ਪੁਲਿਸ ਰਿਪੋਰਟ ਵਿਚ ਲਿਖਿਆ ਕਿ ਧੱਕਾਮੁਕੀ ਦੌਰਾਨ ਗੋਲੀ ਚੱਲੀ –
ਚੰਡੀਗੜ੍ਹ ( ਦੇ ਪ੍ਰ ਬਿ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਸਬੰਧੀ ਪੁਲੀਸ ਕੇਸ ਦਰਜ ਕਰਨ ’ਤੇ ਸਵਾਲ ਚੁੱਕੇ ਹਨ। ਸ੍ਰੀ ਮਜੀਠੀਆ ਨੇ ਚੰਡੀਗੜ੍ਹ ਵਿੱਚ ਸਥਿਤ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਬਾਰ ਸਾਹਿਬ ਕੰਪਲੈਕਸ ਦੀ ਤਿੰਨ ਦਸੰਬਰ ਦੀ ਸੀਸੀਟੀਵੀ ਫੁਟੇਜ ਦਿਖਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਨਰੈਣ ਸਿੰਘ ਚੌੜਾ ਨੇ ਇਕੱਲੇ ਹਮਲਾ ਨਹੀਂ ਕੀਤਾ ਹੈ, ਉਸ ਨਾਲ ਦੋ ਹੋਰ ਜਣੇ ਵੀ ਸ਼ਾਮਲ ਸਨ। ਇਨ੍ਹਾਂ ਬਾਰੇ ਪੰਜਾਬ ਪੁਲੀਸ ਕੁਝ ਵੀ ਸਪਸ਼ਟ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਘਟਨਾ ਵਾਲੇ ਦਿਨ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੋਰਨਾਂ ਵਿਅਕਤੀਆਂ ਦੀ ਵੀ ਸ਼ਨਾਖ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਡੀਜੀਪੀ ਗੌਰਵ ਯਾਦਵ ਇਸ ਕੇਸ ਦੀ ਜਾਂਚ ਆਪਣੇ ਹੱਥ ਵਿਚ ਲੈਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਿਆਂ ਵਾਸਤੇ ਅਦਾਲਤ ਦਾ ਰੁਖ਼ ਵੀ ਕਰੇਗਾ। ਸ੍ਰੀ ਮਜੀਠੀਆ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਸਬੰਧੀ ਅੰਮ੍ਰਿਤਸਰ ਪੁਲੀਸ ਵੱਲੋਂ ਬਹੁਤ ਹੀ ਕਮਜ਼ੋਰ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਐੱਫਆਈਆਰ ਵਿੱਚ ਧੱਕਾ-ਮੁੱਕੀ ’ਚ ਗੋਲੀ ਹਵਾ ਵਿੱਚ ਚੱਲ ਲਿਖਿਆ ਹੈ ਜਦੋਂਕਿ ਇਹ ਗੋਲੀ ਸੁਖਬੀਰ ਨੂੰ ਮਾਰਨ ਦੇ ਇਰਾਦੇ ਨਾਲ ਚਲਾਈ ਗਈ ਸੀ। ਸ੍ਰੀ ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਭੁੱਲਰ ਜਾਣਦੇ ਸਨ ਕਿ ਚੌੜਾ ਅਤਿਵਾਦੀ ਹੈ, ਕਿਉਂਕਿ ਉਨ੍ਹਾਂ ਨੇ 2013 ਵਿਚ ਮੁਹਾਲੀ ਦੇ ਐੱਸਐੱਸਪੀ ਹੁੰਦਿਆਂ ਚੌੜਾ ਤੋਂ ਅਸਲਾ ਮਿਲਣ ਦੇ ਮਾਮਲੇ ’ਚ ਹਿਰਾਸਤੀ ਪੁੱਛ-ਪੜਤਾਲ ਕੀਤੀ ਸੀ।