Headlines

ਸੁਖਬੀਰ ’ਤੇ ਹਮਲਾ ਕਰਨ ਵਾਲੇ ਚੌੜਾ ਦਾ ਪੁਲੀਸ ਰਿਮਾਂਡ ਵਧਾਇਆ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 8 ਦਸੰਬਰ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਜਾਨਲੇਵਾ ਹਮਲਾ ਕਰਨ ਵਾਲੇ ਗਰਮ-ਖਿਆਲੀ ਆਗੂ ਨਰੈਣ ਸਿੰਘ ਚੌੜਾ ਨੂੰ ਅੱਜ ਪੁਲੀਸ ਨੇ ਮੁੜ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਪੁੱਛ-ਪੜਤਾਲ ਲਈ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਹੋਰ ਸਮਾਂ ਲੈ ਲਿਆ। ਹੁਣ ਉਸ ਨੂੰ ਮੁੜ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਥੇਬੰਦੀ ਅਕਾਲ ਫੈਡਰੇਸ਼ਨ ਦੇ ਮੁਖੀ ਨਰੈਣ ਸਿੰਘ ਚੌੜਾ ਨੇ 4 ਦਸੰਬਰ ਨੂੰ ਸੁਖਬੀਰ ਬਾਦਲ ’ਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਉਸ ਵੇਲੇ ਹਮਲਾ ਕੀਤਾ ਸੀ ਜਦੋਂ ਉਹ ਅਕਾਲ ਤਖ਼ਤ ਵੱਲੋਂ ਲਾਈ ਹੋਈ ਪਹਿਰੇਦਾਰ ਦੀ ਸੇਵਾ ਨਿਭਾਅ ਰਹੇ ਸਨ। ਪੁਲੀਸ ਨੇ ਉਸ ਨੂੰ ਪਹਿਲਾਂ ਪੰਜ ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਤਿੰਨ ਦਿਨ ਦਾ ਰਿਮਾਂਡ ਮਿਲਿਆ ਸੀ ਜੋ ਅੱਜ ਪੂਰਾ ਹੋਣ ਮਗਰੋਂ ਮੁੜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅੱਜ ਪੁਲੀਸ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲੀਸ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਉਸ ਕੋਲੋਂ ਲਖੀਮਪੁਰ ਖੀਰੀ ਜੋ ਉੱਤਰ ਪ੍ਰਦੇਸ਼ ਵਿੱਚ ਹੈ, ਤੋਂ ਕੁਝ ਹਥਿਆਰ ਬਰਾਮਦ ਕਰਨੇ ਹਨ। ਇਸ ਬਾਰੇ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਪਰ ਅਦਾਲਤ ਵੱਲੋਂ ਸਿਰਫ਼ ਤਿੰਨ ਦਿਨ ਦਾ ਹੋਰ ਪੁਲੀਸ ਰਿਮਾਂਡ ਦਿੱਤਾ ਗਿਆ। ਨਰੈਣ ਸਿੰਘ ਦੇ ਵਕੀਲ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਉਸ ਦੇ ਵਕੀਲ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਜਾਵੇ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੁਲੀਸ ਵੱਲੋਂ ਉਸ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਗਈ।