ਸਰੀ, (ਹਰਦਮ ਮਾਨ)-ਰਾਜਬੀਰ ਰਾਜੂ ਕਬੱਡੀ ਕਲੱਬ ਸਰੀ ਕੈਨੇਡਾ ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਖਿਡਾਰੀਆਂ, ਕਬੱਡੀ ਨੂੰ ਪ੍ਰੇਮ ਕਰਨ ਵਾਲਿਆਂ ਅਤੇ ਕਬੱਡੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਸਰੀ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ।
ਕਲੱਬ ਦੇ ਰੂਹੇ-ਰਵਾਂ ਵਿੱਕੀ ਜੌਹਲ ਨੇ ਇਸ ਸਮਾਗਮ ਦੇ ਸ਼ੁਰੂ ਵਿੱਚ ਸਭ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਵਿੱਚ ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਕੰਸਰਵੇਟਿਵ ਐਮ ਐਲ ਏ ਮਨਦੀਪ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਕਲੱਬ ਦੇ ਯਤਨਾਂ ਅਤੇ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਕਲੱਬ ਨੇ ਸਰੀ ਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਕਬੱਡੀ ਖੇਡ ਵੱਲ ਪ੍ਰੇਰਿਤ ਕਰਨ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਕਲੱਬ ਦਾ ਬਹੁਤ ਸ਼ਲਾਘਾਯੋਗ ਯਤਨ ਤੇ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਉਹ ਇਸ ਕਲੱਬ ਦੀਆਂ ਇਸ ਸਰਗਰਮੀਆਂ ਤੋਂ ਬਹੁਤ ਹੀ ਖੁਸ਼ ਹਨ। ਸ. ਧਾਲੀਵਾਲ ਨੇ ਇਹ ਵਾਅਦਾ ਵੀ ਕੀਤਾ ਕਿ ਉਹ ਹਮੇਸ਼ਾ ਇਸ ਕਲੱਬ ਨੂੰ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਹਾਜਰ ਸ਼ਖ਼ਸੀਅਤਾਂ ਨੇ ਮਨੋਰੰਜਨਕ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ। ਇਸ ਪ੍ਰੋਗਰਾਮ ਲਈ ਵਿੱਕੀ ਜੌਹਲ ਤੋਂ ਇਲਾਵਾ ਮਨਜੀਤ ਲਾਲੀ, ਨਿੱਕਾ ਜਵੰਦਾ, ਪਿੰਕਾ ਪੱਡਾ, ਦਲੇਰ ਪੱਡਾ, ਇੰਦਰਜੀਤ ਬੁੱਟਰ, ਸਤਨਾਮ ਪੰਨੂ, ਟੋਨੀ ਸੰਧੂ, ਸੰਨੀ ਦਿਓਲ, ਰਿਕੀ, ਓਂਕਾਰ,ਰਾਜਾ ਸੰਘਾ, ਜੀਵਨ ਦਿਓਲ, ਮਨਮੋਹਣ ਹੀਰ, ਬਲਵੀਰ ਬੈਂਸ ਅਤੇ ਲੱਖਾ ਸਿੱਧਵਾਂ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਲੱਖਾ ਸਿੱਧਵਾਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ। ਇਸ ਮੌਕੇ ਕਲੱਬ ਦੇ ਸਾਰੇ ਖਿਡਾਰੀਆਂ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਕਲੱਬ ਵੱਲੋਂ ਯਾਦਗਾਰੀ ਮੋਮੈਂਟ ਪ੍ਰਦਾਨ ਕੀਤੇ ਗਏ।