ਕੈਨੇਡੀਅਨ ਮੀਡੀਆ ਰਿਪੋਰਟਾਂ ਨੂੰ ਭਾਰਤ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਦੱਸਿਆ-
ਨਵੀਂ ਦਿੱਲੀ (ਦਿਓਲ)-ਵਿਦੇਸ਼ ਮੰਤਰਾਲੇ ਨੇ ਭਾਰਤੀ ਮੂਲ ਦੇ ਖਾਲਿਸਤਾਨ ਪੱਖੀ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਦੇਰੀ ਦੀਆਂ ਰਿਪੋਰਟਾਂ ਨੂੰ ‘ਗੁੰਮਰਾਹਕੁਨ’ ਦੱਸ ਦੇ ਖਾਰਜ ਕਰ ਦਿੱਤਾ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਮੀਡੀਆ ਰਿਪੋਰਟ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਲਾਏ ਦੋਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਬੰਧਤ ਮੀਡੀਆ ਰਿਪੋਰਟ ਦੇਖੀ ਹੈ। ਇਹ ਕੈੈੈਨੇਡੀਅਨ ਮੀਡੀਆ ਦੀ ਭਾਰਤ ਦੀ ਦਿੱਖ ਨੂੰ ਢਾਹ ਲਾਉਣ ਲਈ ਗੁੰਮਰਾਹਕੁਨ ਪ੍ਰਚਾਰ ਦੀ ਇਕ ਹੋਰ ਮਿਸਾਲ ਹੈ। ਜੈਸਵਾਲ ਨੇ ਸਪੱਸ਼ਟ ਕੀਤਾ ਕਿ ਵੀਜ਼ੇ ਜਾਰੀ ਕਰਨਾ ਭਾਰਤ ਸਰਕਾਰ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨਾ ਸਾਡਾ ਵਿਧਾਨਕ ਅਧਿਕਾਰ ਹੈ। ਜੈਸਵਾਲ ਕੈਨੇਡਾ ਵਿਚ ਉਨ੍ਹਾਂ ਰਿਪੋਰਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਖਾਲਿਸਤਾਨ ਪੱਖੀ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਰਿਹਾ ਹੈ ਜਦੋਂ ਤੱਕ ਉਹ ਵੱਖਵਾਦ ਦੀ ਹਮਾਇਤ ਬੰਦ ਨਹੀਂ ਕਰਦੇ ਉਨ੍ਹਾਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ।