Headlines

ਵਿਸ਼ਵ ਸਿੱਖ ਸੰਗਠਨ (WSO) ਵਲੋਂ ਸਰੀ ਵਿਚ ਪ੍ਰਦਰਸ਼ਨੀ ਦੌਰਾਨ ਸਿੱਖ ਧਰਮ ਨੂੰ ਹਿੰਦੂਤਵਾ ਨਾਲ ਜੋੜਨ ਤੇ ਸਖਤ ਇਤਰਾਜ਼

-ਪ੍ਰਬੰਧਕਾਂ ਤੋਂ ਸਪੱਸ਼ਟੀਕਰਣ ਮੰਗਿਆ-

ਸਰੀ -ਵਰਲਡ ਸਿੱਖ ਆਰਗੇਨਾਈਜੇਸ਼ਨ (WSO) ਨੇ ਸਰੀ ਮਿਊਜ਼ਮ ਵਿੱਚ ਦਰਸ਼ਨ ਉਨਵਾਨ ਹੇਠ ਹਿੰਦੂ ਸਭਿਅਤਾ ਦੀ ਇਕ  ਪ੍ਰਦਰਸ਼ਨੀ ਵਿਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੇ  ਪਵਿੱਤਰ ੴ  ਨੂੰ ਹਿੰਦੂ ਧਰਮ ਦੇ ਦੂਸਰੇ ਚਿੰਨਾਂ ਵਿਚ  ਵਿਖਾਏ ਜਾਣ ਤੇ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਸੰਗਠਨ ਵਲੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ  ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਹਿਯੋਗ  ਨਾਲ ਆਯੋਜਿਤ ਇਸ ਹਿੰਦੂਤਵ-ਪ੍ਰੇਰਿਤ ਪ੍ਰਦਰਸ਼ਨੀ ਦੌਰਾਨ ਸਿੱਖ ਧਰਮ ਅਤੇ ਸਿੱਖੀ ਬਾਰੇ  ਅਣਉਚਿਤ ਅਤੇ ਅਪਮਾਨਜਨਕ ਦਾਅਵੇ ਕੀਤੇ ਗਏ ਹਨ।  ਇਸ ਵਿਚ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਅਧੀਨ ਅਤੇ ਵੱਖਰੀ ਸਿੱਖ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਿਹਾ ਗਿਆ ਹੈ ਕਿ ਇਹ ਪ੍ਰਦਰਸ਼ਨੀ ਸਿੱਖੀ ਨੂੰ ਹਿੰਦੂ ਧਰਮ ਦੀ ਸਿਰਫ਼ ਇਕ “ਪਰੰਪਰਾ” ਵਜੋਂ ਦਰਸਾਉਂਦੀ ਹੈ ਅਤੇ ਸਿੱਖ ਧਰਮ ਦੇ  ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂ ਧਰਮ ਦੇ ਇਕ “ਪਵਿੱਤਰ ਗ੍ਰੰਥ” ਵਜੋਂ ਗਲਤ ਦਾਅਵਾ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ, ਹਿੰਦੂ ਪ੍ਰਤੀਕਾਂ ਦੇ ਨਾਲ ੴ  ਨੂੰ ਕੇਵਲ ਇਕ  ਚਿੱਤਰ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਕਿ ਸਿੱਖਾਂ ਲਈ ਨਿਰਾਦਰ ਹੈ। ਇਹ ਪ੍ਰਦਰਸ਼ਨੀ ਹਿੰਦੂ ਧਰਮ ਦੇ ਹੋਰ ਫਿਰਕਿਆਂ ਵਜੋਂ ਬੁੱਧ ਅਤੇ ਜੈਨ ਧਰਮ ਬਾਰੇ ਵੀ ਦਾਅਵਾ ਕਰਦੀ ਹੈ।
ਪ੍ਰੈਸ ਨੋਟ ਵਿਚ ਡਬਲਿਊ ਐਸ ਓ ਨੇ  ਪ੍ਰਦਰਸ਼ਨੀ ਨੂੰ ਤੁਰੰਤ ਹਟਾਉਣ ਦੀ ਅਪੀਲ ਕਰਦਿਆਂ  ਬ੍ਰਿਟਿਸ਼ ਕੋਲੰਬੀਆ ਸਰਕਾਰ  ਅਤੇ ਸਰੀ ਮਿਊਜ਼ਮ ਨੂੰ ਸਿੱਖ ਭਾਈਚਾਰੇ ਤੋਂ ਜਨਤਕ ਸਪੱਸ਼ਟੀਕਰਨ ਦੇਣ ਤੇ  ਮੁਆਫੀ ਦੀ ਮੰਗ ਕੀਤੀ ਹੈ।

ਸਖਤ ਵਿਰੋਧ ਉਪਰੰਤ ਪ੍ਰਦਰਸ਼ਨੀ ਹਟਾਈ-

ਹੋਰ ਜਾਣਕਾਰੀ ਮੁਤਾਬਿਕ ਬੀਸੀ ਗੁਰਦੁਆਰਾ ਕੌਂਸਲ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਸਖਤ ਇਤਰਾਜ਼ ਉਪਰੰਤ ਸਰੀ ਮਿਊਜ਼ਮ ਨੇ ਇਸ  ਪ੍ਰਦਰਸ਼ਨੀ ਨੂੰ ਹਟਾ ਦਿੱਤਾ ਹੈ। ਪਰ ਇਸ ਮੌਕੇ ਡਬਲਿਊ ਐਸ ਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ “ਹਿੰਦੂਤਵੀ ਸੰਗਠਨਾਂ ਨੂੰ ਸਿੱਖੀ ਦੀ ਪਰਿਭਾਸ਼ਾ ਜਾਂ  ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਦੀ ਇਜ਼ਾਜਤ ਨਹੀ ਦੇਣਗੇ। ਉਹਨਾਂ ਸਰੀ ਮਿਊਜ਼ਮ ਵਿਚ ਅਜਿਹੀ ਪ੍ਰਦਰਸ਼ਨੀ ਨੂੰ ਮਨੁਜੂਰੀ ਦਿੱਤੇ ਜਾਣ ਦੀ ਜਾਂਚ ਕਰਵਾਏ ਜਾਣ ਦੇ ਨਾਲ ਬੀਸੀ ਸਰਕਾਰ ਅਤੇ ਸਿਟੀ ਮਿਊਜ਼ਮ ਤੋਂ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੇ ਜਾਣ ਦੀ ਆਪਣੀ ਮੰਗ ਦੁਹਰਾਈ ਹੈ।

Leave a Reply

Your email address will not be published. Required fields are marked *