ਪਾਰਟੀ ਵਿਚ ਕੋਈ ਅਹੁਦਾ ਲੈਣ ਤੋਂ ਕੀਤਾ ਇਨਕਾਰ-
ਚੰਡੀਗੜ (ਦੇ ਪ੍ਰ ਬਿ)-ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਤੇ ਦਾਖਾ ਹਲਕੇ ਦੇ ਸਾਬਕਾ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਵਜੋਂ ਜਾਣੇ ਜਾਂਦੇ ਵਕੀਲ ਫੂਲਕਾ ਪਿਛਲੇ ਕੁਝ ਅਰਸੇ ਤੋਂ ‘ਆਪ’ ਤੋਂ ਲਾਂਭੇ ਹੋ ਕੇ ਸਿਆਸਤ ਨੂੰ ਦੂਰ ਤੋਂ ਦੇਖ ਰਹੇ ਸਨ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਜ਼ਮੀਨੀ ਪਾਣੀਆਂ ਦੇ ਹੱਕ ਵਿੱਚ ਵੀ ਅਵਾਜ਼ ਬੁਲੰਦ ਕੀਤੀ ਹੈ। ਦੱਸਣਯੋਗ ਹੈ ਕਿ ਸ੍ਰੀ ਫੂਲਕਾ ਨੇ ਕੁਝ ਸਮੇਂ ਦੀ ਚੁੱਪ ਮਗਰੋਂ ਪੰਜਾਬ ਦੀ ਸਿਆਸਤ ’ਚ ਮੁੜ ਐਂਟਰੀ ਕੀਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਫੂਲਕਾ ਨੇ ਦੱਸਿਆ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਵੇਗੀ ਤਾਂ ਉਹ ਉਦੋਂ ਹੀ ਪਾਰਟੀ ਦਫ਼ਤਰ ਵਿੱਚ ਖ਼ੁਦ ਜਾ ਕੇ ਫਾਰਮ ਭਰ ਕੇ ਮੈਂਬਰ ਬਣਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ’ਚ ਨਾ ਕੋਈ ਅਹੁਦਾ ਲੈਣਗੇ ਅਤੇ ਨਾ ਹੀ ਚੋਣ ਲੜਨ ਦੀ ਯੋਜਨਾ ਹੈ। ਸ੍ਰੀ ਫੂਲਕਾ ਦੇ ਅੱਜ ਦੇ ਇਸ ਐਲਾਨ ਮਗਰੋਂ ਸਿਆਸੀ ਚਰਚੇ ਸ਼ੁਰੂ ਹੋ ਗਏ ਹਨ ਕਿ ਫੂਲਕਾ ਅਜਿਹੇ ਚਿਹਰੇ ਵਜੋਂ ਵੀ ਉੱਭਰ ਸਕਦੇ ਹਨ ਜਿਨ੍ਹਾਂ ’ਤੇ ਸਾਰੀਆਂ ਧਿਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਹਿਮਤੀ ਵੀ ਬਣ ਸਕਦੀ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਕੇਂਦਰੀ ਪਾਰਟੀਆਂ ਕਦੇ ਸੂਬਿਆਂ ਦੇ ਹਿੱਤ ’ਚ ਨਹੀਂ ਹੋ ਸਕਦੀਆਂ ਜਿਸ ਕਰ ਕੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਜ਼ਰੂਰੀ ਹੈ। ਸ੍ਰੀ ਫੂਲਕਾ ਨੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਕੁਤਾਹੀ ਹੋਈ ਹੈ।