ਸਿੰਘ ਸਾਹਿਬ ਦੇ ਜੇ ਮਿਨਹਾਸ ਦੇ ਗ੍ਰਹਿ ਵਿਖੇ ਪੁੱਜਣ ਦਾ ਭਰਵਾਂ ਸਵਾਗਤ-
ਆਦਮਪੁਰ, 12 ਦਸੰਬਰ 2024-ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੇ ਗ੍ਰਹਿ ਵਿਖੇ ਪਹੁੰਚੇ। ਜਤਿੰਦਰ ਜੇ ਮਿਨਹਾਸ ਵੱਲੋਂ ਕੈਨੇਡਾ ਅਤੇ ਭਾਰਤ ਵਿੱਚ ਕੀਤੇ ਜਾ ਰਹੇ ਸਮਾਜ ਸੇਵਾ ਦੇ ਵੱਡੇ ਪ੍ਰੋਜੈਕਟਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮਿਨਹਾਸ ਵੱਲੋਂ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਸਮੇਂ ਦੌਰਾਨ ਜਦੋਂ ਕੈਨੇਡਾ ਅੰਦਰ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ, ਉਦੋਂ ਭਾਰਤੀ ਵਿਦਿਆਰਥੀਆਂ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਦੀ ਵੀ ਬਾਂਹ ਫੜੀ ਅਤੇ ਗੁਰੂ ਨਾਨਕ ਫ਼ੂਡ ਬੈਂਕ ਰਾਹੀਂ ਸੇਵਾਵਾਂ ਸ਼ੁਰੂ ਕਰਕੇ ਸ਼ਲਾਘਾਯੋਗ ਕੰਮ ਕੀਤਾ। ਇਨ੍ਹਾਂ ਨੇ ਸਿੱਖ ਧਰਮ ਦੇ ‘ਵੰਡ ਛਕਣ’ ਦੇ ਸਿਧਾਂਤ ਨੂੰ ਅਪਣਾਇਆ ਜੋ ਅੱਜ ਵੀ ਲਗਾਤਾਰ ਜਾਰੀ ਹੈ।
ਜਤਿੰਦਰ ਜੇ ਮਿਨਹਾਸ ਵੱਲੋਂ ਆਪਣੇ ਜੱਦੀ ਪਿੰਡ ਡਮੁੰਡਾ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਜਾ ਰਹੇ ਸਾਰਾਗੜ੍ਹੀ ਯਾਦਗਾਰੀ ਸਟੇਡੀਅਮ ਸੰਬੰਧੀ ਵੀ ਵਿਸਥਾਰ ਨਾਲ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨਾਲ ਜਾਣੂ ਕਰਵਾਉਣ ਲਈ ਜੇ ਮਿਨਹਾਸ ਵੱਲੋਂ ਸਾਰਾਗੜ੍ਹੀ ਸਮਾਰਕ ਅਤੇ ਸਟੇਡੀਅਮ ਦਾ ਨਿਰਮਾਣ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ। ਕਰੀਬ ਸਵਾ ਸੌ ਸਾਲ ਬਾਅਦ ਇਨ੍ਹਾਂ ਸ਼ਹੀਦਾਂ ਨੂੰ ਨਮਨ ਕਰਦਿਆਂ ਅਜਿਹੇ ਦਰਸ਼ਨੀ ਸਮਾਰਕ ਦਾ ਨਿਰਮਾਣ ਇਕ ਸੱਚਾ ਸਿੱਖ ਹੀ ਸਮਰਪਿਤ ਭਾਵਨਾ ਨਾਲ ਕਰ ਸਕਦਾ ਹੈ।
ਉਨ੍ਹਾਂ ‘ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ’ ਵੱਲੋਂ ਸਮਾਜ ਭਲਾਈ ਦੇ ਕੰਮਾਂ ਖ਼ਾਸ ਤੌਰ ‘ਤੇ ਲਾਇਨਜ਼ ਆਈ ਹਸਪਤਾਲ ਵਿਖੇ ਅੱਖਾਂ ਦੀ ਮੁਫ਼ਤ ਸੇਵਾ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਵੀ ਪ੍ਰਸੰਸਾ ਕੀਤੀ। ਜੇ ਮਿਨਹਾਸ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਵੱਡੀਆਂ ਸੇਵਾਵਾਂ, ਸਮਾਜਿਕ ਕਾਰਜਾਂ, ਖ਼ਾਸ ਤੌਰ ‘ਤੇ ਕਿਸਾਨੀ ਸੰਘਰਸ਼ ਦੌਰਾਨ ਕੋਵਿਡ ਹੋਣ ਦੇ ਬਾਵਜੂਦ ਵਾਪਿਸ ਆ ਕੇ ਮੋਰਚੇ ‘ਤੇ ਲੋਕਾਂ ਦੀ ਸੇਵਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਸਾਰੇ ਕੰਮਾਂ ਨੂੰ ਗੁਰੂ ਮਹਾਰਾਜ ਜੀ ਦੀ ਅਸੀਸ ਦੱਸਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਪਰਿਵਾਰਕ ਤੌਰ ‘ਤੇ ਗੁੜਤੀ ਵਿੱਚ ਮਿਲਦੀਆਂ ਹਨ ਅਤੇ ਇਨ੍ਹਾਂ ਉੱਪਰ ਇਨ੍ਹਾਂ ਦੇ ਪਿਤਾ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਹੁਰਾਂ ਦਾ ਆਸ਼ੀਰਵਾਦ ਹੀ ਹੈ। ਉਨਾਂ ਕਿਹਾ ਕਿ ਜਤਿੰਦਰ ਜੇ ਮਿਨਹਾਸ ਜਿਹੀਆਂ ਸ਼ਖ਼ਸੀਅਤਾਂ ਪ੍ਰੇਰਨਾ ਦੇ ਸਰੋਤ ਹਨ ਅਤੇ ਸਮੇਂ ਦੀ ਲੋੜ ਵੀ ਹੈ ਕਿ ਤਾਂ ਜੋ ਹੋਰ ਲੋਕ ਵੀ ਇਸ ਤਰਾਂ ਦੇ ਉਪਰਾਲੇ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਵਿੱਚ ਬਣਦਾ ਯੋਗਦਾਨ ਪਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਥਕ ਬੁਲਾਰੇ ਤੇ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਗੁਰਵਿੰਦਰ ਸਿੰਘ ਭੋਗਪੁਰ, ਸਤਨਾਮ ਸਿੰਘ ਮਿਨਹਾਸ ਕੈਨੇਡਾ, ਗੁਰਜੀਤ ਸਿੰਘ, ਡਾਕਟਰ ਗੁਰਦੇਵ ਸਿੰਘ ਪਰਮਾਰ, ਗੁਰਦੀਪ ਸਿੰਘ ਕਾਲਰਾ, ਰਣਜੀਤ ਸਿੰਘ ਬਾਂਕਾ ਸਪੇਨ,ਅਕਸ਼ੇਦੀਪ ਸ਼ਰਮਾ (ਮੈਨੇਜਰ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ) ਵੀ ਮੌਜੂਦ ਸਨ।