ਸਰੀ ( ਦੇ ਪ੍ਰ ਬਿ)- ਕਲੋਵਰਡੇਲ-ਲੈਂਗਲੀ ਸਿਟੀ ਦੀ ਜ਼ਿਮਨੀ ਚੋਣ ਵਿਚ ਕੰਸਰਵੇਟਿਵ ਉਮੀਦਵਾਰ ਟਮੈਰਾ ਜੈਨਸਨ ਨੇ ਲਿਬਰਲ ਉਮੀਦਵਾਰ ਮੈਡੀਸਨ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤ ਲਈ ਹੈ।
ਓਟਵਾ ਵਿਚ ਵਿਤ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਦਿਨ ਲਿਬਰਲ ਲਈ ਜਿਮਨੀ ਚੋਣ ਵਿਚ ਹਾਰ ਇਕ ਹੋਰ ਝਟਕਾ ਹੈ। ਕੰਸਰਵੇਟਿਵ ਉਮੀਦਵਾਰ ਟਮੈਰਾ ਜੋ ਕਿ ਪਹਿਲਾਂ ਵੀ
2019 ਤੋਂ 2021 ਤੱਕ ਸੀਟ ‘ਤੇ ਕਾਬਜ਼ ਰਹੀ ਹੈ ਨੇ ਲਿਬਰਲ ਉਮੀਦਵਾਰ ਮੈਡੀਸਨ ਫਲੀਸ਼ਰ ਅਤੇ ਐਨਡੀਪੀ ਦੀ ਵਨੀਸਾ ਸ਼ਰਮਾ ਨੂੰ ਸੌਖਿਆ ਹੀ ਹਰਾਕੇ ਇਹ ਸੀਟ ਜਿੱਤੀ ਹੈ। ਉਸਨੇ ਲਗਭਗ ਦੋ ਤਿਹਾਈ ਵੋਟਾਂ ਪ੍ਰਾਪਤ ਕੀਤੀਆਂ।
ਅੰਤਮ ਨਤੀਜਿਆਂ ਵਿੱਚ ਮੈਡੀਸਨ ਦੀਆਂ 2,401 ਵੋਟਾਂ ਦੇ ਮੁਕਾਬਲੇ, ਟਮੈਰਾ ਨੂੰ 9,931 ਵੋਟਾਂ ਮਿਲੀਆਂ।
ਜਿਕਰਯੋਗ ਹੈ ਕਿ ਕਲੋਵਰਡੇਲ—ਲੈਂਗਲੀ ਸਿਟੀ ਤੋਂ ਲਿਬਰਲ ਐਮ ਪੀ ਜੌਹਨ ਐਲਡਗ ਵਲੋਂ ਅਸਤੀਫਾ ਦੇਣ ਨਾਲ ਖਾਲੀ ਹੋਈ ਸੀ। ਉਹਨਾਂ ਨੇ ਬੀਸੀ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਤੋਂ ਹਾਰ ਗਏ ਸਨ। ਜੌਨ ਐਲਡਾਗ, ਜਿਸ ਨੇ 2015 ਤੋਂ 2019 ਅਤੇ ਫਿਰ 2021 ਤੱਕ ਸੀਟ ‘ਤੇ ਪਾਰਟੀ ਦੀ ਨੁਮਾਇੰਦਗੀ ਕੀਤੀ ਸੀ, ਨੇ ਫੈਡਰਲ ਸਿਆਸਤ ਛੱਡਕੇ ਸੂਬਾਈ ਸਿਆਸਤ ਕਰਨ ਦੀ ਸੋਚੀ ਸੀ ਪਰ ਉਹ ਦੋਵਾਂ ਪਾਸਿਆਂ ਤੋਂ ਜਾਂਦੇ ਰਹੇ। 2024 ਵਿੱਚ ਟਰੂਡੋ ਸਰਕਾਰ ਦੀ ਇਹ ਤੀਸਰੀ ਜਿਮਨੀ ਚੋਣ ਵਿਚ ਹਾਰ ਹੋਈ ਹੈ।