Headlines

ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ 

ਫਤਿਹਗੜ੍ਹ ਸਾਹਿਬ:- 03 ਦਸੰਬਰ -ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਲਿਖਤੀ ਜਾਣਕਾਰੀ ਦਿਤੀ ਹੈ ਕਿ ਅਮਰ ਮਹਾਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ 269ਵਾਂ ਜਨਮ ਦਿਹਾੜਾ  ਉਨ੍ਹਾਂ ਨੇ ਸ਼ਹੀਦੀ ਅਸਥਾਨ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸੰਗਤੀ ਸਹਿਯੋਗ ਨਾਲ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਜੇ ਧਾਰਮਿਕ ਦੀਵਾਨ ਵਿੱਚ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦੇਂਦਿਆਂ ਕਿਹਾ ਕਿ ਸਿੱਖ ਪੰਥ ਦੀਆਂ ਸਮੂਹ ਸੰਪਰਦਾਵਾਂ, ਸੰਸਥਾਵਾਂ, ਰਾਜਸੀ ਦਲਾਂ, ਧਾਰਮਿਕ ਸੁਸਾਇਟੀਆਂ ਆਦਿ ਨੂੰ ਇੱਕਤਰ ਹੋ ਕੇ ਗੁਰੂ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਨੇ ਚਾਹੀਦੇ ਹਨ। ਜਿਵੇਂ ਬਾਬਾ ਹਨੂੰਮਾਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਮਹਾਨ ਕੁਰਬਾਨੀਆਂ ਦੇ ਕੇ ਕੀਤੇ। ਉਨ੍ਹਾਂ ਕਿਹਾ  ਪੰਜਾਬ ਦੀ ਧਰਤੀ ਤੇ ਬੇਅੰਤ ਹੀ ਸੂਰਬੀਰ, ਨਿਧੜਕ ਕੌਮੀ ਪ੍ਰਵਾਨਿਆਂ ਦਾ ਖੂਨ ਡੁਲਿਆ ਹੈ। ਉਸ ਦਾ ਮੁੱਲ ਤਾਰਨ ਲਈ ਸਭ ਮਾਈ ਭਾਈ ਨੂੰ ਅੰਮ੍ਰਿਤਧਾਰੀ ਹੋ ਕੇ ਸਮਰਪਿਤ ਭਾਵਨਾ ਨਾਲ ਇਕ ਨਿਸ਼ਾਨ, ਇਕ ਵਿਧਾਨ ਦੀ ਤਾਬਿਆਂ ਸਿਰ ਜੋੜ ਬੈਠ ਕੌਮੀ ਬੇਹਤਰੀ ਲਈ ਕਾਰਜ ਕਰਨੇ ਚਾਹੀਦੇ ਹਨ।

ਉਪਰੰਤ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵੱਲੋਂ ਹੋਏ ਬੇਤਰੀਨ ਫੈਸਲਿਆਂ ਦੀ ਤਰੀਫ ਕਰਦਿਆਂ ਕਿਹਾ ਸਿੱਖ ਸੰਗਤਾਂ ਦੇ ਤਪਦੇ ਹਿਰਦਿਆਂ ਨੂੰ ਠੰਡਕ ਮਿਲੀ ਹੈ ਅਤੇ ਅਕਾਲ ਤਖ਼ਤ ਸਾਹਿਬਾਨ ਦਾ ਵਕਾਰ ਵੀ ਸਤਿਕਾਰਤ ਤੇ ਉਚਾ ਹੋਇਆ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਮਨੁੱਖੀ ਮਨ ਨੂੰ ਨਿਰਮਲ ਕਰਦੀ ਹੈ। ਹੰਕਾਰ ਹਾਉਮੈ ਦਾ ਨਾਸ਼ ਕਰਦੀ ਹੈ। ਉਨ੍ਹਾਂ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਦ੍ਰਿੜਤਾ ਤੇ ਨਿਰਭੈਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਫੈਸਲਿਆਂ ਦੇ ਵੇਰਵੇ ਵੀ ਸੰਗਤ ਨਾਲ ਸਾਂਝੇ ਕੀਤੇ। ਇਸ ਮੌਕੇ ਸਜੇ ਧਾਰਮਿਕ ਦੀਵਾਨ ਦੇ ਮੰਚ ਤੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿ. ਰਘੁਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਵਿਸ਼ੇਸ਼ ਤੌਰ ਤੇ ਸ੍ਰੀ ਸਾਹਿਬ, ਦੋਸ਼ਾਲਾ ਤੇ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਰਾਗੀ, ਢਾਡੀ, ਪ੍ਰਚਾਰਕਾਂ, ਵਿਦਵਾਨਾਂ, ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਭਾਈ ਜਰਨੈਲ ਸਿੰਘ ਲਧਿਆਣੇ ਵਾਲੇ, ਭਾਈ ਬਲਬੀਰ ਸਿੰਘ, ਬੀਬੀ ਦਲੇਰ ਕੌਰ, ਮੀਰੀ ਪੀਰੀ ਖਾਲਸਾ ਜਥਾ, ਭਾਈ ਕਰਨੈਲ ਸਿੰਘ, ਆਦਿ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਤਰਨ ਰਾਹੀਂ ਉਚੇਚੇ ਤੌਰ ਤੇ ਹਾਜ਼ਰੀ ਭਰੀ।

ਫੋਟੋ ਕੈਪਸ਼ਨ:- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਨੂੰ ਗੁ: ਸ਼ਹੀਦ ਸਿੰਘਾਂ ਸੋਹਾਣਾ ਦੇ ਪ੍ਰਬੰਧਕ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *