Headlines

ਪੰਜਾਬ ਪੁਲਿਸ ਵਲੋਂ ਯੂਪੀ ਦੇ ਪੀਲੀਭੀਤ ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਮੁਕਾਬਲੇ ਵਿਚ ਮਾਰੇ ਜਾਣ ਦਾ ਦਾਅਵਾ

ਪੁਲਿਸ ਮੁਖੀ ਨੇ ਨੌਜਵਾਨਾਂ ਨੂੰ ਖਤਰਨਾਕ ਦਹਿਸ਼ਤਗਰਦ ਤੇ ਥਾਣੇ ਤੇ ਗਰੀਨੇਡ ਹਮਲੇ ਦੇ ਦੋਸ਼ੀ ਦੱਸਿਆ- ਗਰੀਬ ਘਰਾਂ ਨਾਲ ਸਬੰਧਿਤ ਸਨ ਨੌਜਵਾਨ- ਪਰਿਵਾਰਾਂ ਨੇ ਪੁਲਿਸ ਦੇ ਦੋਸ਼ ਨਕਾਰੇ-

ਚੰਡੀਗੜ੍ਹ ( ਦੇ ਪ੍ਰ ਬਿ)-ਪੰਜਾਬ ਪੁਲਿਸ ਨੇ ਜਿਲਾ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਸ਼ੱਕੀ ਦਹਿਸ਼ਗਰਦਾਂ ਨੂੰ ਉਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਯੂੀ ਪੀ ਪੁਲਿਸ ਨਾ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲੀਸ ਦੇ ਡੀਜੀਪ ਗੌਰਵ ਯਾਦਵ ਨੇ ਇਸ ਕਾਰਵਾਈ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮਾਡਿਊਲ ਖ਼ਿਲਾਫ਼ ਪੁਲੀਸ ਦੀ ਇੱਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਪੰਜਾਬ ਪੁਲੀਸ ਨੇ ਦੱਸਿਆ ਹੈ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ਼ ਰਵੀ (23) ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਜੋਂ ਹੋਈ ਹੈ। ਇਹ ਸਾਰੇ ਹੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਰਹਿਣ ਵਾਲੇ ਸਨ ਅਤੇ ਕਲਾਨੌਰ ਦੇ ਬਕਸ਼ੀਵਾਲਾ ਥਾਣੇ ’ਤੇ ਹੋਏ ਗ੍ਰਨੇਡ ਹਮਲੇ ’ਚ ਸ਼ਾਮਲ ਸਨ। ਮ੍ਰਿਤਕਾਂ  ਕੋਲੋਂ ਦੋ ਏਕੇ-47 ਰਾਈਫਲਾਂ, ਦੋ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਹੋਇਆ ਦੱਸਿਆ ਗਿਆ ਹੈ।

ਪੰਜਾਬ ਪੁਲੀਸ ਮੁਖੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਪੋਸਟ ’ਚ ਕਿਹਾ ਹੈ ਕਿ ‘ਪਾਕਿਸਤਾਨ ਦੀ ਸ਼ਹਿ ਹਾਸਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ  ਅਤਿਵਾਦੀ ਮਾਡਿਊਲ ਖਿਲਾਫ ਇੱਕ ਵੱਡੀ ਸਫਲਤਾ  ਯੂਪੀ ਪੁਲੀਸ ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਗਈ ਕਾਰਵਾਈ ਦੌਰਾਨ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਅਤਿਵਾਦੀ ਮਾਡਿਊਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪੁਲੀਸ ਟਿਕਾਣਿਆਂ ’ਤੇ ਹੋਏ ਗ੍ਰਨੇਡ ਹਮਲਿਆਂ ਵਿੱਚ ਸ਼ਾਮਲ ਸੀ।

