ਬਰੈਂਪਟਨ:- (ਰਛਪਾਲ ਕੌਰ ਗਿੱਲ) ਨਵੰਬਰ 30, “ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨਾਵਾਰ ਮੀਟਿੰਗ ਵਿੱਚ ਜਿੱਥੇ ਕਾਫ਼ਲੇ ਦੇ ਫਾਊਂਡਿੰਗ ਮੈਂਬਰ ਤੇ ਲੇਖਕ ਮੇਜਰ ਮਾਂਗਟ ਨਾਲ ਖੁੱਲ੍ਹੀ ਗੱਲਬਾਤ ਕੀਤੀ ਗਈ ਅਤੇ ਉਸਦੀ ਕਿਤਾਬ “ਬਲੈਕ ਆਈਸ” ਰਿਲੀਜ਼ ਕੀਤੀ ਗਈ ਓਥੇ ਮਨਪ੍ਰੀਤ ਸਹੋਤਾ ਵੱਲੋਂ ਥਾਮਸ ਕਿੰਗ ਦੀ ਕਹਾਣੀ Borders ਦਾ ਪੰਜਾਬੀ ਅਨੁਵਾਦ, ‘ਸਰਹੱਦਾਂ’ ਪੇਸ਼ ਕੀਤਾ ਗਿਆ ਅਤੇ ਕੁਝ ਕਵੀਆਂ ਵੱਲੋਂ ਕਵਿਤਾਵਾਂ ਸੁਣਾਈਆਂ ਗਈਆ।
ਸਭ ਤੋਂ ਪਹਿਲਾਂ ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਸਟੇਜ ਸੰਭਾਲਦਿਆਂ ਕਾਫ਼ਲੇ ਦੇ ਪ੍ਰੋਗਰਾਮ ਦੀ ਜਾਣਕਾਰੀ ਦੇਣ ਦੇ ਨਾਲ ਕਾਫ਼ਲੇ ਦੇ ਇਤਿਹਾਸ ਬਾਰੇ ਗੱਲਬਾਤ ਕੀਤੀ ਕਿ 1991 ਵਿੱਚ ਜਦੋਂ ਕਾਫ਼ਲਾ ਹੋਂਦ ਵਿੱਚ ਆਇਆ ਤਾਂ ਮੇਜਰ ਮਾਂਗਟ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸਨ। 1993 ਵਿੱਚ ਕਾਫ਼ਲੇ ਦੀਆਂ ਮੀਟਿੰਗਾਂ ਸ਼ੁਰੂ ਹੋਈਆਂ ਸਨ।
ਪਿਆਰਾ ਸਿੰਘ ਕੁਦੋਵਾਲ ਨੇ ਮਨਪ੍ਰੀਤ ਸਹੋਤਾ ਬਾਰੇ ਜਾਣਕਾਰੀ ਦੇਂਦਿਆ ਦੱਸਿਆ ਕਿ ਮਨਪ੍ਰੀਤ ਸਹੋਤਾ 88.9 ਰੇਡੀਓ ਤੋਂ ਰੌਸ਼ਨੀ ਨਾਂ ਦਾ ਇੱਕ ਵਿਲੱਖਣ ਪ੍ਰੋਗਰਾਮ ਪੇਸ਼ ਕਰਦੇ ਹਨ, ਇੰਗਲਿਸ਼ ਲਿਟਰੇਚਰ ਵਿੱਚ ਐੱਮ.ਏ. ਹਨ ਅਤੇ ਇਸ ਸਮੇਂ ਇੱਕ ਕਾਲਜ ਵਿੱਚ ਪੜ੍ਹਾ ਰਹੇ ਹਨ।
ਮਨਪ੍ਰੀਤ ਸਹੋਤਾ ਵੱਲੋਂ ਪੇਸ਼ ਕੀਤੀ ਗਈ ਕਹਾਣੀ ਕੈਨੇਡਾ/ਅਮਰੀਕਾ ਦੇ ਆਦਿਵਾਸੀ ਲੋਕਾਂ ਦੀ ਸਵੈ-ਪਛਾਣ ਦੀ ਰਾਖੀ ਲਈ ਕੈਨੇਡਾ/ਅਮਰੀਕਾ ਦੀਆਂ ਸਰਕਾਰਾਂ ਖਿਲਾਫ਼ ਕੀਤੀ ਜਾ ਰਹੀ ਜੱਦੋ-ਜਹਿਦ ਦੀ ਕਹਾਣੀ ਹੈ ਜਿਸ ਵਿੱਚ ਏਥੋਂ ਦਾ ਸਿਸਟਮ ਉਨ੍ਹਾਂ ਨੂੰ “ਕੈਨੇਡੀਅਨ” ਜਾਂ “ਅਮੈਰਿਕਨ” ਦੀ ਪਰਿਭਾਸ਼ਾ ਵਿੱਚ ਅੰਕਿਤ ਕਰਨਾ ਚਾਹੁੰਦਾ ਹੈ ਪਰ ਇੱਕ ਆਦਿਵਾਸੀ ਮਾਂ ਅਤੇ ਉਸਦਾ ਬੱਚਾ ਆਪਣੀ ਪਛਾਣ ਆਪਣੇ ਕਬੀਲੇ ‘ਬਲੈਕਫੁੱਟ’ ਵਜੋਂ ਕਰਵਾਉਣ ਲਈ ਬਜ਼ਿਦ ਹਨ। ਮਨਪ੍ਰੀਤ ਵੱਲੋਂ ਕੀਤੇ ਗਏ ਉੱਤਮ ਅਨੁਵਾਦ ਅਤੇ ਖ਼ੂਬਸੂਰਤ ਪੇਸ਼ਕਾਰੀ ਦੀ ਸਭਨਾਂ ਵੱਲੋਂ ਪ੍ਰਸੰਸਾ ਕੀਤੀ ਗਈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਅਕਸਰ ਇਹ ਸਮਝਿਆ ਜਾਂਦਾ ਹੈ ਕਿ ਜਦੋਂ ਸਾਹਿਤ ਦਾ ਅਨੁਵਾਦ ਹੁੰਦਾ ਹੈ ਤਾਂ ਕਈ ਵਾਰ ਮੂਲ਼ ਲਿਖਤ ਵਾਲ਼ੀ ਰੌਚਿਕਤਾ ਗੁੰਮ ਹੋ ਜਾਂਦੀ ਹੈ ਪਰ ਜਿਵੇਂ ਮਨਪ੍ਰੀਤ ਨੇ ਕਹਾਣੀ ਪੇਸ਼ ਕੀਤੀ ਹੈ ਉਸਤੋਂ ਇਹ ਅਨੁਵਾਦ ਨਾ ਹੋ ਕੇ ਮੂਲ਼ ਰਚਨਾ ਹੀ ਜਾਪਦੀ ਹੈ, ਜੋ ਮਨਪ੍ਰੀਤ ਦੀ ਪ੍ਰਾਪਤੀ ਹੈ। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਇਸ ਅਨੁਵਾਦ `ਚੋਂ ਮਨਪ੍ਰੀਤ ਦੀ ਦੋਵਾਂ ਭਾਸ਼ਾਵਾਂ `ਤੇ ਪਕੜ ਦੀ ਗਵਾਹੀ ਮਿਲ਼ਦੀ ਹੈ।
ਮੇਜਰ ਮਾਂਗਟ ਨੇ ਆਪਣੀ ਗੱਲਬਾਤ ਸ਼ੁਰੂ ਕਰਦਿਆਂ ਦੱਸਿਆ ਕਿ ਉਹ ਇਕੱਲੀਆਂ ਕਹਾਣੀਆਂ ਹੀ ਨਹੀਂ ਲਿਖਦਾ, ਉਸਨੇ ਨਾਵਲ, ਵਾਰਤਿਕ, ਸਫ਼ਰਨਾਮੇ, ਕਵਿਤਾ, ਗੀਤ ਤੇ ਫਿਲਮਾਂ ਦੇ ਸਕ੍ਰਿਪਟ ਵੀ ਲਿਖੇ ਹਨ। ਉਸਨੇ ਕਿਹਾ ਕਿ. “ਮੈਂ ਛੇਵੀਂ, ਸੱਤਵੀਂ ਕਲਾਸ ਤੱਕ ਕਵਿਤਾ ਤੇ ਗੀਤ ਲਿਖਣ ਲੱਗ ਪਿਆ ਸੀ।” ਉਸਨੇ ਬਹੁਤ ਹੀ ਵਿਸਥਾਰ ਸਹਿਤ ਆਪਣੇ ਕਾਲਜ ਸਮੇਂ ਦੇ ਲੇਖਕਾਂ ਤੇ ਅਧਿਆਪਕਾਂ ਦੇ ਪ੍ਰਭਾਵ ਦਾ ਵਰਨਣ ਕੀਤਾ ਜਿੰਨ੍ਹਾਂ ਵਿੱਚ ਗੁਰਦਿਆਲ ਦਲਾਲ, ਹਮਦਰਦ ਨੌਸ਼ਹਿਰਵੀ ਆਦਿ ਦੇ ਨਾਂ ਸ਼ਾਮਲ ਹਨ। ਕੁਲਵੰਤ ਨੀਲੋਂ ਨਾਲ ਮਿਲ ਉਸਨੇ ਸਾਹਿਤਕ ਸਭਾ ਵੀ ਬਣਾਈ। ਨਾਨਕ ਸਿੰਘ ਦੇ ਨਾਵਲ “ਚਿੱਟਾ ਲਹੂ” ਤੇ ਸੰਤੋਖ ਸਿੰਘ ਧੀਰ ਦੀ ਕਹਾਣੀ ਨੇ ਉਸਨੂੰ ਪ੍ਰਭਾਵਿਤ ਕੀਤਾ। ਉਸਨੇ ਆਪਣੀ ਪਹਿਲੀ ਕਹਾਣੀ “ ਸੁਨਹਿਰੀ ਸੂਈ” ਦਾ ਜ਼ਿਕਰ ਵੀ ਕੀਤਾ।
1990 ਵਿੱਚ ਕੇਨੈਡਾ ਆ ਕੇ ਉਸਨੇ ਆਪਣਾ ਸਾਹਿਤਕ ਸਫ਼ਰ ਨਿਰੰਤਰ ਚਾਲੂ ਰੱਖਿਆ। ਆਪਣੇ ਸਹਿਯੋਗੀਆਂ (ਜਰਨੈਲ ਸਿੰਘ ਕਹਾਣੀਕਾਰ, ਓਂਕਾਰਪ੍ਰੀਤ, ਬਲਤੇਜ ਪੰਨੂੰ, ਸੁਰਜੀਤ ਫਲੋਰਾ,ਕੁਲਵਿੰਦਰ ਖਹਿਰਾ) ਨਾਲ ਮਿਲ ਕੇ ਪੰਜਾਬੀ ਕਾਲਮਾਂ ਦਾ ਕਾਫ਼ਲਾ ਦੀ ਸਥਾਪਨਾ ਕਰਨ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਹਿਤਕ ਗਤੀਵਿਤੀਆ ਵਿੱਚ ਸਰਗਰਮ ਰਿਹਾ। ਪ੍ਰੋਗਰਾਮ ਦੇ ਦੌਰਾਨ ਉਸਦੀ ਕਿਤਾਬ “ਬਲੈਕ ਆਈਸ” ਰਿਲੀਜ਼ ਕੀਤੀ ਗਈ।
