਰਾ ਕੀਤਾ ਗਿਆ ਤੇ ‘ਗੁਰਮੁਖੀ ਅਦਬ ਦਾ ਖਜਾਨਾ’ ਦੀ ਬੜੇ ਅਦਬ ਸਤਿਕਾਰ ਨਾਲ ਘੁੰਡ ਚੁਕਾਈ ਦੀ ਰਸਮ ਨਿਭਾਈ ਗਈ। ਇਹ ਗੁਰਮੁਖੀ ਤੇ ਸ਼ਾਹਮੁਖੀ ਕਿਤਾਬਾਂ ਦੀ ਕੈਟਾਲੋਗ… ਨਵੀਂ ਡਾਇਰੈਕਟਰੀ ਹੈ ਜਿਨ੍ਹਾਂ ਰਾਹੀਂ ਅੰਦਰ ਸਜਾਈਆਂ ਟਿਕਾਈਆਂ ਹਜ਼ਾਰਾਂ ਕਿਤਾਬਾਂ ਤੱਕ ਸੁਖਾਲੀ ਪਹੁੰਚ ਕੀਤੀ ਜਾ ਸਕਦੀ ਹੈ। ਡਾ. ਕਲਿਆਣ ਸਿੰਘ ਨੇ ਪਾਕਿਸਤਾਨ ਆਉਣ ਜਾਣ ਵਾਲੇ ਦੇਸ਼ ਵਿਦੇਸ਼ ਦੇ ਜਥਿਆਂ ਯਾਤਰੀਆਂ ਨੂੰ ਇਹ ਭਰਪੂਰ ਜਾਣਕਾਰੀ ਦਿੰਦੇ ਬੇਨਤੀ ਕੀਤੀ ਕਿ ਉਹ ਪਾਕਿਸਤਾਨ ਦੀ ਯਾਤਰਾ ਸਮੇਂ ਗੁਰਧਾਮਾਂ ਦੇ ਦਰਸ਼ਨਾਂ ਤੋਂ ਉਪਰੰਤ ਇਸ ਦੁਰਲਭ ਵਿਰਾਸਤ ਦੇ ਦਰਸ਼ਨ ਵੀ ਜ਼ਰੂਰ ਕਰਨ ਤਾਂ ਜੋ ਚਿਰਾਂ ਤੋਂ ਆਪਣੇ ਪਾਠਕ ਉਡੀਕ ਰਹੀਆਂ ਇਹ ਕਿਤਾਬਾਂ ਜਾਗਦੀਆਂ ਤੁਹਾਡੀ ਇੰਤਜ਼ਾਰ ਕਰਦੀਆਂ ਰਹਿਣ।