ਤਾਜ਼ਾ ਆਰਥਿਕ ਫੈਸਲਿਆਂ ਨਾਲ ਅਸਹਿਮਤੀ ਪ੍ਰਗਟਾਈ-
ਓਟਵਾ ( ਦੇ ਪ੍ਰ ਬਿ)- ਪਹਿਲਾਂ ਹੀ ਕਈ ਮੁਸੀਬਤਾਂ ਵਿਚ ਘਿਰੇ ਪ੍ਰਧਾਨ ਮੰਤਰੀ ਟਰੂਡੋ ਦੇ ਤਾਜ਼ਾ ਆਰਥਿਕ ਫੈਸਲਿਆਂ ਦੀ ਵਿਰੋਧਤਾ ਕਰਦਿਆਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਲਿਬਰਲ ਸਰਕਾਰ ਲਈ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ।
ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਅਚਾਨਕ ਵਿੱਤ ਮੰਤਰੀ ਅਤੇ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਅਤੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਦੇ ਢੰਗ ਤਰੀਕੇ ਦੀ ਕਰੜੀ ਨਿੰਦਾ ਕੀਤੀ ਹੈ। ਵਿਤ ਮੰਤਰੀ ਦਾ ਇਹ ਅਚਾਨਕ ਅਸਤੀਫਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਉਸ ਵਲੋਂ ਸਦਨ ਵਿਚ ਆਰਥਿਕ ਅਪਡੇਟ ਪੇਸ਼ ਕੀਤਾ ਜਾਣਾ ਸੀ।
ਜ਼ਿਕਰਯੋਗ ਹੈ ਕਿ ਮੀਡੀਆ ਵਿਚ ਚਰਚਾ ਸੀ ਕਿ ਪ੍ਰਧਾਨ ਮੰਤਰੀ ਵਲੋਂ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੀ ਨੂੰ ਕੈਬਨਿਟ ਵਿਚ ਸ਼ਾਮਿਲ ਕਰਨ ਅਤੇ ਨਵੀਆਂ ਆਰਥਿਕ ਛੋਟਾਂ ਤੇ ਭਾਰੀ ਖਰਚੇ ਨੂੰ ਲੈ ਕੇ ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਟਰੂਡੋ ਵਿਚਾਲੇ ਸਬੰਧ ਤਣਾਅਪੂਰਣ ਬਣ ਗਏ ਹਨ। ਇਸ ਤਣਾਅ ਦੇ ਕਾਰਣਾਂ ਵਿਚ ਸਰਕਾਰ ਵਲੋਂ ਖਿਡੌਣਿਆਂ, ਸ਼ਰਾਬ ਅਤੇ ਫੂਡ ਉਪਰ ਦੋ ਮਹੀਨਿਆਂ ਦੀ ਜੀ ਐਸ ਟੀ ਛੋਟ ਅਤੇ 250 ਡਾਲਰ ਦੇ ਚੈਕ ਦੇਣ ਦੇ ਐਲਾਨ ਤੇ ਇਸਦਾ ਖਜਾਨੇ ਉਪਰ ਵਾਧੂ 6.28 ਬਿਲੀਅਨ ਡਾਲਰ ਦੇ ਖਰਚੇ ਨੂੰ ਲੈਕੇ ਦੱਸਿਆ ਜਾਂਦਾ ਹੈ।
ਕ੍ਰਿਸਟੀਆ ਫ੍ਰੀਲੈਂਡ ਨੇ ਪ੍ਰਧਾਨ ਮੰਤਰੀ ਦੇ ਲੋਕ ਲੁਭਾਉਣੇ ਵਾਅਦਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੁਆਰਾ ਉਸਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਕਿ ਉਹ ਹੁਣ ਉਸਨੂੰ ਆਪਣਾ ਵਿੱਤ ਮੰਤਰੀ ਨਹੀਂ ਰੱਖਣਾ ਚਾਹੁੰਦੇ । ਇਸ ਉਪਰੰਤ ਮੈਂ ਵਿਚਾਰ ਕੀਤਾ ਕਿ ਮੇਰੇ ਲਈ ਕੈਬਨਿਟ ਤੋਂ ਅਸਤੀਫਾ ਦੇਣ ਦਾ ਇੱਕੋ ਇੱਕ ਸਨਮਾਨਯੋਗ ਰਸਤਾ ਹੈ।
ਆਪਣੇ ਅਸਤੀਫੇ ਵਿਚ ਫ੍ਰੀਲੈਂਡ ਨੇ ਕਿਹਾ ਕਿ ਦੇਸ਼ ਨੂੰ ਇੱਕ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ ‘ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ। ਉਹ ਕੈਨੇਡਾ ਅਤੇ ਮੈਕਸੀਕੋ ‘ਤੇ 25 ਪ੍ਰਤੀਸ਼ਤ ਦੇ ਟੈਰਿਫ ਲਗਾਉਣ ਦੀ ਧਮਕੀ ਦੇ ਰਹੇ ਹਨ । ਫਰੀਲੈਂਡ ਨੇ ਕਿਹਾ ਕਿ ਸਰਕਾਰ ਨੂੰ ਆਉਣ ਵਾਲੇ ਟਰੰਪ ਪ੍ਰਸ਼ਾਸਨ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯੋਗ ਹੋਣ ਲਈ ਖਰਚਿਆਂ ਨੂੰ ਨਿਯੰਤਰਣ ਵਿੱਚ ਰੱਖਣ ਦੀ ਜ਼ਰੂਰਤ ਹੈ, ਜੀਐਸਟੀ ਟੈਕਸ ਛੋਟ ਦੇ ਮਾਪਦੰਡ ਵਿੱਚ ਸਪੱਸ਼ਟ ਰੂਪ ਵਿੱਚ, ਉਸਦੇ ਆਪਣੇ ਵਿਭਾਗ ਵਲੋਂ ਇਕ ਆਰਥਿਕ ਤੌਰ ‘ਤੇ ਬੇਸਮਝੀ ਵਜੋਂ ਦੇਖਿਆ ਜਾ ਰਿਹਾ ਹੈ।
ਉਸਨੇ ਲਿਖਿਆ ਹੈ ਅਜਿਹੀ ਸਥਿਤੀ ਵਿਚ ਸਾਨੂੰ ਮਹਿੰਗੀਆਂ ਸਿਆਸੀ ਚਾਲਾਂ ਤੋਂ ਬਚਣ ਦੀ ਲੋੜ ਹੈ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰ ਸਕਦੇ ।