ਜਰਨੈਲ ਸਿੰਘ ਕਹਾਣੀਕਾਰ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਮੇਜਰ ਮਾਂਗਟ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਨੈਡੀਅਨ ਪੰਜਾਬੀ ਸਾਹਿਤ ਬੀ ਸੀ ਤੋਂ ਸ਼ੁਰੂ ਹੋਇਆ ਸੀ। ਉਂਟਾਰੀਓ ਵਿੱਚ ਕਵਿਤਾ ਸਾਡੇ ਤੋਂ ਪਹਿਲਾਂ ਲਿਖੀ ਜਾ ਰਹੀ ਸੀ ਪਰ ਪ੍ਰਵਾਸੀ ਜੀਵਨ ਨਾਲ਼ ਜੁੜੀ ਕਹਾਣੀ ਲਿਖਣ ਦਾ ਸਫ਼ਰ ਮੇਜਰ ਮਾਂਗਟ ਤੋਂ ਸ਼ੁਰੂ ਹੋਇਆ।
ਕਵੀ ਦਰਬਾਰ ਦੌਰਾਨ ਗੁਰਦੇਵ ਚੌਹਾਨ, ਗਿਆਨ ਸਿੰਘ ਦਰਦੀ, ਹਰਦਿਆਲ ਸਿੰਘ ਝੀਤਾ, ਪਿਆਰਾ ਸਿੰਘ ਕੁੱਦੋਵਾਲ, ਮਲਵਿੰਦਰ ਸਿੰਘ ਤੇ ਕੁਲਵਿੰਦਰ ਖਹਿਰਾ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ, ਸੁਧੀਰ ਘਈ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਮੇਜਰ ਮਾਂਗਟ ਦੀ ਸੁਪਤਨੀ ਰਸ਼ਪਿੰਦਰ ਮਾਂਗਟ, ਬੇਟੀਆਂ ਕਰਮਨ ਮਾਂਗਟ, ਬਿਸਮਨ ਮਾਂਗਟ ਤੇ ਹੋਰ ਲੇਖਕਾਂ ਤੇ ਸਰੋਤਿਆਂ, ਜਿੰਨ੍ਹਾਂ ਵਿੱਚ ਹਰਜਿੰਦਰ ਸਿੱਧੂ, ਸੁੱਚਾ ਸਿੰਘ ਮਾਂਗਟ,ਅੰਮ੍ਰਿਤ ਪ੍ਰਕਾਸ਼ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ ਸੰਘੇੜਾ, ਪਾਰਸਵਿੰਦਰ ਸਿੰਘ ਸਿੱਧੂ, ਬਲਜੀਤ ਕੌਰ ਧਾਲੀਵਾਲ, ਗੁਰਪਿੰਦਰ ਧਾਲੀਵਾਲ, ਮਨਜੀਤ ਕੌਰ, ਕਮਲਪ੍ਰੀਤ ਕੌਰ, ਹਰਪਾਲ ਸਿੰਘ, ਗੁਰਬਖਸ਼ ਕੌਰ, ਲਾਲ ਸਿੰਘ ਬੈਂਸ, ਪ੍ਰਿੰਸਪਾਲ, ਜਸਦੀਪ, ਹੀਰਾ ਲਾਲ ਅਗਨੀਹੋਤਰੀ, ਹਰਦੀਪ ਸਿੰਘ ਤੇ ਸੁਰਜੀਤ ਸਿੰਘ ਨੇ ਹਾਜ਼ਰੀ ਲੁਵਾਈ।
ਅਖੀਰ ਤੇ ਕਾਫ਼ਲੇ ਦੀ ਸੰਚਾਲਕ ਰਛਪਾਲ ਕੌਰ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਮੀਟਿੰਗ ਦੀ ਸਮਾਪਤੀ ਕੀਤੀ।