ਸਰੀ, 20 ਦਸੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਦੇ ਲੇਖਕ ਮਿੱਤਰਾਂ ਨੇ ਬੀਤੇ ਦਿਨੀਂ ‘ਭਾਰਤੀ ਸਾਹਿਤ ਅਕਾਦਮੀ’ ਅਵਾਰਡ ਹਾਸਲ ਕਰਨ ਵਾਲੇ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ਼ ਸਨਮਾਨੇ ਜਾ ਚੁੱਕੇ ਨਾਮਵਰ ਸ਼ਾਇਰ ਜਸਵਿੰਦਰ ਦਾ ਜਨਮ ਦਿਨ ਮਨਾਇਆ। ਜਸਵਿੰਦਰ ਪਿਛਲੇ ਦਸ ਸਾਲ ਤੋਂ ਸਰੀ (ਕੈਨੇਡਾ) ਵਿਚ ਰਹਿ ਚੁੱਕੇ ਹਨ ਅਤੇ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਹਨ। ਉਨ੍ਹਾਂ ਦੇ ਤਿੰਨ ਗ਼ਜ਼ਲ ਸੰਗ੍ਰਹਿ ‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’ ਛਪ ਚੁੱਕੇ ਹਨ। ‘ਅਗਰਬੱਤੀ’ ਨੂੰ 2014 ਵਿਚ ‘ਭਾਰਤੀ ਸਾਹਿਤ ਅਕਾਦਮੀ’ ਅਵਾਰਡ ਮਿਲ ਚੁੱਕਿਆ ਹੈ।
ਜਸਵਿੰਦਰ ਨੂੰ ਜਨਮ ਦਿਨ ‘ਤੇ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਜਸਵਿੰਦਰ ਦੀ ਸ਼ਾਇਰੀ ਅਸਲ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰੂਹ ਦੀ ਆਵਾਜ਼ ਅਤੇ ਆਮ ਆਦਮੀ ਦੀਆਂ ਸਮੱਸਿਆਵਾਂ, ਦੁੱਖ ਦਰਦ, ਵਲਵਲੇ, ਸਮਾਜਿਕ ਸਰੋਕਾਰ ਅਤੇ ਵਿਸ਼ਵ ਵਰਤਾਰੇ ਦੀ ਖੂਬਸੂਰਤ ਪੇਸ਼ਕਾਰੀ ਹੈ। ਸਰੀ, ਵੈਨਕੂਵਰ ਦੇ ਸਾਹਿਤਕਾਰਾਂ ਅਤੇ ਵਿਸ਼ੇਸ਼ ਕਰ ਕੇ ਸ਼ਾਇਰਾਂ ਨੂੰ ਇਹ ਵਡੇਰਾ ਮਾਣ ਹੈ ਕਿ ਪਿਛਲੇ ਇਕ ਦਹਾਕੇ ਤੋਂ ਉਹ ਸਾਡੇ ਨਾਲ਼ ਵਿਚਰ ਰਹੇ ਹਨ। ਉਨ੍ਹਾਂ ਦੀ ਆਮਦ ਨਾਲ਼ ਇਸ ਖੇਤਰ ਦੀਆਂ ਸਾਹਿਤਕ ਸਰਗਰਮੀਆਂ ਨੂੰ ਵਿਸ਼ੇਸ਼ ਅਤੇ ਉਸਾਰੂ ਹੁਲਾਰਾ ਮਿਲਿਆ ਹੈ।
ਮੋਹਨ ਗਿੱਲ, ਰਾਜਵੰਤ ਰਾਜ, ਹਰਦਮ ਮਾਨ, ਅੰਗਰੇਜ਼ ਬਰਾੜ ਅਤੇ ਪ੍ਰੀਤ ਮਨਪ੍ਰੀਤ ਨੇ ਜਸਵਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਸਵਿੰਦਰ ਦੀ ਸ਼ਾਇਰੀ ਜਿਸ ਤਰ੍ਹਾਂ ਧੁਰ ਅੰਦਰ ਰੂਹ ਤੀਕ ਸਰਸ਼ਾਰ ਕਰ ਜਾਂਦੀ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਮਿਲਾਪੜਾਪਣ ਵੀ ਮੋਹ ਲੈਂਦਾ ਹੈ। ਜਸਵਿੰਦਰ ਨੇ ਦੋਹਾਂ ਮੰਚਾਂ ਦੇ ਲੇਖਕਾਂ ਵੱਲੋਂ ਜਨਮ ਦਿਨ ‘ਤੇ ਮਾਣ ਦੇਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਆਪਣੀ ਸ਼ਾਇਰੀ ਨਾਲ ਮਹਿਫ਼ਿਲ ਮਹਿਕਣ ਲਾ ਦਿੱਤਾ। ਆਪਣੈ ਇਕ ਸ਼ਿਅਰ ਰਾਹੀਂ ਉਸ ਨੇ ਕਿਹਾ-
‘ਮੈਂ ਇਨ੍ਹਾਂ ਬੇਜਾਨ ਸਫ਼ਿਆਂ ‘ਤੇ ਜੋ ਅੱਖਰ ਲਿਖ ਰਿਹਾ ਹਾਂ
ਅਪਣੇ ਜ਼ਿੰਦਾ ਹੋਣ ਦਾ ਪ੍ਰਮਾਣ ਪੱਤਰ ਲਿਖ ਰਿਹਾ ਹਾਂ’