ਨਨਕਾਣਾ ਸਾਹਿਬ, 16 ਦਸੰਬਰ (ਜਗਦੀਸ਼ ਸਿੰਘ ਬਮਰਾਹ)-
ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਪੈਦਾ ਕਰਨ ਵਾਲੇ ਮਿਸ਼ਨ ਨੂੰ ਲੈ ਕੇ ਪਾਕਿਸਤਾਨ ਪੁੱਜੇ,ਸਾਈਂ ਮੀਆਂ ਮੀਰ ਫਾਉਂਡੇਸ਼ਨ (ਇੰਟਰਨੈਸ਼ਨਲ) ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਨਾਲ ਪੰਜ ਮੈਂਬਰੀ ਵਫਦ ਦੇ ਰੂਪ ਵਿੱਚ ਡਾਕਟਰ ਮਨਜੀਤ ਸਿੰਘ ਢਿੱਲੋ, ਪ੍ਰੋਫੈਸਰ ਸੁਰਿੰਦਰ ਪਾਲ ਸਿੰਘ ਮੰਡ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਅਤੇ ਪੱਤਰਕਾਰ ਜਗਦੀਸ਼ ਸਿੰਘ ਬਮਰਾਹ ਤੋਂ ਇਲਾਵਾ ਫੈਸਲਾਬਾਦ ਦੇ ਵਸਨੀਕ ਰਾਣਾ ਵਾਜਿਦ ਦੇ ਸ੍ਰੀ ਨਨਕਾਣਾ ਸਾਹਿਬ ਪਹੁੰਚ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ। ਜਨਮ ਅਸਥਾਨ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੇ ਸੰਗਤਾਂ ਨੂੰ ਕਥਾ ਸਰਵਣ ਕਰਵਾਉਂਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਸਿੱਖੀ ਦੇ ਮੁੱਢਲੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੇ ਫਲਸਫੇ ਉਪਰ ਚਾਨਣਾ ਪਾਇਆ। ਜਨਮ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ ਉਸ ਜੰਡ ਦੇ ਰੁੱਖ ਦੇ ਦਰਸ਼ਨ ਕੀਤੇ ਜਿਸ ਨਾਲ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਬੰਨ ਕੇ ਮਹੰਤ ਨਰੈਣੂ ਦੇ ਗੁੰਡਿਆਂ ਨੇ ਜੀਊਂਦਾ ਹੀ ਸਾੜਕੇ ਸ਼ਹੀਦ ਕਰ ਦਿੱਤਾ ਸੀ।ਇਸੇ ਹੀ ਕੰਪਲੈਕਸ ਦੇ ਅੰਦਰ ਇਕ ਹੋਰ ਸਥਾਨ ਜਿੱਥੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਸਮੂਹਿਕ ਤੌਰ ਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ, ਦੇ ਵੀ ਦਰਸ਼ਨ ਕੀਤੇ। ਇਥੇ ਇਹ ਵੀ ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਮਿਲਣ ਵਾਲੇ ਮੁਸਲਮਾਨ ਭਰਾਵਾਂ ਨੇ ਵੀ ਬੜੇ ਚਾਅ ਅਤੇ ਪਿਆਰ ਨਾਲ ਮੇਲ ਮਿਲਾਪ ਕੀਤਾ ਅਤੇ ਸਾਡੇ ਨਾਲ ਤਸਵੀਰਾਂ ਵੀ ਖਿਚਵਾਈਆਂ।
ਫੋਟੋ ਕਪਸ਼ਨ- ਜਨਮ ਅਸਥਾਨ ਦੇ ਬਾਹਰਵਾਰ ਮੁੱਖ ਦੁਆਰ ਕੋਲ ਖੜ੍ਹੇ ਸ੍ਰ ਹਰਭਜਨ ਸਿੰਘ ਬਰਾੜ, ਡਾਕਟਰ ਮਨਜੀਤ ਸਿੰਘ ਢਿੱਲੋ,ਪ੍ਰੋਫੈਸਰ ਸੁਰਿੰਦਰ ਪਾਲ ਸਿੰਘ ਮੰਡ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਜਗਦੀਸ਼ ਸਿੰਘ ਬਮਰਾਹ ਅਤੇ ਸਥਾਨਕ ਲੋਕ।