ਸਰੀ, 11 ਦਸੰਬਰ (ਹਰਦਮ ਮਾਨ)- ਜਿਸ ਤਰ੍ਹਾਂ ਅਰਥ ਸ਼ਾਸਤਰੀਆਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਸੀ ਅੱਜ ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਦੇ ਇਸ ਫੈਸਲੇ ਨਾਲ ਹੁਣ ਬੈਂਕ ਰੇਟ 3.25 ਪ੍ਰਤੀਸ਼ਤ ਹੋ ਗਈ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਜੂਨ ਤੋਂ ਬਾਅਦ ਲਗਾਤਾਰ ਕੀਤੀ ਗਈ ਇਹ ਪੰਜਵੀਂ ਕਟੌਤੀ ਹੈ। ਮਹਾਂਮਾਰੀ ਤੋਂ ਬਾਅਦ ਬੈਂਕ ਨੇ ਅਕਤੂਬਰ ਵਿਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਅੱਧੇ ਪੁਆਇੰਟ ਦੀ ਕਟੌਤੀ ਕੀਤੀ ਸੀ।
ਬੈਂਕ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਨੇ ਲਗਾਤਾਰ ਦੋ ਕਟੌਤੀਆਂ ਕੀਤੀਆਂ ਹਨ ਕਿਉਂਕਿ ਮਹਿੰਗਾਈ ਅਤੇ ਆਰਥਿਕ ਵਿਕਾਸ ਨੂੰ ਹੁਣ ਸੀਮਤ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਦਰਾ ਸਫੀਤੀ ਦੋ ਫੀਸਦੀ ਦੇ ਟੀਚੇ ‘ਤੇ ਵਾਪਸ ਆਉਣ ਨਾਲ, ਕੇਂਦਰੀ ਬੈਂਕ ਹੁਣ ਇਸ ਨੂੰ ਸਥਿਰ ਰੱਖਣ ‘ਤੇ ਹੀ ਧਿਆਨ ਕੇਂਦਰਿਤ ਕਰ ਰਿਹਾ ਹੈ।
ਇਸੇ ਦੌਰਾਨ ਉਘੇ ਮੌਰਟਗੇਜ਼ ਸਲਾਹਕਾਰ ਸਤਬੀਰ ਸਿੰਘ ਭੁੱਲਰ ਨੇ ਦੇਸ ਪ੍ਰਦੇਸ਼ ਨੂੰ ਦੱਸਿਆ ਕਿ ਬੈਂਕ ਆਫ ਕੈਨੇਡਾ ਵਲੋਂ ਵਿਆਜ ਦਰ ਵਿਚ ਇਸ ਕਟੌਤੀ ਨਾਲ ਆਰਥਿਕਤਾ ਨੂੰ ਹੁਲਾਰਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਉਚ ਵਿਆਜ ਦਰਾਂ ਕਾਰਣ ਰੀਅਲ ਇਸਟੇਟ ਮਾਰਕੀਟ ਵਿਚ ਜਿਹੜੀ ਖੜੌਤ ਵਾਲੀ ਸਥਿਤੀ ਬਣੀ ਹੋਈ ਸੀ, ਉਸਦੇ ਮੁੜ ਅਗਰਸਰ ਹੋਣ ਦੀਆਂ ਉਮੀਦਾਂ ਬਣੀਆਂ ਹਨ। ਨਵੇ ਸਾਲ ਵਿਚ ਜਨਵਰੀ 19 ਨੂੰ ਕੇਂਦਰੀ ਬੈਂਕ ਵਲੋਂ ਵਿਆਜ ਦਰਾਂ ਵਿਚ ਮੁੜ ਰੀਵਿਊ ਕੀਤਾ ਜਾਵੇਗਾ। ਹਾਲ ਦੀ ਘੜੀ 50 ਬੇਸਿਸ ਪੁਆਇੰਟ ਦੀ ਕਟੌਤੀ ਨਾਲ ਕਾਫੀ ਹੱਦ ਤੱਕ ਰਾਹਤ ਮਿਲਣ ਦੀ ਸੰਭਾਵਨਾ ਬਣੀ ਹੈ ਤੇ ਰੀਅਲ ਇਸਟੇਟ ਮਾਰਕੀਟ ਕਾਰੋਬਾਰ ਵਿਚ ਸਰਗਰਮੀਆਂ ਵਧਣਗੀਆਂ।