ਨੌਜਵਾਨਾਂ ਦੇ ਪਰਿਵਾਰਾਂ ਨੇ ਪੁਲਿਸ ਦੇ ਦੋਸ਼ ਨਕਾਰੇ-

ਗੁਰਦਾਸਪੁਰ-ਇਸੇ ਦੌਰਾਨ ਪੀਲੀਭੀਤ ’ਚ ਪੁਲਿਸ ਵਲੋਂ ਮਾਰੇ ਗਏ ਤਿੰਨ ਨੌਜਵਾਨਾਂ ਦੇ ਮਾਪਿਆਂ ਨੇ ਨੌਜਵਾਨਾਂ ’ਤੇ ਲਗਾਏ ਦੋਸ਼ ਨਕਾਰੇ ਹਨ। ਤਿੰਨੇ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਇਲਾਕੇ ਦੇ ਵਸਨੀਕ ਸਨ। ਇਨ੍ਹਾਂ ਵਿੱਚੋਂ ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਕਲਾਨੌਰ ਦੇ ਪਿੰਡ ਰਹੀਮਾਬਾਦ ਦਾ ਰਹਿਣ ਵਾਲਾ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਕਲਾਨੌਰ ਵਿੱਚ ਰਹਿ ਰਿਹਾ ਸੀ। ਗੋਦ ਲਿਆ ਗਿਆ ਗੁਰਵਿੰਦਰ ਸਿੰਘ ਲੁੱਟ-ਖੋਹ ਦੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਅੰਜਾਮ ਦੇ ਚੁੱਕਾ ਸੀ ਤੇ ਉਸ ਖ਼ਿਲਾਫ਼ ਕੁਝ ਕੇਸ ਵੀ ਦਰਜ ਹਨ। ਕੁਝ ਸਾਲ ਪਹਿਲਾਂ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋਣ ਮਗਰੋਂ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ’ਤੇ ਰਿਹਾਅ ਸੀ। ਇਸ ਤੋਂ ਬਾਅਦ ਉਹ ਕਲਾਨੌਰ ’ਚ ਇਕੱਲਾ ਰਹਿਣ ਲੱਗਾ। ਸੂਤਰਾਂ ਨੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਪੀਲੀਭੀਤ ’ਚ ਰਹਿੰਦਾ ਹੈ। ਦੂਜਾ ਨੌਜਵਾਨ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਅਗਵਾਨ ਦਾ ਰਹਿਣ ਵਾਲਾ ਵਰਿੰਦਰ ਸਿੰਘ ਉਰਫ ਰਵੀ (23) ਪੁੱਤਰ ਡਾਕਟਰ ਰਣਜੀਤ ਸਿੰਘ ਸੀ। ਉਸ ਦਾ ਇੱਕ ਭਰਾ ਤੇ ਦੋ ਭੈਣਾਂ ਹਨ। ਗੁਰਵਿੰਦਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਅਜਿਹਾ ਕੰਮ ਨਹੀਂ ਕਰ ਸਕਦਾ। ਤੀਜਾ ਨੌਜਵਾਨ ਥਾਣਾ ਕਲਾਨੌਰ ਦੇ ਸਰਹੱਦੀ ਪਿੰਡ ਨਿੱਕਾ ਸ਼ਹੂਰ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਕੇਵਲ 18 ਸਾਲ ਦਾ  ਹੈ। ਜਸ਼ਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਇੱਕ ਹਫ਼ਤਾ ਪਹਿਲਾਂ ਟਰੱਕ ’ਤੇ ਡਰਾਈਵਰੀ ਕਰਨ ਲਈ ਗਿਆ ਸੀ ਜਦਕਿ ਇਸ ਦੌਰਾਨ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿੱਚ ਧਮਾਕੇ ਹੋਣ ਤੋਂ ਬਾਅਦ ਕੋਈ ਪੁਲੀਸ ਕਰਮਚਾਰੀ ਉਨ੍ਹਾਂ ਦੇ ਘਰ ਨਹੀਂ ਪੁੱਜਾ ਪਰ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਜਸ਼ਨਪ੍ਰੀਤ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਮੁਕਾਬਲੇ ’ਚ ਮਾਰਿਆ ਗਿਆ ਹੈ। ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਤਿੰਨੇ ਨੌਜਵਾਨ ਬਹੁਤ ਹੀ ਗਰੀਬ ਘਰਾਂ ਨਾਲ ਸਬੰਧਿਤ ਹਨ ਤੇ ਉਹਨਾਂ ਦੇ ਅਪਰਾਧਿਕ ਪਿਛੋਕੜ ਤੋਂ ਕਿਤੇ ਵੀ ਇਹ ਨਹੀ ਲੱਗਦਾ ਕਿ ਉਹ ਕਿਸੇ ਖਾਲਿਸਾਤਾਨੀ ਜਥੇਬੰਦੀ ਨਾਲ ਸਬੰਧਿਤ ਸਨ।

Leave a Reply

Your email address will not be published. Required fields are marked *