ਵੈਨਕੂਵਰ ( ਦੇ ਪ੍ਰ ਬਿ) -ਬੀਤੇ ਵੀਰਵਾਰ ਨੂੰ ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਦੀ ਹਫਤਾਵਾਰੀ ਮੀਟਿੰਗ ਹੋਈ। ਇਹ ਮੀਟਿੰਗ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾ਼ਦਿਆਂ ਤੇ ਹੋਰ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰਹੀ। ਇਸ ਮੌਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੰਗਾਸਾਗਰ ਦੀ ਸਾਂਭ ਸੰਭਾਲ ਕਰਨ ਵਾਲੇ ਰਾਏ ਅਜ਼ੀਜ਼ ਉਲਾ ਖਾਨ (ਵੰਸ਼ਜ਼ ਰਾਏ ਕੱਲਾ ਜੀ ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਰਾਏ ਸਾਹਿਬ ਨੇ ਦਸਮ ਪਿਤਾ ਦੇ ਸਫਰ ਏ ਸ਼ਹਾਦਤ ਦੌਰਾਨ ਰਾਏ ਕੱਲਾ ਜੀ ਨਾਲ ਮੇਲ ਹੋਣ ਤੇ ਉਹਨਾਂ ਨੂੰ ਵਿਛੜੇ ਪਰਿਵਾਰ ਬਾਰੇ ਜਾਣਕਾਰੀ ਦੇਣ ਤੇ ਇਤਿਹਾਸਕ ਤੇ ਮਹਾਨ ਪਲਾਂ ਨੂੰ ਯਾਦ ਕੀਤਾ ਤੇ ਗੰਗਾਸਾਗਰ ਦੀ ਬਖਸ਼ੀਸ਼ ਦਾ ਸਾਰਾ ਬਿਰਤਾਂਤ ਸਾਂਝਾ ਕੀਤਾ।
ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸ ਗੁਰਬਖਸ਼ ਸਿੰਘ ਸਿੱਧੂ, ਜਨਰਲ ਸਕੱਤਰ ਸੁਰਜੀਤ ਸਿੰਘ ਮਿਨਹਾਸ, ਸੁੱਚਾ ਸਿੰਘ ਕਲੇਰ, ਕੁਲਦੀਪ ਸਿੰਘ ਜਗਪਾਲ, ਬਹਾਦਰ ਸਿੰਘ ਲਾਲੀ, ਜਿਲੇ ਸਿੰਘ, ਗੁਰਦਰਸ਼ਨ ਸਿੰਘ ਮਠਾੜੂ, ਰਘਬੀਰ ਸਿੰਘ ਉਪਲ ਤੇ ਹੋਰ ਅਹੁਦੇਦਾਰਾਂ ਨੇ ਰਾਏ ਸਾਹਿਬ ਦਾ ਸੁਸਾਇਟੀ ਵਿਖੇ ਪੁੱਜਣ ਦਾ ਸਵਾਗਤ ਕੀਤਾ ਤੇ ਵਿਸ਼ੇਸ਼ ਸਨਮਾਨ ਕੀਤਾ। ਸੁਸਾਇਟੀ ਦੇ ਮੈਂਬਰ ਦਿਨੇਸ਼ ਮਲਹੋਤਰਾ ਜਗਰਾਉਂ ਨੇ ਰਾਏ ਅਜ਼ੀਜ਼ ਉਲਾ ਖਾਨ ਦੀ ਸੁਸਾਇਟੀ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਤੇ ਹੋਰ ਯਾਦਾਂ ਸਾਂਝੀਆਂ ਕੀਤੀਆਂ।