ਕੈਲਗਰੀ : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ 14 ਦਸੰਬਰ ਨੂੰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ,
ਇੱਕ ਆਨਲਾਈਨ ਅੰਤਰਰਾਸ਼ਟਰੀ ਮਹਾਨ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ – ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰੰਟੋ ਤੋਂ ਬੇਟੀ ਅਨੁਰੀਤ ਕੌਰ ਅਤੇ ਜੈਪੁਰ ਤੋਂ ਬ੍ਰਿਜਮਿੰਦਰ ਕੌਰ ਜੀ ਦੇ ਗਾਇਨ ਕੀਤੇ ਸ਼ਬਦਾਂ ਨਾਲ ਕੀਤਾ ਗਿਆ। ਫਿਰ ਟੋਰੰਟੋ ਤੋਂ ਆਏ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਜੀ ਨੇ ਗੁਰਦੀਸ਼ ਕੌਰ ਗਰੇਵਾਲ ਜੀ ਦਾ ਲਿਖਿਆ ਗੀਤ, ‘ਧੰਨ ਮਾਤਾ ਗੁਜਰੀ’ ਸਾਜਾਂ ਨਾਲ ਸੁਣਾ ਕੇ ਕਵੀ ਦਰਬਾਰ ਦੇ ਮਾਹੌਲ ਦੀ ਸਿਰਜਣਾ ਕੀਤੀ। ਨਵੀਂ ਪੀੜ੍ਹੀ ਦੀ ਤਰਜਮਾਨੀ ਕਰਦੀ, ਰਾਮਪੁਰਾ ਫੂਲ ਬਠਿੰਡਾ ਤੋਂ ਆਈ ਬੇਟੀ ਹਰਪ੍ਰੀਤ ਕੌਰ ਰੇਨੂੰ ਨੇ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਸੁਰੀਲੀ ਆਵਾਜ਼ ਵਿੱਚ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਆਏ ਪੰਥਕ ਸ਼ਾਇਰ ਸ਼ੁਕਰਗੁਜ਼ਾਰ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਲਿਖੀ ਆਪਣੀ ਸ਼ਾਹਕਾਰ ਰਚਨਾ ‘..ਕਿ ਸ਼ਬਦਾਂ ਚ ਹੁੰਦੀ ਬਿਆਨ ਨਾ ਗੁਜਰੀ’ ਬੁਲੰਦ ਆਵਾਜ਼ ਵਿੱਚ ਸਾਂਝੀ ਕੀਤੀ। ਦਲਜੀਤ ਕੌਰ ਲੁਧਿਆਣਾ ਨੇ ਗੁਰਦੀਸ਼ ਕੌਰ ਦਾ ਲਿਖਿਆ ਗੀਤ, ‘ਅਸੀਂ ਕਰਨੀ ਨਾ ਈਨ ਪ੍ਰਵਾਨ ਸੂਬਿਆ’ ਅਤੇ ਇਸੇ ਸ਼ਹਿਰ ਦੇ ਵਸਨੀਕ ਪਰਮਿੰਦਰ ਸਿੰਘ ਅਲਬੇਲਾ ਨੇ ਗੀਤ, ‘ਛੋਟੇ ਲਾਲਾਂ ਦੀ ਕਹਾਣੀ- ਔਖੀ ਸੁਣਨੀ ਸੁਨਾਣੀ’ ਸੁਣਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ। ਟੋਰੰਟੋ ਤੋਂ ਆਏ ਨਾਮਵਰ ਸ਼ਾਇਰ ਪਿਆਰਾ ਸਿੰਘ ਕੁਦੋਵਾਲ ਨੇ, ‘ਅਸੀਂ ਮੁੜ ਨਹੀਂਉਂ ਅਨੰਦਪੁਰ ਆਉਣਾ, ਨੀ ਆਨੰਦਪੁਰੀਏ’ ਰਚਨਾ ਰਾਹੀਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਮਨੋਦਸ਼ਾ ਨੂੰ ਬਿਆਨ ਕੀਤਾ। ਸਿਆਟਲ ਤੋਂ ਅਵਤਾਰ ਸਿੰਘ ਆਦਮਪੁਰੀ ਨੇ, ‘ਇਕ ਦੇਣਾ ਔਖਾ ਦਾਤਾ ਵਾਰ ਗਇਉਂ ਜੋੜੀਆਂ’ ਗੀਤ ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਕੈਲਗਰੀ ਦੇ ਉਭਰਦੇ ਸ਼ਾਇਰ ਅਮਨਪ੍ਰੀਤ ਸਿੰਘ ਦੁਲੱਟ ਨੇ ਸਫਰ ਏ ਸ਼ਹਾਦਤ ਨੂੰ ਬਿਆਨ ਕਰਦੀ ਹੋਈ ਕਵਿਤਾ ਸਾਂਝੀ ਕੀਤੀ। ਪ੍ਰੋ. ਕੁਲਦੀਪ ਸਿੰਘ ਚਾਨੇ ਕੈਲਗਰੀ ਨੇ ਆਪਣੀ ਲਿਖੀ ਹੋਈ ਗਜ਼ਲ ਰਾਹੀਂ ਮਾਣਮੱਤੇ ਸਿੱਖ ਇਤਿਹਾਸ ਦੀ ਬਾਤ ਪਾਈ। ਸਰੀ ਬੀ ਸੀ ਤੋਂ ਆਏ ਪਲਵਿੰਦਰ ਸਿੰਘ ਰੰਧਾਵਾ ਨੇ ਆਪਣੇ ਗੀਤ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੋਸਟ ਗੁਰਦੀਸ਼ ਕੌਰ ਨੇ ਆਪਣੀ ਗਜ਼ਲ ਦੇ ਚੰਦ ਕੁ ਸ਼ਿਅਰ ਸੁਣਾ ਕੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ, ਜਦ ਕਿ ਟੋਰੰਟੋ ਤੋਂ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਜੀ ਨੇ ਦੋਹਾਂ ਵਿਸ਼ਿਆਂ ਤੇ ਆਪਣੇ ਉਮਦਾ ਸ਼ਿਅਰ ਸੁਣਾ ਕੇ ਲਾਸਾਨੀ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ। ਹਰਮਿੰਦਰ ਪਾਲ ਸਿੰਘ ਨੇ ਵੀ ਚਰਨ ਸਿੰਘ ਸਫਰੀ ਦਾ ਮਾਤਾ ਗੁਜਰੀ ਜੀ ਤੇ ਲਿਖਿਆ ਇਕ ਸ਼ਿਅਰ ਗਾ ਕੇ ਸਾਂਝਾ ਕੀਤਾ। ਜੈਕਾਰਿਆਂ ਨਾਲ ਕਵੀ ਦਰਬਾਰ ਸਮਾਪਤ ਹੋਇਆ। ਮੰਚ ਸੰਚਾਲਨ ਦੀ ਭੂਮਿਕਾ ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਜੀ ਨੇ ਰਲ਼ ਕੇ ਬਾਖੂਬੀ ਨਿਭਾਈ।
ਅੰਤ ਤੇ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੇ ਕਵੀਆਂ ਦਾ ਧੰਨਵਾਦ ਕਰਦੇ ਹੋਏ, ਸੋਸਾਇਟੀ ਦੇ ਮੈਗਜ਼ੀਨ ਸਾਂਝੀ ਵਿਰਾਸਤ ਲਈ ਅਤੇ ਵਿਨੀਪੈਗ ਤੋਂ ਆਈ ‘ਨਵ ਸਵੇਰ’ ਪੇਪਰ ਦੀ ਸੰਪਾਦਕ ਨਵਨੀਤ ਕੌਰ ਨੇ ਆਪਣੇ ਪੇਪਰ ਲਈ ਵੀ ਰਚਨਾਵਾਂ ਭੇਜਣ ਦੀ ਸਮੂਹ ਕਵੀ ਸਾਹਿਬਾਨ ਨੂੰ ਬੇਨਤੀ ਕੀਤੀ। ਸਮਾਗਮ ਦੀ ਸਮਾਪਤੀ ਤੇ ਆਨੰਦ ਸਾਹਿਬ, ਅਰਦਾਸ ਅਤੇ ਹੁਕਮਨਾਮੇ ਦੀ ਸੇਵਾ, ਡਾਕਟਰ ਬਲਰਾਜ ਸਿੰਘ ਜੀ ਨੇ ਨਿਭਾਈ।
ਰਿਪੋਰਟ–ਗੁਰਦੀਸ਼ ਕੌਰ ਗਰੇਵਾਲ, ਜਸਵਿੰਦਰ ਸਿੰਘ ਰੁਪਾਲ