ਵੈਨਕੂਵਰ ( ਹਰਦਮ ਮਾਨ)-ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵਲੋਂ ਜਸਟਿਨ ਟਰੂਡੋ ਸਰਕਾਰ ਖਿਲਾਫ਼ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਭਰੋਸਗੀ ਮਤਾ ਫੇਲ੍ਹ ਹੋ ਗਿਆ । ਕੰਸਰਵੇਟਿਵ ਪਾਰਟੀ ਦੇ ਆਗੂ ਵਲੋਂ ਪਿਛਲੇ ਮਹੀਨਿਆਂ ਦੌਰਾਨ ਦੋ ਵਾਰ ਅਜਿਹੇ ਬੇਭਰੋਸਗੀ ਮਤੇ ਪੇਸ਼ ਕੀਤੇ ਗਏ ਸਨ, ਪਰ ਕਿਸੇ ਹੋਰ ਪਾਰਟੀ ਵਲੋਂ ਹਮਾਇਤ ਨਾ ਮਿਲਣ ਕਰਕੇ ਇਹ ਕੋਸ਼ਿਸ਼ਾਂ ਠੁੱਸ ਹੋ ਗਈਆਂ। ਪੋਲੀਵਰ ਵੱਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਸੀ ਕਿ ਕਿਉਂਕਿ ਟਰੂਡੋ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੇ ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀਐੱਸਟੀ ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ਵਿੱਚ ਪੈਨਸ਼ਨ ਅਧਾਰਿਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ।
ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪੋਲੀਵਰ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਲਈ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ। ਕੰਸਰਵੇਟਿਵ ਆਗੂ ਨੇ ਆਪਣੀ ਇਸ ਕੋਸ਼ਿਸ਼ ਵਿੱਚ ਅਸਫਲ ਰਹਿਣ ਕਰਕੇ ਆਪਣਾ ਆਖਰੀ ਮੌਕਾ ਵੀ ਗੁਆ ਲਿਆ ਹੈ। ਅਸਲ ਵਿੱਚ ਕੈਨੇਡਿਆਈ ਅਰਥਚਾਰੇ ਨੂੰ ਦਰਪੇਸ਼ ਮੰਦੀ ਦੇ ਇਸ ਦੌਰ ਵਿੱਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਹੋਰ ਪਾਰਟੀ ਚੋਣਾਂ ਦੇ ਜੋਖ਼ਮ ਵਿੱਚ ਨਹੀਂ ਪੈਣਾ ਚਾਹੁੰਦੀ। ਇਸੇ ਓਹਲੇ ਹੇਠ ਸਰਕਾਰ ਉੱਤੇ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮੰਨਣ ਲਈ ਜ਼ੋਰ ਪਾਇਆ ਜਾ ਰਿਹਾ ਹੈ।