Headlines

ਉਘੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀਆਂ ਪੁਸਤਕਾਂ ਰਿਲੀਜ਼

ਐਬਸਫੋਰਡ, 18 ਦਸੰਬਰ (ਹਰਦਮ ਮਾਨ)- ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਬੀਤੇ ਸ਼ਨੀਵਾਰ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਕਰਵਾਏ ਇਕ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ ਦੀ ਪੁਸਤਕ ‘ਉਦਾਸੀ ਜਾਗਦੀ ਹੈ’ ਅਤੇ ਹਰੀ ਸਿੰਘ ਤਾਤਲਾ ਦੀ ਪੁਸਤਕ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿਚ ਸਾਹਿਤ ਪ੍ਰੇਮੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਰਿਲੀਜ਼ ਕੀਤੀਆਂ ਗਈਆਂ ਪੁਸਤਕਾਂ ਬਾਰੇ ਸ਼ਾਇਰ ਦਵਿੰਦਰ ਸਿੰਘ ਪੂਨੀਆ ਅਤੇ ਡਾ. ਗੁਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਰਦਿਆਂ ਇਹਨਾਂ ਕਿਤਾਬਾਂ ਦੇ ਸਾਹਿਤ ਜਗਤ ਵਿੱਚ ਸਥਾਨ ਬਾਰੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਵਿਸੇ ਅਤੇ ਕਲਾ ਪੱਖਾਂ ਤੋਂ ਦੋਹਾਂ ਲੇਖਕਾਂ ਦੀਆਂ ਕਿਤਾਬਾਂ ਸ਼ਾਨਦਾਰ ਕਹੀਆਂ ਜਾ ਸਕਦੀਆਂ ਹਨ। ਸੁਰਜੀਤ ਸਿੰਘ ਸਹੋਤਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਹਰਕੀਰਤ ਕੌਰ ਚਾਹਲ, ਸਤਵੰਤ ਕੌਰ ਪੰਧੇਰ, ਜਗਜੀਤ ਸਿੰਘ ਸੰਧੂ, ਕੁਲਦੀਪ ਸਿੰਘ ਸੇਖੋਂ, ਗੁਰਦੇਵ ਸਿੰਘ ਬੁੱਟਰ, ਸੁਖੀ ਰੋਡੇ ਤੇ ਮਾਹੀ ਸਾਹਿਬ ਨੇ ਵੀ ਇਨ੍ਹਾਂ ਪੁਸਤਕਾਂ ਬਾਰੇ ਆਪਣੇ ਵਿਚ ਪ੍ਰਗਟ ਕੀਤੇ। ਇਨ੍ਹਾਂ ਪੁਸਤਕਾਂ ਦੇ ਰਚੇਤਾ ਹਰੀ ਸਿੰਘ ਤਾਤਲਾ ਅਤੇ ਮਹਿਮਾ ਸਿੰਘ ਤੂਰ ਨੇ ਆਪਣੀਆਂ ਕਵਿਤਾਵਾਂ ਦੇ ਸਬੰਧ ਵਿੱਚ ਸਰੋਤਿਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ।

ਸਮਾਗਮ ਦਾ ਸੰਚਾਲਨ ਗੀਤਕਾਰ ਗੁਰਪ੍ਰੀਤ ਸਿੰਘ ਚਾਹਲ ਨੇ ਬਾਖੂਬੀ ਕੀਤਾ। ਸਮਾਗਮ ਵਿਚ ਸਹਿਯੋਗੀ ਵਣਜਾਰਾ ਨੋਮੈਡ ਕਲੈਕਸ਼ਨਜ ਦੇ ਰਾਜ ਸਿੰਘ ਭੰਡਾਲ ਨੇ ਇਸ ਮੌਕੇ ਤੇ  ਲਿਖਾਰੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ, ਹੈਰੀਟੇਜ ਮਿਊਜ਼ੀਅਮ ‘ਚ ਲੱਗੀ ਸਾਊਥ ਏਸ਼ੀਅਨ ਸਟੱਡੀਜ ਵਿਭਾਗ ਦੀ ਇਕ ਪ੍ਰਦਰਸ਼ਨੀ ਵੱਲ ਵਿਸ਼ੇਸ਼ ਧਿਆਨ ਦਿਵਾਇਆ, ਜਿਸ ਵਿੱਚ ‘ਪੰਜਾਬੀ ਸਿੱਖ ਪਤਿਤਪੁਣੇ ਦਾ ਅਭਿਆਸ ਕਰਦੇ ਹਨ’ ਸਤਰਾਂ ਲਿਖੀਆਂ ਹੋਈਆਂ ਸਨ, ਜੋ ਕਿ ਗਲਤ ਅਨੁਵਾਦ ਰਾਹੀਂ ਅਰਥਾਂ ਦੇ ਅਨਰਥ ਕਰ ਰਹੀਆਂ ਸਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਰਮੁਖ ਸਿੰਘ, ਗੁਰਵਿੰਦਰ ਸਿੰਘ ਸੰਧੂ, ਮਲਕੀਤ ਸਿੰਘ ਮੀਲੂ, ਸਾਹਿਤਕਾਰਾਂ ਦੇ ਪਰਿਵਾਰਕ ਮੈਂਬਰ ਅਤੇ ਸਤਿਕਾਰਤ ਸ਼ਖਸੀਅਤਾਂ ਮੌਜੂਦ ਸਨ।

Leave a Reply

Your email address will not be published. Required fields are marked *